ਟੋਫੂ ਬਨਾਮ ਨੋ ਮੋਰ ਟੋਫੂ ਉਰਫ਼ ਨੋਟੋ, ਨਵੇਂ ਫੌਂਟ ਪਰਿਵਾਰ ਬਾਰੇ ਜਾਣੋ

ਟੋਫੂ ਬਨਾਮ ਨੋ ਮੋਰ ਟੋਫੂ ਉਰਫ਼ ਨੋਟੋ, ਨਵੇਂ ਫੌਂਟ ਪਰਿਵਾਰ ਬਾਰੇ ਜਾਣੋ

ਕੰਪਿਊਟਰੀ ਜਗਤ ਵਿੱਚ ਟੋਫੂ ਉਸ ਡੱਬੀ ਨੂੰ ਕਿਹਾ ਜਾਂਦਾ ਹੈ ਜੋ ਕਿ ਕੰਪਿਊਟਰ ਜਾਂ ਮੋਬਾਇਲ ਵਿੱਚ ਸਬੰਧਤ ਫੌਂਟ ਉਪਲਬਧ ਨਾ ਹੋਣ ਦੀ ਸੂਰਤ ਵਿੱਚ ਉਸਦੀ ਜਗ੍ਹਾ ‘ਤੇ ਨਜ਼ਰ ਆਉਂਦੀ ਹੈ।  ਮੁੱਖ ਰੂਪ ਵਿੱਚ ਇਹ ਇੱਕ ਖੜ੍ਹਵੀਂ ਆਇਤਾਕਾਰ ਡੱਬੀ ਹੁੰਦੀ ਹੈ ਪਰ ਕੁਝ ਫੌਂਟਾਂ ਵਿੱਚ ਇਹ ਚੌਰਸ ਵੀ ਹੋ ਸਕਦੀ ਹੈ।

ਮੰਨ ਲਓ ਕਿ ਤੁਸੀਂ ਆਪਣੇ ਕੰਪਿਊਟਰ ਵਿੱਚ ਪੰਜਾਬੀ ਵਿੱਚ ਉਪਲਬਧ ਕਿਸੇ ਵੈੱਬਸਾਈਟ ਤੋਂ ਕੁਝ ਪੜ੍ਹਣਾ ਹੈ ਪਰ ਜਦੋਂ ਤੁਸੀਂ ਉਹ ਵੈੱਬਸਾਈਟ ਖੋਲ੍ਹਦੇ ਹੋ ਤਾਂ ਤੁਹਾਡੇ ਕੰਪਿਊਟਰ ਵੱਲੋਂ ਪੰਜਾਬੀ ਨੂੰ ਭਰਵਾਂ ਸਮਰਥਨ ਨਾ ਦੇਣ ਕਾਰਨ ਅਰਥਾਤ ਕੰਪਿਊਟਰ ਵਿੱਚ ਪੰਜਾਬੀ ਫੌਂਟ ਨਾ ਹੋਣ ਕਾਰਨ ਉਸ ਵੈੱਬਸਾਈਟ ‘ਤੇ ਪੰਜਾਬੀ ਅੱਖਰਾਂ ਦੀ ਜਗ੍ਹਾ ‘ਤੇ ਡੱਬੀਆਂ ਨਜ਼ਰ ਆਉਣਗੀਆਂ। ਇਹਨਾਂ ਡੱਬੀਆਂ ਨੂੰ ਹੀ ਟੋਫੂ ਕਹਿੰਦੇ ਹਨ ਤੇ ਮੌਜੂਦਾ ਸਮੇਂ ਇਹ ਪੰਜਾਬੀ ਵਰਤੋਂਕਾਰਾਂ ਸਾਹਮਣੇ ਇਹ ਵੀ ਬੜੀ ਵੱਡੀ ਸਮੱਸਿਆ ਹੈ। ਕਈ ਕੰਪਨੀਆਂ ਵੱਲੋਂ ਆਪਣੇ ਉਪਕਰਨਾਂ ਵਿੱਚ ਪੰਜਾਬੀ ਫੌਂਟ ਨਾ ਭਰਨ ਕਾਰਨ ਟੋਫੂ ਦਿਖਾਈ ਦੇਣ ਲੱਗ ਪੈਂਦੇ ਹਨ।

ਹੁਣ ਟੋਫੂਆਂ ਤੋਂ ਮਿਲੇਗਾ ਨਿਜ਼ਾਤ: ਗੂਗਲ

ਗੂਗਲ ਨੇ ਆਪਣੇ ਇੱਕ ਬਿਆਨ ਵਿੱਚ ਟੋਫੂਆਂ ਤੋਂ ਨਿਜ਼ਾਤ ਦਿਵਾਉਣ ਬਾਰੇ ਕਿਹਾ ਸੀ। ਇਸ ਮਕਸਦ ਤਹਿਤ ਗੂਗਲ ਨੇ ਇੱਕ ਨਵਾਂ ਫੌਂਟ ਪਰਿਵਾਰ ਤਿਆਰ ਕੀਤਾ ਹੈ ਜਿਸ ਵਿੱਚ ਸੰਸਾਰ ਦੀਆਂ ਸਾਰੀਆਂ ਲਿਪੀਆਂ, ਚਾਹੇ ਉਹ ਮਰ ਚੁੱਕੀਆਂ ਹੋਣ ਜਾਂ ਜ਼ਿੰਦਾ ਹੋਣ, ਸਭ ਨੂੰ ਭਰਵਾਂ ਸਮਰਥਨ ਕਰੇਗਾ। ਇਸ ਫੌਂਟ ਪਰਿਵਾਰ ਦਾ ਨਾਂਅ ਹੈ – ਨੋਟੋ

ਨੋਟੋ

noto_glyphs

ਨੋਟੋ ਨਾਂਅ ਅੰਗਰੇਜ਼ੀ ਵਾਕੰਸ਼ ਨੋ ਮੋਰ ਟੋਫੂ (no more tofu) ਤੋਂ ਬਣਿਆ ਹੈ ਜਿਸਦਾ ਮਤਲਬ ਹੈ ਕਿ ਇਹ ਫੌਂਟ ਪਰਿਵਾਰ ਟੋਫੂਆਂ ਤੋਂ ਨਿਜ਼ਾਤ ਦਿਵਾਉਣ ਲਈ ਬਣਾਇਆ ਗਿਆ ਹੈ। ਇਸ ਫੌਂਟ ਪਰਿਵਾਰ ਵਿੱਚ ਹਰ ਲਿਪੀ ਦੇ ਫੌਂਟ ਉਪਲਬਧ ਹਨ; ਜਿਵੇਂ ਗੁਰਮੁਖੀ, ਦੇਵਨਾਗਰੀ, ਬੰਗਾਲੀ, ਗੁਜਰਾਤੀ, ਬ੍ਰਹਮੀ, ਲਾਤੀਨੀ, ਯੂਨਾਨੀ, ਆਦਿ। ਇਹ ਫੌਂਟ ਪਰਿਵਾਰ ਖੁੱਲ੍ਹੇ ਸਰੋਤ ਵਾਲਾ ਹੈ ਤੇ ਇਸ ਦੀ ਵਰਤੋਂ ਕਿਤੇ ਵੀ ਕੀਤੀ ਜਾ ਸਕਦੀ ਹੈ।

ਗੂਗਲ ਮੁਤਾਬਿਕ ਇਹ ਪ੍ਰੋਜੈਕਟ ਪੰਜ ਸਾਲਾਂ ਦੀ ਕਰੜੀ ਮਿਹਨਤ ਦਾ ਹੀ ਨਤੀਜਾ ਹੈ। ਜਿੱਥੇ ਇਸ ਪ੍ਰੋਜੈਕਟ ਨੂੰ ਸਿਰੇ ਚਾੜ੍ਹਣ ਵਿੱਚ ਫੌਂਟ ਘਾੜਿਆਂ ਨੇ ਮਿਹਨਤ ਕੀਤੀ ਹੈ ਉੱਥੇ ਹੀ ਸਬੰਧਤ ਲਿਪੀ ਦੇ ਮੂਲ ਨਿਵਾਸੀਆਂ ਨੇ ਵੀ ਕਾਫ਼ੀ ਮਦਦ ਕੀਤੀ ਹੈ।
ਗੂਗਲ ਦੇ ਐਂਡਰਾਇਡ ਫ਼ੋਨਾਂ ਵਿੱਚ ਵੀ ਇਹ ਫੌਂਟ ਵਰਤਣ ਨੂੰ ਪਹਿਲ ਦਿੱਤੀ ਜਾਂਦੀ ਹੈ ਜਿਸ ਸਦਕਾ ਹੁਣ ਕਿਸੇ ਵੀ ਐਂਡਰਾਇਡ ਫ਼ੋਨ ਜਾਂ ਕਿਸੇ ਹੋਰ ਗੂਗਲ ਉਤਪਾਦ ਵਿੱਚ ਕੋਈ ਟੋਫੂ ਨਜ਼ਰ ਨਹੀਂ ਆਵੇਗਾ। ਇਸ ਤਰ੍ਹਾਂ ਇਹ ਫੌਂਟ ਸਾਰੀਆਂ ਲਿਪੀਆਂ ‘ਚ ਲਿਖੀ ਸਮੱਗਰੀ ਨੂੰ ਠੀਕ ਤਰ੍ਹਾਂ ਦਿਖਾਉਣ ਦੇ ਵੀ ਸਮਰੱਥ ਹੋਣਗੇ। ਬੱਸ ਹੁਣ ਉਡੀਕ ਹੈ ਉਸ ਪਲ ਦੀ ਜਦੋਂ ਸਾਰੇ ਉਪਕਰਨ ਪੰਜਾਬੀ ਨੂੰ ਵੀ ਭਰਵਾਂ ਸਮਰਥਨ ਦੇਣ ਅਤੇ ਫਿਰ ਕਿਸੇ ਵੀ ਪੰਜਾਬੀ ਵਰਤੋਂਕਾਰ ਨੂੰ ਤਕਨੀਕੀ ਉਪਕਰਨਾਂ ‘ਤੇ ਪੰਜਾਬੀ ਪੜ੍ਹਣ ਵਿੱਚ ਕੋਈ ਸਮੱਸਿਆ ਨਾ ਆਏ।

ਜੇਕਰ ਤੁਸੀਂ ਇਹ ਫੌਂਟ ਡਾਊਨਲੋਡ ਕਰਨ ਦੇ ਚਾਹਵਾਨ ਹੋ ਤਾਂ ਹੇਠਾਂ ਦਿੱਤੀ ਕੜੀ ਤੋਂ ਡਾਊਨਲੋਡ ਕਰ ਸਕਦੇ ਹੋ ਅਤੇ ਕੋਈ ਵਿਚਾਰ-ਚਰਚਾ ਕਰਨੀ ਹੋਵੇ ਤਾਂ ਹੇਠਾਂ ਟਿੱਪਣੀਆਂ ਵਾਲੇ ਭਾਗ ਵਿੱਚ ਤੁਹਾਡਾ ਦਿਲੋਂ ਸੁਆਗਤ ਹੈ।

ਡਾਊਨਲੋਡ ਕਰੋ


ਕੋਈ ਅੱਖਰੀ ਭੁੱਲ ਜਾਂ ਗਲਤੀ ਹੈ? ਸਾਨੂੰ ਦੱਸੋ।

ਲੋਕਲ ਡਿਸਕ (C), (D) ਤੇ (E);  ਫਿਰ (A) ਤੇ (B) ਕਿੱਥੇ ਨੇ? ਜਾਣੋ ਇਸਦਾ ਰਹੱਸ!

ਲੋਕਲ ਡਿਸਕ (C), (D) ਤੇ (E);  ਫਿਰ (A) ਤੇ (B) ਕਿੱਥੇ ਨੇ? ਜਾਣੋ ਇਸਦਾ ਰਹੱਸ!

ਭਾਰਤ ਵਿੱਚ ਕੰਪਿਊਟਰ ਆਏ ਨੂੰ ਇੱਕ-ਡੇਢ ਦਹਾਕਾ ਹੋ ਗਿਆ ਹੈ। ਪਹਿਲਾਂ-ਪਹਿਲ ਤਾਂ ਇਸਦੀ ਵਰਤੋਂ ਕੇਵਲ ਵੱਡੀਆਂ ਕੰਪਨੀਆਂ ਤੇ ਉੱਚ ਘਰਾਣਿਆਂ ਵੱਲੋਂ ਹੀ ਕੀਤੀ ਜਾਂਦੀ ਸੀ ਪਰ ਅੱਜ-ਕੱਲ੍ਹ ਹਰ ਕੰਪਨੀ, ਸਿੱਖਿਅਕ ਅਦਾਰੇ, ਹਸਪਤਾਲਾਂ, ਆਦਿ ਵਿੱਚ ਇਸਦੀ ਵਰਤੋਂ ਆਮ ਹੀ ਹੋ ਰਹੀ ਹੈ। ਭਾਰਤ ਦੇ ਮੱਧ ਵਰਗ ਦੇ ਪਰਿਵਾਰਾਂ ਵਿੱਚ ਵੀ ਕੰਪਿਊਟਰ ਨੇ ਆਪਣੀ ਜਗ੍ਹਾ ਬਣਾ ਲਈ ਹੈ। ਭਾਵੇਂ ਕੰਪਿਊਟਰ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ ਪਰ ਫਿਰ ਕਈ ਅਜਿਹੀਆਂ ਨਿੱਕੀਆਂ-ਮੋਟੀਆਂ ਚੀਜ਼ਾਂ ਹਨ ਜਿਨ੍ਹਾਂ ਵੱਲ ਲੋਕ ਘੱਟ ਹੀ ਧਿਆਨ ਦਿੰਦੇ ਹਨ। ਉਨ੍ਹਾਂ ‘ਚੋਂ ਇੱਕ ਚੀਜ਼ ਹੈ ਕੰਪਿਊਟਰ ਦੀਆਂ ਲੋਕਲ ਡਿਸਕਾਂ ਦਾ ਨਾਮਕਰਨ!

ਕੀ ਤੁਸੀਂ ਕਦੇ ਇਸ ਵੱਲ ਧਿਆਨ ਦਿੱਤਾ ਹੈ?

capture2

ਕੰਪਿਊਟਰ ਵਰਤਣ ਵਾਲੇ ਜਾਣਦੇ ਹਨ ਕਿ ਲੋਕਲ ਡਿਸਕ (C); ਹੀ ਮੂਲ ਡਿਸਕ (ਸਿਸਟਮ ਡਿਸਕ) ਹੁੰਦੀ ਹੈ। ਫਿਰ ਸਵਾਲ ਖੜ੍ਹਾ ਹੁੰਦਾ ਹੈ ਕਿ ਏ (A) ਅਤੇ ਬੀ (B) ਕਿੱਥੇ ਗਏ? ਇਹਨਾਂ ਨੂੰ ਮੂਲ ਡਿਸਕ ਕਿਉਂ ਨਹੀਂ ਬਣਾਇਆ ਗਿਆ? ਇਸਦਾ ਕੀ ਕਾਰਨ ਹੈ?

ਇਹ ਵੀ ਦੇਖੋ:  ਬਿਨਾਂ ਆਈਕਨ ਦੇ ਫੋਲਡਰ ਬਣਾਉਣਾ ਸਿੱਖੋ

1192285.png

ਸਾਰੇ ਸਵਾਲਾਂ ਦਾ ਇਹ ਹੈ ਜਵਾਬ

ਹਾਰਡ ਡਿਸਕ ਜਾਂ ਸਖ਼ਤ ਤਵਿਆਂ ਦੀ ਸ਼ੁਰੂਆਤ 1980 ਵਿੱਚ ਸ਼ੁਰੂ ਹੋਈ ਸੀ। ਇਸ ਤੋਂ ਪਹਿਲਾ ਫਲੌਪੀ ਡਿਸਕਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਫਲੌਪੀ ਡਿਸਕਾਂ ਦੋ ਆਕਾਰਾਂ ਵਿੱਚ ਉਪਲਬਧ ਸਨ –  5¼” ਤੇ 3½”। ਇਹਨਾਂ ਨੂੰ ਕ੍ਰਮਵਾਰ ਲੋਕਲ ਡਿਸਕ (ਏ) ਅਤੇ ਲੋਕਲ ਡਿਸਕ (ਬੀ) ਕਿਹਾ ਜਾਂਦਾ ਸੀ।

ਇਹ ਵੀ ਦੇਖੋ:  ਖੁੱਲ੍ਹਾ ਸਰੋਤ ਬਨਾਮ ਬੰਦ ਸਰੋਤ ਸਾਫ਼ਟਵੇਅਰ

ਫਿਰ ਹਾਰਡ ਡਿਸਕ ਆਉਣ ‘ਤੇ ਉਸਦਾ ਨਾਂਅ ਲੋਕਲ ਡਿਸਕ (ਸੀ) ਇਸ ਕਰਕੇ ਰੱਖਿਆ ਗਿਆ ਤਾਂ ਜੋ ਲੋਕਾਂ ਨੂੰ ਇਸ ਬਾਰੇ ਕੋਈ ਭੁਲੇਖਾ ਨਾ ਪੈ ਜਾਵੇ। ਇਸ ਤਰ੍ਹਾਂ ਸਿਸਟਮ ਡ੍ਰਾਈਵ ਲਈ ਲੋਕਲ ਡਿਸਕ (ਸੀ) ਵਰਤਿਆ ਜਾਣ ਲੱਗਿਆ। ਇਸ ਤੋਂ ਇਲਾਵਾ ਡੀ (D), ਈ (E) ਤੇ ਐੱਫ਼ (F) ਨਾਂਅ ਦੀਆਂ ਨਿੱਜੀ ਡ੍ਰਾਈਵਾਂ ਹੁੰਦੀਆਂ ਹਨ ਅਤੇ ਡੀ.ਵੀ.ਡੀ ਤੇ ਯੂ.ਐੱਸ.ਬੀ ਲਈ ਜੀ (G), ਐੱਚ (H), ਆਈ (I), ਆਦਿ ਦੀ ਵਰਤੋਂ ਕੀਤੀ ਜਾਂਦੀ ਹੈ।

ਜੇਕਰ ਕੋਈ ਵਰਤੋਂਕਾਰ “ਸੀ” ਡ੍ਰਾਈਵ ਦਾ ਨਾਂਅ ਬਦਲ ਕੇ “ਏ” ਜਾਂ “ਬੀ” ਰੱਖਣਾ ਚਾਹੁੰਦਾ ਹੈ ਤਾਂ ਰੱਖ ਸਕਦਾ ਹੈ ਪਰ ਸ਼ਰਤ ਇਹ ਹੈ ਕਿ ਤੁਹਾਡੇ ਕੋਲ ਅਜਿਹਾ ਕਰਨ ਲਈ ਵਿੰਡੋਜ਼ ਦੇ ਪ੍ਰਸ਼ਾਸਕੀ ਅਧਿਕਾਰ ਹੋਣੇ ਚਾਹੀਦੇ ਹਨ।


ਕੋਈ ਅੱਖਰੀ ਭੁੱਲ ਜਾਂ ਗਲਤੀ ਹੈ? ਸਾਨੂੰ ਦੱਸੋ।

ਖੁੱਲ੍ਹਾ ਸਰੋਤ ਬਨਾਮ ਬੰਦ ਸਰੋਤ ਸਾਫ਼ਟਵੇਅਰ

ਖੁੱਲ੍ਹਾ ਸਰੋਤ ਬਨਾਮ ਬੰਦ ਸਰੋਤ ਸਾਫ਼ਟਵੇਅਰ

open vs closed

ਸਤਿ ਸ਼੍ਰੀ ਅਕਾਲ ਸਾਰੇ ਪਾਠਕਾਂ ਨੂੰ। ਸਾਫ਼ਟਵੇਅਰ ਬਾਰੇ ਤਾਂ ਮੈਂ ਆਪਣੀ ਪਿਛਲੀ ਸੰਪਾਦਨਾ(ਪੋਸਟ) ਵਿੱਚ ਜਾਣਕਾਰੀ ਸਾਂਝੀ ਕੀਤੀ ਸੀ ਅਤੇ ਥੋੜ੍ਹਾ ਜਿਹਾ ਉਨ੍ਹਾਂ ਦੀਆਂ ਕਿਸਮਾਂ ਦਾ ਜ਼ਿਕਰ ਵੀ ਨਾਲ ਹੀ ਕਰ ਦਿੱਤਾ ਸੀ। ਪਰ ਸਾਫ਼ਟਵੇਅਰਾਂ ਦੀ ਵੰਡ ਅੱਗੋਂ ਹੋਰ ਵੀ ਕਈ ਵੱਖਰੇ-ਵੱਖਰੇ ਢੰਗਾਂ ਨਾਲ ਕੀਤੀ ਗਈ ਹੈ। ਇਸ ਲਈ ਇਸ ਸੰਪਾਦਨਾ ਵਿੱਚ ਮੈਂ ਖੁੱਲੇ ਤੇ ਬੰਦ ਸਰੋਤ ਕਿਸਮ ਅਨੁਸਾਰ ਉਨ੍ਹਾਂ ਬਾਰੇ ਜਾਣਕਾਰੀ ਦੇਵਾਂਗਾ ਅਤੇ ਉਨ੍ਹਾਂ ਦੇ ਚੰਗੇ-ਮਾੜੇ ਗੁਣਾਂ ਦਾ ਜ਼ਿਕਰ ਵੀ ਜ਼ਰੂਰ ਕੀਤਾ ਜਾਵੇਗਾ। ਉਂਝ ਇਹ ਵੰਡ ਸਾਫ਼ਟਵੇਅਰਾਂ ਦੀ ਲਸੰਸ ਮੁਤਾਬਿਕ ਹੁੰਦੀ ਹੈ। ਖੁੱਲੇ ਸਰੋਤ ਨੂੰ ਅੰਗਰੇਜ਼ੀ ਵਿੱਚ ਓਪਨ ਸੋਰਸ ਅਤੇ ਬੰਦ ਸਰੋਤ ਸਾਫ਼ਟਵੇਅਰਾਂ ਨੂੰ ਕਲੋਸਡ ਸੋਰਸ ਜਾਂ ਪ੍ਰੋਪ੍ਰਾਇਟਰੀ ਭਾਵ ਮਾਲਕਾਨਾ ਸਾਫ਼ਟਵੇਅਰ ਆਖਿਆ ਜਾਂਦਾ ਹੈ।

ਇਹ ਵੀ ਦੇਖੋ:  ਸਾਫ਼ਟਵੇਅਰ ਕੀ ਹੁੰਦੇ ਹਨ?

ਖੁੱਲ੍ਹਾ ਸਰੋਤ ਸਾਫ਼ਟਵੇਅਰ

ਖੁੱਲ੍ਹਾ ਸਰੋਤ ਸਾਫ਼ਟਵੇਅਰ ਉਹ ਸਾਫ਼ਟਵੇਅਰ ਹੁੰਦੇ ਹਨ ਜਿਨ੍ਹਾਂ ਦਾ ਸਰੋਤ ਕੋਡ ਕੋਈ ਵੀ ਵਰਤ ਅਤੇ ਬਦਲ ਸਕਦਾ ਹੈ। ਇਸ ਕਿਸਮ ਦੇ ਸਾਫ਼ਟਵੇਅਰਾਂ ਦੀ ਕਾਰਜ-ਪ੍ਰਣਾਲੀ ਵਿੱਚ ਪਾਰਦਰਸ਼ਤਾ ਵੀ ਬਣੀ ਰਹਿੰਦੀ ਹੈ। ਕੋਈ ਵੀ ਵਿਕਾਸਕਾਰ (ਡਿਵਲਪਰ) ਜਾਂ ਆਦੇਸ਼ਕਾਰ (ਪ੍ਰੋਗਰਾਮਰ) ਜੋ ਕਿ ਪ੍ਰੋਗਰਾਮਿੰਗ ਦੀ ਜਾਣਕਾਰੀ ਰੱਖਦਾ ਹੈ ਇਸ ਤਰ੍ਹਾਂ ਦੇ ਸਾਫ਼ਟਵੇਅਰਾਂ ਦੇ ਸਰੋਤ ਕੋਡ ਵਿੱਚ ਸੋਧ ਕਰਕੇ ਉਨ੍ਹਾਂ ਨੂੰ ਹੋਰ ਬਿਹਤਰ ਬਣਾ ਸਕਦਾ ਹੈ। ਇਸ ਤੋਂ ਇਲਾਵਾ ਖੁੱਲੇ ਸਰੋਤ ਵਾਲੇ ਜ਼ਿਆਦਾਤਰ ਸਾਫ਼ਟਵੇਅਰ ਮੁਫ਼ਤ ਹੁੰਦੇ ਹਨ। ਅਜਿਹੇ ਸਾਫ਼ਟਵੇਅਰਾਂ ਨੂੰ ਸੋਧਣ ਤੇ ਵੰਡਣ ਦੀ ਪੂਰੀ ਖੁੱਲ੍ਹ ਹੁੰਦੀ ਹੈ। ਖੁੱਲ੍ਹੇ ਸਰੋਤ ਵਾਲੇ ਸਾਫ਼ਟਵੇਅਰਾਂ ਦੀਆਂ ਮੁੱਖ ਉਦਹਾਰਣਾਂ – ਐਂਡਰੌਇਡ, ਲੀਨਕਸ, ਗਿੰਪ, ਕ੍ਰਿਤਾ, ਡਰੂਪਲ, ਲਿਬਰ-ਆਫਿਸ, ਬਲੈਂਡਰ, ਪੈਂਸਿਲ 2-ਡੀ, ਆਦਿ ਹਨ।

ਫਾਈਦੇ
  • ਜ਼ਿਆਦਾਤਰ ਮੁਫ਼ਤ ਹੁੰਦੇ ਹਨ।
  • ਕੋਈ ਵੀ ਵਰਤੋਂਕਾਰ ਇਸ ਵਿੱਚ ਸੁਧਾਰ ਕਰਕੇ ਇਸਨੂੰ ਬਿਹਤਰ ਬਣਾ ਸਕਦਾ ਹੈ।
  • ਵਿਦਿਆਰਥੀ ਵੀ ਇਸਦੇ ਸਰੋਤ ਕੋਡ ਰਾਹੀਂ ਪ੍ਰੋਗਰਾਮਿੰਗ ਬਿਹਤਰ ਢੰਗ ਨਾਲ ਸਿੱਖ ਸਕਦੇ ਹਨ।
  • ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਇਸ ਵਿੱਚ ਸੁਧਾਰ ਆਉਂਦਾ ਰਹਿੰਦਾ ਹੈ।
ਨੁਕਸਾਨ
  • ਕਈ ਸਾਫ਼ਟਵੇਅਰ ਆਮ ਹੀ ਹੈਂਗ ਹੋ ਜਾਂਦੇ ਹਨ।
  • ਇਹਨਾਂ ਸਾਫ਼ਟਵੇਅਰਾਂ ‘ਤੇ ਕੰਮ ਕਰਨ ਵਾਲੇ ਕਈ ਵਾਰ ਕਿਸੇ ਨਵੇਂ ਪ੍ਰੋਜੈਕਟ ਦੇ ਚੱਲਣ ‘ਤੇ ਪੁਰਾਣੇ ਨੂੰ ਛੱਡ ਜਾਂਦੇ ਹਨ ਜਿਸ ਕਾਰਨ ਕਈ ਵਾਰ ਪ੍ਰੋਜੈਕਟ ਥੋੜ੍ਹਾ ਸਮਾਂ ਚੱਲ ਕੇ ਫਿਰ ਰੁਕ ਜਾਂਦਾ ਹੈ ਮਤਲਬ ਪ੍ਰੋਜੈਕਟ ਅਧੂਰੇ ਰਹਿ ਜਾਂਦੇ ਹਨ।
  • ਬਹੁਤੀ ਵਾਰ ਵਰਤੋਂਕਾਰਾਂ ਨੂੰ ਕਿਸੇ ਵੀ ਸਮੱਸਿਆ ਸਬੰਧੀ ਕੋਈ ਮਦਦ ਨਹੀਂ ਮਿਲਦੀ। ਸਾਫ਼ਟਵੇਅਰ ਚੱਲਣ ਜਾਂ ਨਾ ਚੱਲਣ ਬਾਰੇ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ।

ਇਹ ਵੀ ਦੇਖੋ:  ਪ੍ਰੋਗਰਾਮਿੰਗ ਭਾਸ਼ਾ ਬਾਰੇ ਜਾਣੋ

ਬੰਦ ਸਰੋਤ ਸਾਫ਼ਟਵੇਅਰ

ਬੰਦ ਸਰੋਤ ਸਾਫ਼ਟਵੇਅਰ ਉਹ ਹੁੰਦੇ ਹਨ ਜਿਨ੍ਹਾਂ ਦਾ ਸਰੋਤ ਕੋਡ ਸਿਰਫ਼ ਨਿਰਮਾਣਕਰਤਾ ਕੰਪਨੀ, ਵਿਅਕਤੀ ਜਾਂ ਕਿਸੇ ਵਿਅਕਤੀ-ਸਮੂਹ ਕੋਲ ਹੁੰਦਾ ਹੈ। ਇਸ ਤਰ੍ਹਾਂ ਦੇ ਸਾਫ਼ਟਵੇਅਰਾਂ ਨੂੰ ਸੋਧਣ ਅਤੇ ਵੰਡਣ ਦਾ ਹੱਕ  ਸਿਰਫ਼ ਇਹਨਾਂ ਕੋਲ ਹੀ ਹੁੰਦਾ ਹੈ। ਕੋਈ ਬਾਹਰੀ ਬੰਦਾ ਕੰਪਨੀ ਦੀ ਇਜਾਜ਼ਤ ਤੋਂ ਬਿਨ੍ਹਾਂ ਇਨ੍ਹਾਂ ਸਾਫ਼ਟਵੇਅਰਾਂ ਨੂੰ ਸੋਧ ਅਤੇ ਵੰਡ ਨਹੀਂ ਸਕਦਾ। ਜੇਕਰ ਕੋਈ ਇਹਨਾਂ ਗੱਲਾਂ ਦਾ ਉਲੰਘਣ ਕਰਦਾ ਹੈ ਤਾਂ ਉਸ ਸਰੋਤ ਕੋਡ ਦਾ ਮਾਲਕ ਉਸ ਵਿਅਕਤੀ ਉੱਪਰ ਕੇਸ ਕਰ ਸਕਦਾ ਹੈ ਜਾਂ ਫਿਰ ਜੁਰਮਾਨਾ ਵੀ ਲਗਾ ਸਕਦਾ ਹੈ। ਇਸ ਤਰ੍ਹਾਂ ਦੇ ਸਾਫ਼ਟਵੇਅਰਾਂ ਦੀਆਂ ਉਦਹਾਰਣਾਂ – ਆਈਫ਼ੋਨ ਵਿੱਚ ਵਰਤਿਆ ਜਾ ਰਿਹਾ ਆਈ.ਓ.ਐਸ, ਮਾਈਕ੍ਰੋਸਾਫ਼ਟ ਵਿੰਡੋਜ਼, ਓ.ਐਸ.ਐਕਸ, ਅਡੋਬ ਫੋਟੋਸ਼ਾਪ, ਆਈ.ਟਿਊਨਜ਼, ਵਿੱਨ-ਆਰ.ਏ.ਆਰ, ਸਕਾਈਪ ਆਦਿ।

ਫਾਈਦੇ
  • ਇਹਨਾਂ ਦੀ ਕਾਰਗੁਜ਼ਾਰੀ ਕਾਫ਼ੀ ਬਿਹਤਰ ਹੁੰਦੀ ਹੈ।
  • ਇਹਨਾਂ ‘ਚ ਖਰਾਬੀ ਆਉਣ ‘ਤੇ ਕੰਪਨੀ ਇਸ ਸਬੰਧੀ ਜ਼ਿੰਮੇਵਾਰੀ ਲੈਂਦੀ ਹੈ ਅਤੇ ਲਸੰਸ ਮੁਤਾਬਿਕ ਇਸਨੂੰ ਠੀਕ ਵੀ ਕਰਦੀ ਹੈ।
  • ਇਹ ਹੈਂਗ ਵੀ ਬਹੁਤ ਘੱਟ ਹੁੰਦੇ ਹਨ ਕਿਉਂਕਿ ਕੰਪਨੀ ਇਹਨਾਂ ਸਾਫ਼ਟਵੇਅਰਾਂ ਦੀ ਪੂਰੀ ਪਰਖ ਕਰਕੇ ਹੀ ਇਨ੍ਹਾਂ ਨੂੰ ਬਜ਼ਾਰ ਵਿੱਚ ਉਤਾਰਦੀ ਹੈ। ਜੇਕਰ ਫਿਰ ਵੀ ਕੋਈ ਖਾਮੀ ਰਹਿ ਜਾਵੇ ਤਾਂ ਕੰਪਨੀ ਵੱਲੋਂ ਵੱਖਰੇ ਪੈਚ (ਸੁਰੱਖਿਆ ਟਾਕੀਆਂ) ਵੀ ਉਪਲਬਧ ਕਰਵਾਏ ਜਾਂਦੇ ਹਨ।
ਨੁਕਸਾਨ
  • ਵਰਤੋਂਕਾਰ ਇਸਦੇ ਸਰੋਤ ਕੋਡ ਤੋਂ ਅਣਜਾਣ ਹੁੰਦੇ ਹਨ। ਉਨ੍ਹਾਂ ਨੂੰ ਸਾਫ਼ਟਵੇਅਰ ਦੀ ਕਾਰਜ-ਪ੍ਰਣਾਲੀ ਬਾਰੇ ਵੀ ਪੂਰਾ ਨਹੀਂ ਦੱਸਿਆ ਜਾਂਦਾ।
  • ਜ਼ਿਆਦਾਤਰ ਸਾਫ਼ਟਵੇਅਰ ਮੁੱਲ ਦੇ ਹੁੰਦੇ ਹਨ ਪਰ ਕਈ ਮੁਫ਼ਤ ਵੀ ਮਿਲ ਜਾਂਦੇ ਹਨ।

ਇਹ ਵੀ ਦੇਖੋ:  ਪੈਂਤੀ – ਪੰਜਾਬੀ ਯੂਨੀਕੋਡ ਫੌਂਟ

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਦੋਵੇਂ ਕਿਸਮਾਂ ਦੇ ਆਪਣੇ-ਆਪਣੇ ਫਾਈਦੇ ਤੇ ਨੁਕਸਾਨ ਹਨ ਤੇ ਦੋਵੇਂ ਕਿਸਮ ਦੇ ਸਾਫ਼ਟਵੇਅਰਾਂ ਦੀ ਵਰਤੋਂ ਵਰਤੋਂਕਾਰ ਦੀਆਂ ਲੋੜ੍ਹਾਂ ਉੱਪਰ ਨਿਰਭਰ ਕਰਦੀ ਹੈ। ਜੇਕਰ ਕਿਸੇ ਨੇ ਸਿੱਖਣ ਲਈ ਸਾਫ਼ਟਵੇਅਰਾਂ ਦੀ ਵਰਤੋਂ ਕਰਨੀ ਹੈ ਤਾਂ ਉਹ ਖੁੱਲ੍ਹੇ ਸਰੋਤ ਵਾਲੇ ਪਹਿਲਾਂ ਵਰਤ ਕੇ ਦੇਖੇ ਅਤੇ ਜੋ ਕਿੱਤਾਕਾਰੀ ਹਨ ਉਹਨਾਂ ਲਈ ਬੰਦ ਸਰੋਤ ਵਾਲੇ ਬਿਹਤਰ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਨੇ ਆਪਣਾ ਕੰਮ ਤੇਜ਼ ਗਤੀ ਅਤੇ ਪੂਰੀ ਗੁਣਵੱਤਾ ਨਾਲ ਕਰਨਾ ਹੁੰਦਾ ਹੈ। ਬਾਕੀ ਇਸ ਸਬੰਧੀ ਹੋਰ ਜਾਣਨ ਜਾਂ ਵਿਚਾਰ-ਚਰਚਾ ਲਈ ਹੇਠਾਂ ਤੁਸੀਂ ਟਿੱਪਣੀ ਵੀ ਕਰ ਸਕਦੇ ਹੋ।

ਕੋਹਾਰਵਾਲਾ – ਹੱਥ-ਲਿਖਤ ਪੰਜਾਬੀ ਫੌਂਟ

ਕੋਹਾਰਵਾਲਾ – ਹੱਥ-ਲਿਖਤ ਪੰਜਾਬੀ ਫੌਂਟ

‘ਕੋਹਾਰਵਾਲਾ’ ਬਿਲਕੁੱਲ ਹੀ ਨਵੇਂ ਪੰਜਾਬੀ ਫੌਂਟ ਹਨ। ਇਹ ਫੌਂਟ ਹੱਥ-ਲਿਖਤ ਫੌਂਟਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਅਤੇ ਯੂਨੀਕੋਡ ਆਧਾਰਿਤ ਹਨ। ਇਹ ਫੌਂਟ ਦੋ ਰੂਪਾਂ ਵਿੱਚ ਜਾਰੀ ਕੀਤੇ ਗਏ ਹਨ –   ਸਧਾਰਨ ਅਤੇ ਫੋਨੈਟਿਕ ਭਾਵ ਧੁਨਾਤਮਿਕ। ਸਾਧਾਰਨ ਫੌਂਟ ਯੂਨੀਕੋਡ ਆਧਾਰਿਤ ਹਨ ਅਤੇ ਫੋਨੈਟਿਕ ਫੌਂਟ ਕੇਵਲ ਕੁਝ ਸਾਫ਼ਟਵੇਅਰਾਂ ਦੇ ਯੂਨੀਕੋਡ ਸਹਿਯੋਗੀ ਨਾ ਹੋਣ ਕਾਰਨ ਡਾਊਨਲੋਡ ਕੀਤੇ ਜਾਣ ਵਾਲੇ ਪੈਕ ਵਿੱਚ ਸ਼ਾਮਿਲ ਕੀਤੇ ਗਏ ਹਨ। ਇਹਨਾਂ ਫੌਂਟਾਂ ਦੀ ਬਾਕੀ ਵਿਸ਼ੇਸ਼ਤਾ, ਝਲਕ ਅਤੇ ਡਾਊਨਲੋਡ ਕੜੀਆਂ ਹੇਠਾਂ ਉਪਲਬਧ ਕਰਵਾਈਆਂ ਗਈਆਂ ਹਨ।

ਵਿਸ਼ੇਸ਼ਤਾ

  • ਇਹ ਹੱਥ-ਲਿਖਤ ਫੌਂਟ ਹਨ।
  • ਇਸ ਪੈਕ ਦੇ Koharwala Uni.ttf ਫੌਂਟ  ‘ਚ ਲਿਖਿਆ ਮੈਟਰ  ਦੂਜੇ ਕੰਪਿਊਟਰਾਂ ਵਿੱਚ ਜਾ ਕੇ ਬਦਲਦਾ ਨਹੀਂ ਮਤਲਬ ਕਿ ਇਹ ਫੌਂਟ ਯੂਨੀਕੋਡ ਸਹਿਯੋਗੀ ਹੈ।
ਵੇਰਵਾ
ਨਾਂ ਕੋਹਾਰਵਾਲਾ (Koharwala v1.0.zip)
ਆਕਾਰ 46.7 Kb
ਰਚਨਹਾਰਾ ਸਤਨਾਮ ਸਿੰਘ ਵਿਰਦੀ
ਲਸੰਸ ਮੁਫ਼ਤ, ਵਪਾਰਕ ਅਤੇ ਨਿੱਜੀ ਵਰਤੋਂ ਲਈ

ਝਲਕ

ਇਹਨਾਂ ਫੌਂਟਾਂ ਦੀ ਝਲਕ ਹੇਠਾਂ ਦਿੱਤੀਆਂ ਤਸਵੀਰਾਂ ‘ਚੋਂ ਦੇਖੀ ਜਾ ਸਕਦੀ ਹੈ।

This slideshow requires JavaScript.

ਡਾਊਨਲੋਡ ਕਰੋ

ਉਤਾਰੋ (ਮੁੱਖ ਕੜੀ)

ਜੇਕਰ ਉਪਰੋਕਤ ਕੜੀ ਵਿੱਚੋਂ ਫਾਈਲ ਉਤਾਰਨ(ਡਾਊਨਲੋਡ ਕਰਨ) ਵਿੱਚ ਕੋਈ ਦਿੱਕਤ ਆਵੇ ਤਾਂ ਹੇਠਾਂ ਦਿੱਤੀਆਂ ਕੜੀਆਂ ਤੋਂ ਜ਼ਿਪ ਫਾਈਲ ਉਤਾਰੋ।ਜੇਕਰ ਉਪਰੋਕਤ ਕੜੀ ਵਿੱਚੋਂ ਵੀ ਫਾਈਲ ਉਤਾਰਨ(ਡਾਊਨਲੋਡ ਕਰਨ) ਵਿੱਚ ਕੋਈ ਦਿੱਕਤ ਆਵੇ ਤਾਂ ਸਾਡੇ ਸੰਪਰਕ ਪੰਨੇ ਰਾਹੀਂ ਜਾਂ ਸਾਡੇ ਈ-ਮੇਲ ਪਤੇ psourcehelp@gmail.com ਰਾਹੀਂ ਸਾਡੇ ਨਾਲ ਰਾਬਤਾ ਕਾਇਮ ਕਰੋ।

ਇੰਸਟਾਲ/ਸਥਾਪਿਤ ਕਿਵੇਂ ਕਰੀਏ

  1.  ਫੌਂਟ ਸਥਾਪਿਤ ਕਰਨ ਲਈ ਸਭ ਤੋਂ ਪਹਿਲਾਂ ਇਸ ਨੂੰ ਉਤਾਰ ਕੇ ਜ਼ਿਪ-ਪੈਕੇਜ ‘ਚੋਂ ਵੱਖ ਕਰ ਲਵੋ।
  2. ਫਿਰ ਇਸਦੇ ਐਕਸਟ੍ਰੈਕਟ ਕੀਤੇ (ਨਿਖੇੜੇ ਗਏ) ਪੈਕ ਵਾਲੇ ਫੋਲਡਰ ਵਿੱਚ ਦੋ ਫੌਂਟ ਫਾਈਲਾਂ ਹੋਣਗੀਆਂ ਜਿਨ੍ਹਾਂ ਦੀ ਬਣਾਵਟ .ttf ਹੋਵੇਗੀ। ਜੇਕਰ ਯੂਨੀਕੋਡ ਆਧਾਰਿਤ ਟਾਈਪਿੰਗ ਜਾਣਦੇ ਹੋ ਤਾਂ Koharwala Uni.ttf ਫਾਈਲ ਚੁਣੋ ਅਤੇ ਜੇਕਰ ਧੁਨਾਤਮਿਕ ਭਾਵ ਫੋਨੈਟਿਕ ਟਾਈਪਿੰਗ ਜਾਣਦੇ ਹੋ ਤਾਂ Koharwala Phonetic.ttf ਚੁਣੋ।
  3.  ਕੋਈ ਵੀ .ttf ਫਾਈਲ ਖੋਲ੍ਹਣ ਤੋਂ ਬਾਅਦ Install ਬਟਨ ਨੱਪ ਦਿਉ।

ਇਸ ਤਰ੍ਹਾਂ ਫੌਂਟ ਕੰਪਿਊਟਰ ਵਿੱਚ ਸਥਾਪਿਤ ਹੋ ਜਾਣਗੇ। 🙂

ਪ੍ਰੋਗਰਾਮਿੰਗ ਭਾਸ਼ਾ ਬਾਰੇ ਜਾਣੋ

ਪ੍ਰੋਗਰਾਮਿੰਗ ਭਾਸ਼ਾ ਬਾਰੇ ਜਾਣੋ

featured23.png

ਪ੍ਰੋਗਰਾਮਿੰਗ ਭਾਸ਼ਾ (ਜਾਂ ਆਦੇਸ਼ਕਾਰੀ ਭਾਸ਼ਾ) ਇੱਕ ਅਜਿਹੀ ਭਾਸ਼ਾ ਹੁੰਦੀ ਜੋ ਕੀ ਕਿਸੇ ਮਸ਼ੀਨ ਨੂੰ ਆਦੇਸ਼ ਦੇਣ ਲਈ ਵਰਤੀ ਜਾਂਦੀ ਹੈ। ਇਸਦੀ ਵਾਕ-ਬਣਤਰ ਅਜਿਹੀ ਹੁੰਦੀ ਹੈ ਜਿਸਨੂੰ ਅਸੈਂਬਲਰ ਜਾਂ ਕੰਪਾਈਲਰ ਦੁਆਰਾ ਬਾਈਨਰੀ ਅੰਕਾਂ ਵਿੱਚ ਆਸਾਨੀ ਨਾਲ ਪਲਟਿਆ ਕੀਤਾ ਜਾ ਸਕਦਾ ਹੈ। ਇਹ ਆਮ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਤੋਂ ਬਹੁਤ ਭਿੰਨ ਹੁੰਦੀ ਹੈ। ਇਸ ਵਿੱਚ ਕੁਝ ਅੰਗਰੇਜ਼ੀ ਦੇ ਸ਼ਬਦ ਵਰਤੇ ਜਾਂਦੇ ਹਨ ਪਰ ਨਾਲ ਹੀ ਚਿੰਨ੍ਹਾਂ ਦੀ ਵਰਤੋਂ ਵੀ ਬਹੁਤ ਹੁੰਦੀ ਹੈ ਅਤੇ ਇਹਨਾਂ ਸ਼ਬਦ-ਚਿੰਨ੍ਹਾਂ ਨੂੰ ਇੱਕ ਖਾਸ ਢਾਂਚੇ ਵਿੱਚ ਲਿਖਿਆ ਜਾਂਦਾ ਹੈ। ਹਰੇਕ ਪ੍ਰੋਗਰਾਮਿੰਗ ਭਾਸ਼ਾ ਨੂੰ ਲਿਖਣ ਦਾ ਅੰਦਾਜ਼ ਵੱਖੋ-ਵੱਖਰਾ ਹੁੰਦਾ ਹੈ ਅਤੇ ਜੇਕਰ ਕਿਸੇ ਪ੍ਰੋਗਰਾਮ ਦੀ ਲਿਖਤ ਵਿੱਚ ਕੁਝ ਗਲਤੀ ਵੀ ਹੋ ਜਾਵੇ ਤਾਂ ਉਸਨੂੰ ਠੀਕ ਕਰਨ ਤੋਂ ਬਾਅਦ ਹੀ ਪ੍ਰੋਗਰਾਮ ਚੱਲਦਾ ਹੈ।

ਵਰਤੋਂ ਕਿੱਥੇ-ਕਿੱਥੇ ਹੁੰਦੀ ਹੈ?

ਪ੍ਰੋਗਰਾਮਿੰਗ ਭਾਸ਼ਾਵਾਂ ਦੀ ਜ਼ਿਆਦਾਤਰ ਵਰਤੋਂ ਕੰਪਿਊਟਰਾਂ ਲਈ ਹੀ ਕੀਤੀ ਜਾਂਦੀ ਹੈ। ਪਰ ਇਹ ਕੰਪਿਊਟਰ ਕਿਸੇ ਵੀ ਖੇਤਰ ਨਾਲ ਸਬੰਧਤ ਹੋ ਸਕਦੇ ਹਨ- ਸਿੱਖਿਆ, ਵਿਗਿਆਨ, ਚਕਿਤਸਾ ਅਤੇ ਵਪਾਰ। ਹਰੇਕ ਖੇਤਰ ਵਿੱਚ ਲੋੜ ਮੁਤਾਬਿਕ ਵੱਖ-ਵੱਖ ਪ੍ਰੋਗਰਾਮਿੰਗ ਭਾਸ਼ਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸਭ ਤੋ ਪਹਿਲਾਂ ਕੰਪਿਊਟਰਾਂ ਨੂੰ ਆਦੇਸ਼ ਦੇਣ ਲਈ ਪ੍ਰੋਗਰਾਮ ਬਣਾਏ ਜਾਂਦੇ ਹਨ ਫਿਰ ਉਨ੍ਹਾਂ ਨੂੰ ਕੰਪਾਈਲ ਕੀਤਾ ਜਾਂਦਾ ਹੈ ਅਤੇ ਅਤੇ ਫਿਰ ਇਸ ਤਰ੍ਹਾਂ ਵਰਤੋਂਕਾਰ ਆਪਣੀ ਲੋੜ ਮੁਤਾਬਿਕ ਵੱਖ-ਵੱਖ ਆਦੇਸ਼ ਦੇ ਕੇ ਇਹਨਾਂ ਦੁਆਰਾ ਬਣਾਏ ਪ੍ਰੋਗਰਾਮਾਂ ਦਾ ਲਾਹਾ ਉਠਾਉਂਦੇ ਹਨ। ਇਸ ਤਰ੍ਹਾਂ ਇਹਨਾਂ ਭਾਸ਼ਾਵਾਂ ਦੀ ਮਦਦ ਨਾਲ ਆਪਰੇਟਿੰਗ ਸਿਸਟਮ ਭਾਵ ਸੰਚਾਲਕ ਪ੍ਰਣਾਲੀ, ਆਦੇਸ਼ਕਾਰੀਆਂ ਅਤੇ ਸਾਫ਼ਟਵੇਅਰ ਤਿਆਰ ਕੀਤੇ ਜਾ ਸਕਦੇ ਹਨ।

ਇਹ ਵੀ ਦੇਖੋ: ਪੈਂਤੀ – ਪੰਜਾਬੀ ਯੂਨੀਕੋਡ ਫੌਂਟ

ਪ੍ਰਮੁੱਖ ਪ੍ਰੋਗਰਾਮਿੰਗ ਭਾਸ਼ਾਵਾਂ ਕਿਹੜੀਆਂ-ਕਿਰੜੀਆਂ ਹਨ?

ਪ੍ਰੋਗਰਾਮਿੰਗ ਭਾਸ਼ਾ ਜਦੋਂ ਕਦੇ ਗੱਲ ਹੋਵੇ ਤਾਂ ਸਭ ਤੋਂ ਪਹਿਲੀ ਕਤਾਰ ਵਿੱਚ ਸੀ ਅਤੇ ਸੀ++ ਦਾ ਨਾਂ ਹੀ ਸਾਹਮਣੇ ਆਉਂਦਾ ਹੈ। ਹੋਰਨਾਂ ਭਾਸ਼ਾਵਾਂ ਨੂੰ ਸਿੱਖਣ ਲਈ ਇਹਨਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਇਸਨੂੰ ਬਾਕੀ ਭਾਸ਼ਾਵਾਂ ਦਾ ਆਧਾਰ ਵੀ ਆਖਿਆ ਜਾ ਸਕਦਾ ਹੈ। ਪਰੰਤੂ ਜਨਵਰੀ 2016 ਦੇ ਟੀਅਬੇ ਨਾਂ ਦੀ ਵੈੱਬਸਾਈਟ ਦੁਆਰਾ ਕੀਤੇ ਸਰਵੇਖਣ ਅਨੁਸਾਰ 10  ਪ੍ਰਚਲਿੱਤ ਪ੍ਰੋਗਰਾਮਿੰਗ ਭਾਸ਼ਾਵਾਂ ਹੇਠ ਦਿੱਤੀ ਸਾਰਣੀ ਅਨੁਸਾਰ ਹਨ:

ਦਰਜਾਬੰਦੀ (ਜਨਵਰੀ 2016) ਪ੍ਰੋਗਰਾਮਿੰਗ ਭਾਸ਼ਾ
1 ਜਾਵਾ
2 ਸੀ
3 ਸੀ++
4 ਪਾਈਥਨ
5 ਸੀ#
6 ਪੀ.ਐਚ.ਪੀ
7 ਜਾਵਾਸਕ੍ਰਿਪਟ
8 ਪਰਲ
9 ਵਿਜ਼ੂਅਲ ਬੇਸਿਕ .ਨੈੱਟ
10 ਰੂਬੀ
ਮੂਲ ਸ੍ਰੋਤ: //www.tiobe.com

ਉਪਰੋਕਤ ਦੱਸੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪ੍ਰੋਗਰਾਮਿੰਗ ਭਾਸ਼ਾਵਾਂ ਦੇ ਨਾਂ ਇਸ ਪ੍ਰਕਾਰ ਹਨ: ਵੀ.ਬੀ ਸਕ੍ਰਿਪਟ, ਫੋਰਟ੍ਰਾਨ, ਅਸੈਂਬਲੀ ਭਾਸ਼ਾ, ਕੋਬੋਲ, ਸੀ.ਪੀ.ਐਲ, ਅਰਲੈਂਗ, ਸ਼ੈੱਲ, ਸਵਿਫ਼ਟ, ਨੋਡ(ਡਾਟ)ਜੇ.ਐਸ, ਆਦਿ।

ਇਹ ਵੀ ਦੇਖੋ: ਐਂਡਰੌਇਡ ਫ਼ੋਨਾਂ ਵਿੱਚ ਪੰਜਾਬੀ ‘ਚ ਲਿਖਣ ਲਈ ਸਭ ਤੋਂ ਬਿਹਤਰੀਨ ਕੀ-ਬੋਰਡ ਬਾਰੇ ਜਾਣੋ

ਪ੍ਰੋਗਰਾਮਿੰਗ ਭਾਸ਼ਾਵਾਂ ਕਿੱਥੋਂ ਸਿੱਖੀਏ?

ਪ੍ਰੋਗਰਾਮਿੰਗ ਭਾਸ਼ਾ ਸਿੱਖਣ ਲਈ ਕਈ ਤਰ੍ਹਾਂ ਦੀਆਂ ਆਨਲਾਈਨ ਵੈੱਬਸਾਈਟਾਂ ਉਪਲਬਧ ਹਨ। ਹਰੇਕ ਭਾਸ਼ਾ ਦੀ ਹਵਾਲਾ ਅਤੇ ਸਿੱਖਿਆ ਸਮੱਗਰੀ ਉਨ੍ਹਾਂ ਦੀ ਦਫ਼ਤਰੀ ਵੈੱਬਸਾਈਟ ਤੋਂ ਦੇਖੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਭਾਸ਼ਾਵਾਂ ਨੂੰ ਸਿੱਖਣ ਲਈ ਕਈ ਆਨਲਾਈਨ ਕੋਰਸਾਂ ਜਿਵੇਂ ਕਿ ਟੁਟੋਰੀਅਲਜ਼ ਪੁਆਇੰਟ (//www.tutorialspoint.com), ਕੋਡ ਸਕੂਲ (//www.codeschool.com), ਉਡਾਸਿਟੀ (//www.udacity.com) ਜਾਂ ਕੋਡਕੈਡਮੀ (//www.codecademy.com) ਦੀ ਵੀ ਮਦਦ ਲਈ ਜਾ ਸਕਦੀ ਹੈ।

ਇਸ ਤੋਂ ਇਲਾਵਾ ਹੇਠਾਂ ਟਿੱਪਣੀਆਂ ਰਾਹੀਂ ਤੁਸੀਂ ਆਪਣੇ ਵਿਚਾਰ ਵੀ ਪੇਸ਼ ਕਰ ਸਕਦੇ ਹੋ ਤੋ ਲੇਖ ਸਬੰਧੀ ਹੋਰ ਵੀ ਚਰਚਾ ਕਰ ਸਕਦੇ ਹੋ।