ਇੱਕ ਸਾਲ ਦਾ ਹੋਇਆ ਕੋਹਾਰਵਾਲਾ ਫ਼ੌਂਟ

ਇੱਕ ਸਾਲ ਦਾ ਹੋਇਆ ਕੋਹਾਰਵਾਲਾ ਫ਼ੌਂਟ

ਬੀਤੇ ਸਾਲ ਅੱਜ ਦੇ ਦਿਨ ਪੰਜਾਬੀ ਸੋਰਸ ਵੱਲੋਂ ਕੋਹਾਰਵਾਲਾ ਫ਼ੌਂਟ ਜਾਰੀ ਕੀਤਾ ਗਿਆ ਸੀ। ਫ਼ੌਂਟ ਦਾ ਇੱਕ ਸਾਲ ਦਾ ਸਫ਼ਰ ਬੇਹੱਦ ਚੰਗਾ ਰਿਹਾ ਹੈ। ਜਿੱਥੇ ਇਹ ਫ਼ੌਂਟ ਸ਼ਾਇਰੀ ਵਾਲੀਆਂ ਤਸਵੀਰਾਂ ਦਾ ਸ਼ਿੰਗਾਰ ਬਣਿਆ ਉੱਥੇ ਹੀ ਕਈ ਗਾਣਿਆਂ ਦੇ ਕਵਰ ਵਜੋਂ ਦੀ ਇਸਦਾ ਇਸਤੇਮਾਲ ਕੀਤਾ ਗਿਆ। ਸਭ ਤੋਂ ਅਹਿਮ ਗੱਲ ਇਹ ਰਹੀ ਕਿ ਲੇਖਕ ਪਰਦੀਪ ਦੀ ਕਵਿਤਾਵਾਂ ਵਾਲੀ ਕਿਤਾਬ ‘ਅੰਤਰਾਲ’ ਵੀ ਇਸੇ ਫ਼ੌਂਟ ‘ਚ ਛਪੀ ਤੇ ਹੱਥ-ਲਿਖਤ ਫ਼ੌਂਟ ਵਿਚ ਛਪਣ ਵਾਲੀ ਪਹਿਲੀ ਪੁਸਤਕ ਬਣੀ। ਇਸ ਤੋਂ ਪਹਿਲਾਂ ਥੋੜ੍ਹਾ ਸਮਾਂ ਪਹਿਲਾਂ ਜਨਮੇਜਾ ਸਿੰਘ ਜੌਹਲ ਵੱਲੋਂ ਤਿਆਰ ਕੀਤੀ ‘ਪੰਜਾਬੀ ਸਾਫ਼ਟਵੇਅਰ ਸੀਡੀ’ ਦੇ ਸਿਰਲੇਖ ਤੇ ਕਈ ਹੋਰ ਕਿਤਾਬਾਂ ਦੇ ਪਿਛਲੇ ਸਿਰਲੇਖ ਦਾ ਵੀ ਕੋਹਾਰਵਾਲਾ ਫ਼ੌਂਟ ਸ਼ਿੰਗਾਰ ਬਣਿਆ।

This slideshow requires JavaScript.

ਕੋਹਾਰਵਾਲਾ ਫ਼ੌਂਟ ਅਸਲ ‘ਚ ਪੰਜਾਬੀ ਗ਼ਜ਼ਲਗੋ ਗੁਰਤੇਜ ਸਿੰਘ ਕੋਹਾਰਵਾਲਾ ਦੀ ਹੱਥ-ਲਿਖਤ ‘ਤੇ ਅਧਾਰਿਤ ਹੈ ਜਿਸ ਕਾਰਨ ਇਸਦਾ ਨਾਂਅ ਵੀ ਕੋਹਾਰਵਾਲਾ ਹੀ ਰੱਖਿਆ ਗਿਆ ਹੈ। ਫ਼ੌਂਟ ਜਾਰੀ ਕਰਨ ਵੇਲੇ ਲੋਕਾਂ ਦਾ ਇੰਨਾ ਪਿਆਰ ਮਿਲਿਆ ਕਿ ਜਾਰੀਕਰਨ ਤੋਂ ਬਾਅਦ ਇੱਕ-ਦੋ ਦਿਨਾਂ ਅੰਦਰ ਹੀ 1000+ ਲੋਕਾਂ ਨੇ ਡਾਊਨਲੋਡ ਕੀਤਾ ਤੇ ਹੁਣ ਤੱਕ ਇਸਨੂੰ 1800+ ਕੰਪਿਊਟਰਾਂ ‘ਤੇ ਡਾਊਨਲੋਡ ਕੀਤਾ ਜਾ ਚੁੱਕਿਆ ਹੈ।

ਤਕਨੀਕੀ ਪੱਖੋਂ ਵਿਚਾਰਿਆ ਜਾਵੇ ਇਹ ਫ਼ੌਂਟ ਪੰਜਾਬੀ ਦੇ ਉਨ੍ਹਾਂ ਗਿਣੇ-ਚੁਣੇ ਫ਼ੌਂਟਾਂ ਵਿੱਚੋਂ ਹੈ ਜੇ ਕਿ ਯੂਨੀਕੋਡ ਨੂੰ ਭਰਵਾਂ  ਸਮਰਥਨ ਦਿੰਦੇ ਹਨ। ਸੌਖੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਇਹ ਰਾਵੀ-ਅਧਾਰਿਤ ਫ਼ੌਂਟ ਹੈ। ਇਸਨੂੰ ਫ਼ੋਨਾਂ, ਕੰਪਿਊਟਰਾਂ, ਪ੍ਰਿੰਟਿੰਗ ਵਿੱਚ ਅਸਾਨੀ ਨਾਲ ਵਰਤੋਂ ‘ਚ  ਲਿਆਂਦਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵੈੱਬਸਾਈਟਾਂ ਲਈ ਵੀ ਇਸ ਫ਼ੌਂਟ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਡਾਊਨਲੋਡ

ਪੰਜਾਬੀ ਦੇ ਇਸ ਖ਼ੂਬਸੂਰਤ ਫ਼ੌਂਟ ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੀ ਕੜੀ ਖੋਲ੍ਹੋ:

ਕੋਹਾਰਵਾਲਾ ਫ਼ੌਂਟ ਡਾਊਨਲੋਡ ਕਰੋ

ਟੋਫੂ ਬਨਾਮ ਨੋ ਮੋਰ ਟੋਫੂ ਉਰਫ਼ ਨੋਟੋ, ਨਵੇਂ ਫੌਂਟ ਪਰਿਵਾਰ ਬਾਰੇ ਜਾਣੋ

ਟੋਫੂ ਬਨਾਮ ਨੋ ਮੋਰ ਟੋਫੂ ਉਰਫ਼ ਨੋਟੋ, ਨਵੇਂ ਫੌਂਟ ਪਰਿਵਾਰ ਬਾਰੇ ਜਾਣੋ

ਕੰਪਿਊਟਰੀ ਜਗਤ ਵਿੱਚ ਟੋਫੂ ਉਸ ਡੱਬੀ ਨੂੰ ਕਿਹਾ ਜਾਂਦਾ ਹੈ ਜੋ ਕਿ ਕੰਪਿਊਟਰ ਜਾਂ ਮੋਬਾਇਲ ਵਿੱਚ ਸਬੰਧਤ ਫੌਂਟ ਉਪਲਬਧ ਨਾ ਹੋਣ ਦੀ ਸੂਰਤ ਵਿੱਚ ਉਸਦੀ ਜਗ੍ਹਾ ‘ਤੇ ਨਜ਼ਰ ਆਉਂਦੀ ਹੈ।  ਮੁੱਖ ਰੂਪ ਵਿੱਚ ਇਹ ਇੱਕ ਖੜ੍ਹਵੀਂ ਆਇਤਾਕਾਰ ਡੱਬੀ ਹੁੰਦੀ ਹੈ ਪਰ ਕੁਝ ਫੌਂਟਾਂ ਵਿੱਚ ਇਹ ਚੌਰਸ ਵੀ ਹੋ ਸਕਦੀ ਹੈ।

ਮੰਨ ਲਓ ਕਿ ਤੁਸੀਂ ਆਪਣੇ ਕੰਪਿਊਟਰ ਵਿੱਚ ਪੰਜਾਬੀ ਵਿੱਚ ਉਪਲਬਧ ਕਿਸੇ ਵੈੱਬਸਾਈਟ ਤੋਂ ਕੁਝ ਪੜ੍ਹਣਾ ਹੈ ਪਰ ਜਦੋਂ ਤੁਸੀਂ ਉਹ ਵੈੱਬਸਾਈਟ ਖੋਲ੍ਹਦੇ ਹੋ ਤਾਂ ਤੁਹਾਡੇ ਕੰਪਿਊਟਰ ਵੱਲੋਂ ਪੰਜਾਬੀ ਨੂੰ ਭਰਵਾਂ ਸਮਰਥਨ ਨਾ ਦੇਣ ਕਾਰਨ ਅਰਥਾਤ ਕੰਪਿਊਟਰ ਵਿੱਚ ਪੰਜਾਬੀ ਫੌਂਟ ਨਾ ਹੋਣ ਕਾਰਨ ਉਸ ਵੈੱਬਸਾਈਟ ‘ਤੇ ਪੰਜਾਬੀ ਅੱਖਰਾਂ ਦੀ ਜਗ੍ਹਾ ‘ਤੇ ਡੱਬੀਆਂ ਨਜ਼ਰ ਆਉਣਗੀਆਂ। ਇਹਨਾਂ ਡੱਬੀਆਂ ਨੂੰ ਹੀ ਟੋਫੂ ਕਹਿੰਦੇ ਹਨ ਤੇ ਮੌਜੂਦਾ ਸਮੇਂ ਇਹ ਪੰਜਾਬੀ ਵਰਤੋਂਕਾਰਾਂ ਸਾਹਮਣੇ ਇਹ ਵੀ ਬੜੀ ਵੱਡੀ ਸਮੱਸਿਆ ਹੈ। ਕਈ ਕੰਪਨੀਆਂ ਵੱਲੋਂ ਆਪਣੇ ਉਪਕਰਨਾਂ ਵਿੱਚ ਪੰਜਾਬੀ ਫੌਂਟ ਨਾ ਭਰਨ ਕਾਰਨ ਟੋਫੂ ਦਿਖਾਈ ਦੇਣ ਲੱਗ ਪੈਂਦੇ ਹਨ।

ਹੁਣ ਟੋਫੂਆਂ ਤੋਂ ਮਿਲੇਗਾ ਨਿਜ਼ਾਤ: ਗੂਗਲ

ਗੂਗਲ ਨੇ ਆਪਣੇ ਇੱਕ ਬਿਆਨ ਵਿੱਚ ਟੋਫੂਆਂ ਤੋਂ ਨਿਜ਼ਾਤ ਦਿਵਾਉਣ ਬਾਰੇ ਕਿਹਾ ਸੀ। ਇਸ ਮਕਸਦ ਤਹਿਤ ਗੂਗਲ ਨੇ ਇੱਕ ਨਵਾਂ ਫੌਂਟ ਪਰਿਵਾਰ ਤਿਆਰ ਕੀਤਾ ਹੈ ਜਿਸ ਵਿੱਚ ਸੰਸਾਰ ਦੀਆਂ ਸਾਰੀਆਂ ਲਿਪੀਆਂ, ਚਾਹੇ ਉਹ ਮਰ ਚੁੱਕੀਆਂ ਹੋਣ ਜਾਂ ਜ਼ਿੰਦਾ ਹੋਣ, ਸਭ ਨੂੰ ਭਰਵਾਂ ਸਮਰਥਨ ਕਰੇਗਾ। ਇਸ ਫੌਂਟ ਪਰਿਵਾਰ ਦਾ ਨਾਂਅ ਹੈ – ਨੋਟੋ

ਨੋਟੋ

noto_glyphs

ਨੋਟੋ ਨਾਂਅ ਅੰਗਰੇਜ਼ੀ ਵਾਕੰਸ਼ ਨੋ ਮੋਰ ਟੋਫੂ (no more tofu) ਤੋਂ ਬਣਿਆ ਹੈ ਜਿਸਦਾ ਮਤਲਬ ਹੈ ਕਿ ਇਹ ਫੌਂਟ ਪਰਿਵਾਰ ਟੋਫੂਆਂ ਤੋਂ ਨਿਜ਼ਾਤ ਦਿਵਾਉਣ ਲਈ ਬਣਾਇਆ ਗਿਆ ਹੈ। ਇਸ ਫੌਂਟ ਪਰਿਵਾਰ ਵਿੱਚ ਹਰ ਲਿਪੀ ਦੇ ਫੌਂਟ ਉਪਲਬਧ ਹਨ; ਜਿਵੇਂ ਗੁਰਮੁਖੀ, ਦੇਵਨਾਗਰੀ, ਬੰਗਾਲੀ, ਗੁਜਰਾਤੀ, ਬ੍ਰਹਮੀ, ਲਾਤੀਨੀ, ਯੂਨਾਨੀ, ਆਦਿ। ਇਹ ਫੌਂਟ ਪਰਿਵਾਰ ਖੁੱਲ੍ਹੇ ਸਰੋਤ ਵਾਲਾ ਹੈ ਤੇ ਇਸ ਦੀ ਵਰਤੋਂ ਕਿਤੇ ਵੀ ਕੀਤੀ ਜਾ ਸਕਦੀ ਹੈ।

ਗੂਗਲ ਮੁਤਾਬਿਕ ਇਹ ਪ੍ਰੋਜੈਕਟ ਪੰਜ ਸਾਲਾਂ ਦੀ ਕਰੜੀ ਮਿਹਨਤ ਦਾ ਹੀ ਨਤੀਜਾ ਹੈ। ਜਿੱਥੇ ਇਸ ਪ੍ਰੋਜੈਕਟ ਨੂੰ ਸਿਰੇ ਚਾੜ੍ਹਣ ਵਿੱਚ ਫੌਂਟ ਘਾੜਿਆਂ ਨੇ ਮਿਹਨਤ ਕੀਤੀ ਹੈ ਉੱਥੇ ਹੀ ਸਬੰਧਤ ਲਿਪੀ ਦੇ ਮੂਲ ਨਿਵਾਸੀਆਂ ਨੇ ਵੀ ਕਾਫ਼ੀ ਮਦਦ ਕੀਤੀ ਹੈ।
ਗੂਗਲ ਦੇ ਐਂਡਰਾਇਡ ਫ਼ੋਨਾਂ ਵਿੱਚ ਵੀ ਇਹ ਫੌਂਟ ਵਰਤਣ ਨੂੰ ਪਹਿਲ ਦਿੱਤੀ ਜਾਂਦੀ ਹੈ ਜਿਸ ਸਦਕਾ ਹੁਣ ਕਿਸੇ ਵੀ ਐਂਡਰਾਇਡ ਫ਼ੋਨ ਜਾਂ ਕਿਸੇ ਹੋਰ ਗੂਗਲ ਉਤਪਾਦ ਵਿੱਚ ਕੋਈ ਟੋਫੂ ਨਜ਼ਰ ਨਹੀਂ ਆਵੇਗਾ। ਇਸ ਤਰ੍ਹਾਂ ਇਹ ਫੌਂਟ ਸਾਰੀਆਂ ਲਿਪੀਆਂ ‘ਚ ਲਿਖੀ ਸਮੱਗਰੀ ਨੂੰ ਠੀਕ ਤਰ੍ਹਾਂ ਦਿਖਾਉਣ ਦੇ ਵੀ ਸਮਰੱਥ ਹੋਣਗੇ। ਬੱਸ ਹੁਣ ਉਡੀਕ ਹੈ ਉਸ ਪਲ ਦੀ ਜਦੋਂ ਸਾਰੇ ਉਪਕਰਨ ਪੰਜਾਬੀ ਨੂੰ ਵੀ ਭਰਵਾਂ ਸਮਰਥਨ ਦੇਣ ਅਤੇ ਫਿਰ ਕਿਸੇ ਵੀ ਪੰਜਾਬੀ ਵਰਤੋਂਕਾਰ ਨੂੰ ਤਕਨੀਕੀ ਉਪਕਰਨਾਂ ‘ਤੇ ਪੰਜਾਬੀ ਪੜ੍ਹਣ ਵਿੱਚ ਕੋਈ ਸਮੱਸਿਆ ਨਾ ਆਏ।

ਜੇਕਰ ਤੁਸੀਂ ਇਹ ਫੌਂਟ ਡਾਊਨਲੋਡ ਕਰਨ ਦੇ ਚਾਹਵਾਨ ਹੋ ਤਾਂ ਹੇਠਾਂ ਦਿੱਤੀ ਕੜੀ ਤੋਂ ਡਾਊਨਲੋਡ ਕਰ ਸਕਦੇ ਹੋ ਅਤੇ ਕੋਈ ਵਿਚਾਰ-ਚਰਚਾ ਕਰਨੀ ਹੋਵੇ ਤਾਂ ਹੇਠਾਂ ਟਿੱਪਣੀਆਂ ਵਾਲੇ ਭਾਗ ਵਿੱਚ ਤੁਹਾਡਾ ਦਿਲੋਂ ਸੁਆਗਤ ਹੈ।

ਡਾਊਨਲੋਡ ਕਰੋ


ਕੋਈ ਅੱਖਰੀ ਭੁੱਲ ਜਾਂ ਗਲਤੀ ਹੈ? ਸਾਨੂੰ ਦੱਸੋ।

ਵਿੰਡੋਜ਼ 7 ਦਾ ਪਾਸਵਰਡ ਭੁੱਲ ਗਏ ਹੋ? ਇਹ ਨੁਸਖ਼ਾ ਅਪਣਾਓ

ਵਿੰਡੋਜ਼ 7 ਦਾ ਪਾਸਵਰਡ ਭੁੱਲ ਗਏ ਹੋ? ਇਹ ਨੁਸਖ਼ਾ ਅਪਣਾਓ

ਕਈ ਵਾਰ ਅਜਿਹਾ ਹੁੰਦਾ ਹੈ ਕਿ ਆਪਾਂ ਵਿੰਡੋਜ਼ ਦੀ ਸੁਰੱਖਿਆ ਲਈ ਉਸਨੂੰ ਸਖ਼ਤ ਪਾਸਵਰਡ ਲਗਾ ਦਿੰਦੇ ਹਾਂ ਪਰ ਜਦੋਂ ਕਾਫੀ ਸਮੇਂ ਬਾਅਦ ਕੰਪਿਊਟਰ ਵਰਤਦੇ ਹਾਂ ਤਾਂ ਇਹ ਪਾਸਵਰਡ ਔਖਾ ਹੋਣ ਕਾਰਨ ਆਪ ਵੀ ਭੁੱਲ ਜਾਂਦੇ ਹਾਂ। ਅਜਿਹੇ ਸਮੇਂ ਵਿੱਚ ਫਿਰ ਵਰਤੋਂਕਾਰਾਂ ਨੂੰ ਹੱਥਾ-ਪੈਰਾਂ ਦੀ ਪੈ ਜਾਂਦੀ ਹੈ ਅਤੇ ਜਿਹੜੇ ਮਾਨਸਿਕ ਦੁੱਖ ਵਿੱਚੋਂ ਉਹ ਗੁਜ਼ਰਦਾ ਹੈ ਉਸ ਤੋਂ ਇਲਾਵਾ ਕੋਈ ਨਹੀਂ ਜਾਣਦਾ। ਸੋ ਇਸ ਸਮੱਸਿਆ ਦੇ ਹੱਲ ਲਈ ਮੈਂ ਤੁਹਾਨੂੰ ਅਜਿਹੇ ਕੰਪਿਊਟਰੀ ਨੁਸਖ਼ੇ ਬਾਰੇ ਦੱਸਣ ਜਾ ਰਿਹਾ ਹਾਂ ਜਿਸ ਦੀ ਮਦਦ ਨਾਲ ਤੁਸੀਂ ਵਿੰਡੋ 7 ਦਾ ਪਾਸਵਰਡ ਬਹੁਤ ਸਹਿਜੇ ਹੀ ਹਟਾਉਣ ਦੇ ਕਾਬਿਲ ਹੋ ਜਾਵੋਗੇ ਭਾਵ ਪਾਸਵਰਡ ਹੈਕ ਕਰ ਸਕੋਗੇ।
ਹੇਠਾਂ ਦਿੱਤੇ ਅਨੁਸਾਰ ਕਰਦੇ ਜਾਉ ਤੁਹਾਡੀ ਸਮੱਸਿਆ ਹੱਲ ਹੋ ਜਾਵੇਗੀ।

ਇਹ ਵੀ ਦੇਖੋ:  ਸਾਫ਼ਟਵੇਅਰ ਕੀ ਹੁੰਦੇ ਹਨ?

1.ਆਪਣੇ ਕੰਪਿਊਟਰ ਦੀ ਪਾਵਰ ਉਨ੍ਹਾਂ ਸਮਾਂ ਚਾਲੂ-ਬੰਦ ਕਰਦੇ ਰਹੋ ਜਿਨ੍ਹਾਂ ਸਮਾਂ ਇਸ ਤਰਾਂ ਦੀ ਸਕ੍ਰੀਨ ਨਹੀਂ ਆਉਂਦੀ:

2.ਫਿਰ “Launch Startup Repair (recommended)” ‘ਤੇ ਐਂਟਰ (enter) ਬਟਨ ਨੱਪੋ।

3. ਫਿਰ ਕੰਪਿਊਟਰ ਸਮੱਸਿਆਂਵਾਂ ਦੀ ਖੋਜ ਕਰਨ ਲੱਗ ਪਵੇਗਾ। ਕੁੱਝ ਸਮੇਂ ਬਾਅਦ ਵਿੱਚ ਇੱਕ ਸੁਨੇਹਾ ਆਵੇਗਾ ਜੋ ਕੀ ਥੱਲੇ ਦਿੱਤੀ ਫੋਟੋ ਵਿੱਚ ਦੇਖਿਆ ਜਾ ਸਕਦਾ  ਹੈ:

4.ਹੁਣ “Cancel” ਬਟਨ ਨੂੰ ਦੱਬ ਦਵੋ ਅਤੇ ਥੱਲੇ ਦਿੱਤੀ ਤਸਵੀਰ ਵਾਂਗ ਕੁੱਝ ਸਮੇਂ ਬਾਅਦ ਵਿੱਚ ਇੱਕ ਹੋਰ ਸੁਨੇਹਾ ਆਵੇਗਾ, “View Problem Details” ਵਾਲੇ ਬਟਨ ‘ਤੇ ਕਲਿੱਕ ਕਰੋ।

5. ਬਿਲਕੁਲ ਥੱਲੇ ਤੱਕ ਜਾਉ ਅਤੇ ਤਸਵੀਰ ਵਿੱਚ ਦਿੱਤੇ ਅਨੁਸਾਰ ਉਸ ਕੜੀ ‘ਤੇ ਕਲਿੱਕ ਕਰੋ।

6.ਹੁਣ ਵਿੰਡੋਜ਼ ਦੀਆਂ ਸਾਰੀਆਂ ਸ਼ਰਤਾਂ ਦਿਖਾਉਂਦੀ ਹੋਈ ਨੋਟਪੈਡ ਦੀ ਇੱਕ ਫਾਈਲ ਖੁੱਲੇਗੀ। ਹੁਣ “File” ਵਾਲੀ ਟੈਬ ‘ਤੇ ਜਾਓ ਅਤੇ “Open” ‘ਤੇ ਕਲਿੱਕ  ਕਰੋ। ਹੁਣ ਇਸਦੀ ਮਦਦ ਰਾਹੀਂ ਉਸ ਡ੍ਰਾਈਵ ਵਿੱਚ ਜਾਓ ਜਿਸ ਵਿੱਚ ਤੁਹਾਡੀ ਵਿੰਡੋਜ਼ ਸਥਾਪਿਤ ਭਾਵ ਇੰਸਟਾਲ ਕੀਤੀ ਹੋਈ ਹੈ ਅਤੇ ਫਿਰ ਇਸ ਕੜੀ ‘ਤੇ ਜਾਓ : Windows>System 32

7.ਇਥੇ ਜਾ ਕੇ ਹੁਣ Sethc.exe ਨਾਂਅ ਦੀ ਫਾਈਲ ਲੱਭੋ ਅਤੇ ਇਸ ਨਾਂਅ ਬਦਲ ਕੇ ਇਸਦੇ ਨਾਂਅ ਪਿੱਛੇ “0″ ਪਾ ਦਿਉ ਤਾਂ ਕਿ ਇਹ ਕੁੱਝ ਇਸ ਤਰਾਂ ਦਿਖੇ :”Sethc0.exe

8.ਹੁਣ cmd.exe ਨੂੰ ਲੱਭੋ ਅਤੇ ਇਸ ਦੀ ਨਕਲ ਉਤਾਰੋ ਅਰਥਾਤ ਕਾਪੀ ਕਰੋ, ਫਿਰ ਇਸਨੂੰ ਉਥੇ ਹੀ ਪੇਸਟ ਕਰਕੇ ਇਸਦਾ ਨਾਂਅ ਬਦਲ ਕੇ ਕੁਝ ਇਸ ਤਰ੍ਹਾਂ ਕਰੋ:Sethc.exe

9.ਹੁਣ ਸਾਰਾ ਕੁਝ ਬੰਦ ਕਰਕੇ ਆਪਣੇ ਕੰਪਿਊਟਰ ਮੁੜ ਚਲਾਉ ਅਤੇ ਸ਼ੁਰੂ ਹੋਣ ਉੱਤੇ 5-6 ਵਾਰੀ “Shift” ਬਟਨ ਦਬਾਓ। ਕਮਾਂਡ ਵਿੰਡੋ ਖੁੱਲ ਜਾਵੇਗੀ। ਇਸ ਵਿੱਚ ਟਾਈਪ ਕਰੋ: net user

 1. ਤੁਹਾਡੇ ਕੰਪਿਊਟਰ  ਦੇ ਸਾਰੇ ਖਾਤੇ ਆ ਜਾਣਗੇ, ਜਿਸਦਾ ਤੁਸੀਂ ਪਾਸਵਰਡ ਭੁੱਲੇ ਹੋਏ ਹੋ, ਉਸਦਾ ਨਾਂਅ ਕਮਾਂਡ ਵਿੰਡੋ ਵਿੱਚ ਕੁਝ ਇਸ ਤਰਾਂ ਟਾਇਪ ਕਰੋ: net user Punjabi Source *।

ਨੋਟ: “Punjabi Source” ਦੀ ਜਗ੍ਹਾ ਤੁਸੀਂ ਆਪਣੇ ਅਕਾਉਂਟ ਦਾ ਨਾਮ ਲਿਖਣਾਂ ਹੈ.

11.ਫਿਰ ਦੋ ਵਾਰੀ ਐਂਟਰ ਬਟਨ ਦਬਾਓ ਅਤੇ ਤੁਹਾਡੇ ਕੰਪਿਊਟਰ ਦਾ ਪਾਸਵਰਡ ਖੁੱਲ ਜਾਵੇਗਾ।

ਇਸ ਤਰ੍ਹਾਂ ਤੁਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਆਪਣਾ ਪਾਸਵਰਡ ਹਟਾਉਣ ਦੇ ਕਾਬਿਲ ਹੋ ਜਾਵੋਗੇ। ਬਾਕੀ ਹੋਰ ਕੁਝ ਜਾਨਣ ਬਾਰੇ ਜਾਂ ਆਪਣੀ ਸਮੱਸਿਆ ਬਾਰੇ ਟਿੱਪਣੀ ਕਰਕੇ ਸਾਨੂੰ ਇਸ ਬਾਰੇ ਦੱਸੋ।


ਕੀ ਕੋਈ ਸ਼ਬਦੀ ਭੁੱਲ ਹੈ? ਸਾਨੂੰ ਇਸ ਬਾਰੇ ਦੱਸੋ।

ਲੋਕਲ ਡਿਸਕ (C), (D) ਤੇ (E);  ਫਿਰ (A) ਤੇ (B) ਕਿੱਥੇ ਨੇ? ਜਾਣੋ ਇਸਦਾ ਰਹੱਸ!

ਲੋਕਲ ਡਿਸਕ (C), (D) ਤੇ (E);  ਫਿਰ (A) ਤੇ (B) ਕਿੱਥੇ ਨੇ? ਜਾਣੋ ਇਸਦਾ ਰਹੱਸ!

ਭਾਰਤ ਵਿੱਚ ਕੰਪਿਊਟਰ ਆਏ ਨੂੰ ਇੱਕ-ਡੇਢ ਦਹਾਕਾ ਹੋ ਗਿਆ ਹੈ। ਪਹਿਲਾਂ-ਪਹਿਲ ਤਾਂ ਇਸਦੀ ਵਰਤੋਂ ਕੇਵਲ ਵੱਡੀਆਂ ਕੰਪਨੀਆਂ ਤੇ ਉੱਚ ਘਰਾਣਿਆਂ ਵੱਲੋਂ ਹੀ ਕੀਤੀ ਜਾਂਦੀ ਸੀ ਪਰ ਅੱਜ-ਕੱਲ੍ਹ ਹਰ ਕੰਪਨੀ, ਸਿੱਖਿਅਕ ਅਦਾਰੇ, ਹਸਪਤਾਲਾਂ, ਆਦਿ ਵਿੱਚ ਇਸਦੀ ਵਰਤੋਂ ਆਮ ਹੀ ਹੋ ਰਹੀ ਹੈ। ਭਾਰਤ ਦੇ ਮੱਧ ਵਰਗ ਦੇ ਪਰਿਵਾਰਾਂ ਵਿੱਚ ਵੀ ਕੰਪਿਊਟਰ ਨੇ ਆਪਣੀ ਜਗ੍ਹਾ ਬਣਾ ਲਈ ਹੈ। ਭਾਵੇਂ ਕੰਪਿਊਟਰ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ ਪਰ ਫਿਰ ਕਈ ਅਜਿਹੀਆਂ ਨਿੱਕੀਆਂ-ਮੋਟੀਆਂ ਚੀਜ਼ਾਂ ਹਨ ਜਿਨ੍ਹਾਂ ਵੱਲ ਲੋਕ ਘੱਟ ਹੀ ਧਿਆਨ ਦਿੰਦੇ ਹਨ। ਉਨ੍ਹਾਂ ‘ਚੋਂ ਇੱਕ ਚੀਜ਼ ਹੈ ਕੰਪਿਊਟਰ ਦੀਆਂ ਲੋਕਲ ਡਿਸਕਾਂ ਦਾ ਨਾਮਕਰਨ!

ਕੀ ਤੁਸੀਂ ਕਦੇ ਇਸ ਵੱਲ ਧਿਆਨ ਦਿੱਤਾ ਹੈ?

capture2

ਕੰਪਿਊਟਰ ਵਰਤਣ ਵਾਲੇ ਜਾਣਦੇ ਹਨ ਕਿ ਲੋਕਲ ਡਿਸਕ (C); ਹੀ ਮੂਲ ਡਿਸਕ (ਸਿਸਟਮ ਡਿਸਕ) ਹੁੰਦੀ ਹੈ। ਫਿਰ ਸਵਾਲ ਖੜ੍ਹਾ ਹੁੰਦਾ ਹੈ ਕਿ ਏ (A) ਅਤੇ ਬੀ (B) ਕਿੱਥੇ ਗਏ? ਇਹਨਾਂ ਨੂੰ ਮੂਲ ਡਿਸਕ ਕਿਉਂ ਨਹੀਂ ਬਣਾਇਆ ਗਿਆ? ਇਸਦਾ ਕੀ ਕਾਰਨ ਹੈ?

ਇਹ ਵੀ ਦੇਖੋ:  ਬਿਨਾਂ ਆਈਕਨ ਦੇ ਫੋਲਡਰ ਬਣਾਉਣਾ ਸਿੱਖੋ

1192285.png

ਸਾਰੇ ਸਵਾਲਾਂ ਦਾ ਇਹ ਹੈ ਜਵਾਬ

ਹਾਰਡ ਡਿਸਕ ਜਾਂ ਸਖ਼ਤ ਤਵਿਆਂ ਦੀ ਸ਼ੁਰੂਆਤ 1980 ਵਿੱਚ ਸ਼ੁਰੂ ਹੋਈ ਸੀ। ਇਸ ਤੋਂ ਪਹਿਲਾ ਫਲੌਪੀ ਡਿਸਕਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਫਲੌਪੀ ਡਿਸਕਾਂ ਦੋ ਆਕਾਰਾਂ ਵਿੱਚ ਉਪਲਬਧ ਸਨ –  5¼” ਤੇ 3½”। ਇਹਨਾਂ ਨੂੰ ਕ੍ਰਮਵਾਰ ਲੋਕਲ ਡਿਸਕ (ਏ) ਅਤੇ ਲੋਕਲ ਡਿਸਕ (ਬੀ) ਕਿਹਾ ਜਾਂਦਾ ਸੀ।

ਇਹ ਵੀ ਦੇਖੋ:  ਖੁੱਲ੍ਹਾ ਸਰੋਤ ਬਨਾਮ ਬੰਦ ਸਰੋਤ ਸਾਫ਼ਟਵੇਅਰ

ਫਿਰ ਹਾਰਡ ਡਿਸਕ ਆਉਣ ‘ਤੇ ਉਸਦਾ ਨਾਂਅ ਲੋਕਲ ਡਿਸਕ (ਸੀ) ਇਸ ਕਰਕੇ ਰੱਖਿਆ ਗਿਆ ਤਾਂ ਜੋ ਲੋਕਾਂ ਨੂੰ ਇਸ ਬਾਰੇ ਕੋਈ ਭੁਲੇਖਾ ਨਾ ਪੈ ਜਾਵੇ। ਇਸ ਤਰ੍ਹਾਂ ਸਿਸਟਮ ਡ੍ਰਾਈਵ ਲਈ ਲੋਕਲ ਡਿਸਕ (ਸੀ) ਵਰਤਿਆ ਜਾਣ ਲੱਗਿਆ। ਇਸ ਤੋਂ ਇਲਾਵਾ ਡੀ (D), ਈ (E) ਤੇ ਐੱਫ਼ (F) ਨਾਂਅ ਦੀਆਂ ਨਿੱਜੀ ਡ੍ਰਾਈਵਾਂ ਹੁੰਦੀਆਂ ਹਨ ਅਤੇ ਡੀ.ਵੀ.ਡੀ ਤੇ ਯੂ.ਐੱਸ.ਬੀ ਲਈ ਜੀ (G), ਐੱਚ (H), ਆਈ (I), ਆਦਿ ਦੀ ਵਰਤੋਂ ਕੀਤੀ ਜਾਂਦੀ ਹੈ।

ਜੇਕਰ ਕੋਈ ਵਰਤੋਂਕਾਰ “ਸੀ” ਡ੍ਰਾਈਵ ਦਾ ਨਾਂਅ ਬਦਲ ਕੇ “ਏ” ਜਾਂ “ਬੀ” ਰੱਖਣਾ ਚਾਹੁੰਦਾ ਹੈ ਤਾਂ ਰੱਖ ਸਕਦਾ ਹੈ ਪਰ ਸ਼ਰਤ ਇਹ ਹੈ ਕਿ ਤੁਹਾਡੇ ਕੋਲ ਅਜਿਹਾ ਕਰਨ ਲਈ ਵਿੰਡੋਜ਼ ਦੇ ਪ੍ਰਸ਼ਾਸਕੀ ਅਧਿਕਾਰ ਹੋਣੇ ਚਾਹੀਦੇ ਹਨ।


ਕੋਈ ਅੱਖਰੀ ਭੁੱਲ ਜਾਂ ਗਲਤੀ ਹੈ? ਸਾਨੂੰ ਦੱਸੋ।

ਖੁੱਲ੍ਹਾ ਸਰੋਤ ਬਨਾਮ ਬੰਦ ਸਰੋਤ ਸਾਫ਼ਟਵੇਅਰ

ਖੁੱਲ੍ਹਾ ਸਰੋਤ ਬਨਾਮ ਬੰਦ ਸਰੋਤ ਸਾਫ਼ਟਵੇਅਰ

open vs closed

ਸਤਿ ਸ਼੍ਰੀ ਅਕਾਲ ਸਾਰੇ ਪਾਠਕਾਂ ਨੂੰ। ਸਾਫ਼ਟਵੇਅਰ ਬਾਰੇ ਤਾਂ ਮੈਂ ਆਪਣੀ ਪਿਛਲੀ ਸੰਪਾਦਨਾ(ਪੋਸਟ) ਵਿੱਚ ਜਾਣਕਾਰੀ ਸਾਂਝੀ ਕੀਤੀ ਸੀ ਅਤੇ ਥੋੜ੍ਹਾ ਜਿਹਾ ਉਨ੍ਹਾਂ ਦੀਆਂ ਕਿਸਮਾਂ ਦਾ ਜ਼ਿਕਰ ਵੀ ਨਾਲ ਹੀ ਕਰ ਦਿੱਤਾ ਸੀ। ਪਰ ਸਾਫ਼ਟਵੇਅਰਾਂ ਦੀ ਵੰਡ ਅੱਗੋਂ ਹੋਰ ਵੀ ਕਈ ਵੱਖਰੇ-ਵੱਖਰੇ ਢੰਗਾਂ ਨਾਲ ਕੀਤੀ ਗਈ ਹੈ। ਇਸ ਲਈ ਇਸ ਸੰਪਾਦਨਾ ਵਿੱਚ ਮੈਂ ਖੁੱਲੇ ਤੇ ਬੰਦ ਸਰੋਤ ਕਿਸਮ ਅਨੁਸਾਰ ਉਨ੍ਹਾਂ ਬਾਰੇ ਜਾਣਕਾਰੀ ਦੇਵਾਂਗਾ ਅਤੇ ਉਨ੍ਹਾਂ ਦੇ ਚੰਗੇ-ਮਾੜੇ ਗੁਣਾਂ ਦਾ ਜ਼ਿਕਰ ਵੀ ਜ਼ਰੂਰ ਕੀਤਾ ਜਾਵੇਗਾ। ਉਂਝ ਇਹ ਵੰਡ ਸਾਫ਼ਟਵੇਅਰਾਂ ਦੀ ਲਸੰਸ ਮੁਤਾਬਿਕ ਹੁੰਦੀ ਹੈ। ਖੁੱਲੇ ਸਰੋਤ ਨੂੰ ਅੰਗਰੇਜ਼ੀ ਵਿੱਚ ਓਪਨ ਸੋਰਸ ਅਤੇ ਬੰਦ ਸਰੋਤ ਸਾਫ਼ਟਵੇਅਰਾਂ ਨੂੰ ਕਲੋਸਡ ਸੋਰਸ ਜਾਂ ਪ੍ਰੋਪ੍ਰਾਇਟਰੀ ਭਾਵ ਮਾਲਕਾਨਾ ਸਾਫ਼ਟਵੇਅਰ ਆਖਿਆ ਜਾਂਦਾ ਹੈ।

ਇਹ ਵੀ ਦੇਖੋ:  ਸਾਫ਼ਟਵੇਅਰ ਕੀ ਹੁੰਦੇ ਹਨ?

ਖੁੱਲ੍ਹਾ ਸਰੋਤ ਸਾਫ਼ਟਵੇਅਰ

ਖੁੱਲ੍ਹਾ ਸਰੋਤ ਸਾਫ਼ਟਵੇਅਰ ਉਹ ਸਾਫ਼ਟਵੇਅਰ ਹੁੰਦੇ ਹਨ ਜਿਨ੍ਹਾਂ ਦਾ ਸਰੋਤ ਕੋਡ ਕੋਈ ਵੀ ਵਰਤ ਅਤੇ ਬਦਲ ਸਕਦਾ ਹੈ। ਇਸ ਕਿਸਮ ਦੇ ਸਾਫ਼ਟਵੇਅਰਾਂ ਦੀ ਕਾਰਜ-ਪ੍ਰਣਾਲੀ ਵਿੱਚ ਪਾਰਦਰਸ਼ਤਾ ਵੀ ਬਣੀ ਰਹਿੰਦੀ ਹੈ। ਕੋਈ ਵੀ ਵਿਕਾਸਕਾਰ (ਡਿਵਲਪਰ) ਜਾਂ ਆਦੇਸ਼ਕਾਰ (ਪ੍ਰੋਗਰਾਮਰ) ਜੋ ਕਿ ਪ੍ਰੋਗਰਾਮਿੰਗ ਦੀ ਜਾਣਕਾਰੀ ਰੱਖਦਾ ਹੈ ਇਸ ਤਰ੍ਹਾਂ ਦੇ ਸਾਫ਼ਟਵੇਅਰਾਂ ਦੇ ਸਰੋਤ ਕੋਡ ਵਿੱਚ ਸੋਧ ਕਰਕੇ ਉਨ੍ਹਾਂ ਨੂੰ ਹੋਰ ਬਿਹਤਰ ਬਣਾ ਸਕਦਾ ਹੈ। ਇਸ ਤੋਂ ਇਲਾਵਾ ਖੁੱਲੇ ਸਰੋਤ ਵਾਲੇ ਜ਼ਿਆਦਾਤਰ ਸਾਫ਼ਟਵੇਅਰ ਮੁਫ਼ਤ ਹੁੰਦੇ ਹਨ। ਅਜਿਹੇ ਸਾਫ਼ਟਵੇਅਰਾਂ ਨੂੰ ਸੋਧਣ ਤੇ ਵੰਡਣ ਦੀ ਪੂਰੀ ਖੁੱਲ੍ਹ ਹੁੰਦੀ ਹੈ। ਖੁੱਲ੍ਹੇ ਸਰੋਤ ਵਾਲੇ ਸਾਫ਼ਟਵੇਅਰਾਂ ਦੀਆਂ ਮੁੱਖ ਉਦਹਾਰਣਾਂ – ਐਂਡਰੌਇਡ, ਲੀਨਕਸ, ਗਿੰਪ, ਕ੍ਰਿਤਾ, ਡਰੂਪਲ, ਲਿਬਰ-ਆਫਿਸ, ਬਲੈਂਡਰ, ਪੈਂਸਿਲ 2-ਡੀ, ਆਦਿ ਹਨ।

ਫਾਈਦੇ
 • ਜ਼ਿਆਦਾਤਰ ਮੁਫ਼ਤ ਹੁੰਦੇ ਹਨ।
 • ਕੋਈ ਵੀ ਵਰਤੋਂਕਾਰ ਇਸ ਵਿੱਚ ਸੁਧਾਰ ਕਰਕੇ ਇਸਨੂੰ ਬਿਹਤਰ ਬਣਾ ਸਕਦਾ ਹੈ।
 • ਵਿਦਿਆਰਥੀ ਵੀ ਇਸਦੇ ਸਰੋਤ ਕੋਡ ਰਾਹੀਂ ਪ੍ਰੋਗਰਾਮਿੰਗ ਬਿਹਤਰ ਢੰਗ ਨਾਲ ਸਿੱਖ ਸਕਦੇ ਹਨ।
 • ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਇਸ ਵਿੱਚ ਸੁਧਾਰ ਆਉਂਦਾ ਰਹਿੰਦਾ ਹੈ।
ਨੁਕਸਾਨ
 • ਕਈ ਸਾਫ਼ਟਵੇਅਰ ਆਮ ਹੀ ਹੈਂਗ ਹੋ ਜਾਂਦੇ ਹਨ।
 • ਇਹਨਾਂ ਸਾਫ਼ਟਵੇਅਰਾਂ ‘ਤੇ ਕੰਮ ਕਰਨ ਵਾਲੇ ਕਈ ਵਾਰ ਕਿਸੇ ਨਵੇਂ ਪ੍ਰੋਜੈਕਟ ਦੇ ਚੱਲਣ ‘ਤੇ ਪੁਰਾਣੇ ਨੂੰ ਛੱਡ ਜਾਂਦੇ ਹਨ ਜਿਸ ਕਾਰਨ ਕਈ ਵਾਰ ਪ੍ਰੋਜੈਕਟ ਥੋੜ੍ਹਾ ਸਮਾਂ ਚੱਲ ਕੇ ਫਿਰ ਰੁਕ ਜਾਂਦਾ ਹੈ ਮਤਲਬ ਪ੍ਰੋਜੈਕਟ ਅਧੂਰੇ ਰਹਿ ਜਾਂਦੇ ਹਨ।
 • ਬਹੁਤੀ ਵਾਰ ਵਰਤੋਂਕਾਰਾਂ ਨੂੰ ਕਿਸੇ ਵੀ ਸਮੱਸਿਆ ਸਬੰਧੀ ਕੋਈ ਮਦਦ ਨਹੀਂ ਮਿਲਦੀ। ਸਾਫ਼ਟਵੇਅਰ ਚੱਲਣ ਜਾਂ ਨਾ ਚੱਲਣ ਬਾਰੇ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ।

ਇਹ ਵੀ ਦੇਖੋ:  ਪ੍ਰੋਗਰਾਮਿੰਗ ਭਾਸ਼ਾ ਬਾਰੇ ਜਾਣੋ

ਬੰਦ ਸਰੋਤ ਸਾਫ਼ਟਵੇਅਰ

ਬੰਦ ਸਰੋਤ ਸਾਫ਼ਟਵੇਅਰ ਉਹ ਹੁੰਦੇ ਹਨ ਜਿਨ੍ਹਾਂ ਦਾ ਸਰੋਤ ਕੋਡ ਸਿਰਫ਼ ਨਿਰਮਾਣਕਰਤਾ ਕੰਪਨੀ, ਵਿਅਕਤੀ ਜਾਂ ਕਿਸੇ ਵਿਅਕਤੀ-ਸਮੂਹ ਕੋਲ ਹੁੰਦਾ ਹੈ। ਇਸ ਤਰ੍ਹਾਂ ਦੇ ਸਾਫ਼ਟਵੇਅਰਾਂ ਨੂੰ ਸੋਧਣ ਅਤੇ ਵੰਡਣ ਦਾ ਹੱਕ  ਸਿਰਫ਼ ਇਹਨਾਂ ਕੋਲ ਹੀ ਹੁੰਦਾ ਹੈ। ਕੋਈ ਬਾਹਰੀ ਬੰਦਾ ਕੰਪਨੀ ਦੀ ਇਜਾਜ਼ਤ ਤੋਂ ਬਿਨ੍ਹਾਂ ਇਨ੍ਹਾਂ ਸਾਫ਼ਟਵੇਅਰਾਂ ਨੂੰ ਸੋਧ ਅਤੇ ਵੰਡ ਨਹੀਂ ਸਕਦਾ। ਜੇਕਰ ਕੋਈ ਇਹਨਾਂ ਗੱਲਾਂ ਦਾ ਉਲੰਘਣ ਕਰਦਾ ਹੈ ਤਾਂ ਉਸ ਸਰੋਤ ਕੋਡ ਦਾ ਮਾਲਕ ਉਸ ਵਿਅਕਤੀ ਉੱਪਰ ਕੇਸ ਕਰ ਸਕਦਾ ਹੈ ਜਾਂ ਫਿਰ ਜੁਰਮਾਨਾ ਵੀ ਲਗਾ ਸਕਦਾ ਹੈ। ਇਸ ਤਰ੍ਹਾਂ ਦੇ ਸਾਫ਼ਟਵੇਅਰਾਂ ਦੀਆਂ ਉਦਹਾਰਣਾਂ – ਆਈਫ਼ੋਨ ਵਿੱਚ ਵਰਤਿਆ ਜਾ ਰਿਹਾ ਆਈ.ਓ.ਐਸ, ਮਾਈਕ੍ਰੋਸਾਫ਼ਟ ਵਿੰਡੋਜ਼, ਓ.ਐਸ.ਐਕਸ, ਅਡੋਬ ਫੋਟੋਸ਼ਾਪ, ਆਈ.ਟਿਊਨਜ਼, ਵਿੱਨ-ਆਰ.ਏ.ਆਰ, ਸਕਾਈਪ ਆਦਿ।

ਫਾਈਦੇ
 • ਇਹਨਾਂ ਦੀ ਕਾਰਗੁਜ਼ਾਰੀ ਕਾਫ਼ੀ ਬਿਹਤਰ ਹੁੰਦੀ ਹੈ।
 • ਇਹਨਾਂ ‘ਚ ਖਰਾਬੀ ਆਉਣ ‘ਤੇ ਕੰਪਨੀ ਇਸ ਸਬੰਧੀ ਜ਼ਿੰਮੇਵਾਰੀ ਲੈਂਦੀ ਹੈ ਅਤੇ ਲਸੰਸ ਮੁਤਾਬਿਕ ਇਸਨੂੰ ਠੀਕ ਵੀ ਕਰਦੀ ਹੈ।
 • ਇਹ ਹੈਂਗ ਵੀ ਬਹੁਤ ਘੱਟ ਹੁੰਦੇ ਹਨ ਕਿਉਂਕਿ ਕੰਪਨੀ ਇਹਨਾਂ ਸਾਫ਼ਟਵੇਅਰਾਂ ਦੀ ਪੂਰੀ ਪਰਖ ਕਰਕੇ ਹੀ ਇਨ੍ਹਾਂ ਨੂੰ ਬਜ਼ਾਰ ਵਿੱਚ ਉਤਾਰਦੀ ਹੈ। ਜੇਕਰ ਫਿਰ ਵੀ ਕੋਈ ਖਾਮੀ ਰਹਿ ਜਾਵੇ ਤਾਂ ਕੰਪਨੀ ਵੱਲੋਂ ਵੱਖਰੇ ਪੈਚ (ਸੁਰੱਖਿਆ ਟਾਕੀਆਂ) ਵੀ ਉਪਲਬਧ ਕਰਵਾਏ ਜਾਂਦੇ ਹਨ।
ਨੁਕਸਾਨ
 • ਵਰਤੋਂਕਾਰ ਇਸਦੇ ਸਰੋਤ ਕੋਡ ਤੋਂ ਅਣਜਾਣ ਹੁੰਦੇ ਹਨ। ਉਨ੍ਹਾਂ ਨੂੰ ਸਾਫ਼ਟਵੇਅਰ ਦੀ ਕਾਰਜ-ਪ੍ਰਣਾਲੀ ਬਾਰੇ ਵੀ ਪੂਰਾ ਨਹੀਂ ਦੱਸਿਆ ਜਾਂਦਾ।
 • ਜ਼ਿਆਦਾਤਰ ਸਾਫ਼ਟਵੇਅਰ ਮੁੱਲ ਦੇ ਹੁੰਦੇ ਹਨ ਪਰ ਕਈ ਮੁਫ਼ਤ ਵੀ ਮਿਲ ਜਾਂਦੇ ਹਨ।

ਇਹ ਵੀ ਦੇਖੋ:  ਪੈਂਤੀ – ਪੰਜਾਬੀ ਯੂਨੀਕੋਡ ਫੌਂਟ

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਦੋਵੇਂ ਕਿਸਮਾਂ ਦੇ ਆਪਣੇ-ਆਪਣੇ ਫਾਈਦੇ ਤੇ ਨੁਕਸਾਨ ਹਨ ਤੇ ਦੋਵੇਂ ਕਿਸਮ ਦੇ ਸਾਫ਼ਟਵੇਅਰਾਂ ਦੀ ਵਰਤੋਂ ਵਰਤੋਂਕਾਰ ਦੀਆਂ ਲੋੜ੍ਹਾਂ ਉੱਪਰ ਨਿਰਭਰ ਕਰਦੀ ਹੈ। ਜੇਕਰ ਕਿਸੇ ਨੇ ਸਿੱਖਣ ਲਈ ਸਾਫ਼ਟਵੇਅਰਾਂ ਦੀ ਵਰਤੋਂ ਕਰਨੀ ਹੈ ਤਾਂ ਉਹ ਖੁੱਲ੍ਹੇ ਸਰੋਤ ਵਾਲੇ ਪਹਿਲਾਂ ਵਰਤ ਕੇ ਦੇਖੇ ਅਤੇ ਜੋ ਕਿੱਤਾਕਾਰੀ ਹਨ ਉਹਨਾਂ ਲਈ ਬੰਦ ਸਰੋਤ ਵਾਲੇ ਬਿਹਤਰ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਨੇ ਆਪਣਾ ਕੰਮ ਤੇਜ਼ ਗਤੀ ਅਤੇ ਪੂਰੀ ਗੁਣਵੱਤਾ ਨਾਲ ਕਰਨਾ ਹੁੰਦਾ ਹੈ। ਬਾਕੀ ਇਸ ਸਬੰਧੀ ਹੋਰ ਜਾਣਨ ਜਾਂ ਵਿਚਾਰ-ਚਰਚਾ ਲਈ ਹੇਠਾਂ ਤੁਸੀਂ ਟਿੱਪਣੀ ਵੀ ਕਰ ਸਕਦੇ ਹੋ।

ਸਾਫ਼ਟਵੇਅਰ ਕੀ ਹੁੰਦੇ ਹਨ?

ਸਾਫ਼ਟਵੇਅਰ ਕੀ ਹੁੰਦੇ ਹਨ?

software featured

ਸਾਫ਼ਟਵੇਅਰ ਇੱਕ ਤਰ੍ਹਾਂ ਦਾ ਪ੍ਰੋਗਰਾਮਾਂ ਦਾ ਸਮੂਹ ਹੁੰਦਾ  ਹੈ ਜੋ ਕਿ ਕੰਪਿਊਟਰ ਵਿੱਚ ਵੱਖ-ਵੱਖ ਤਰ੍ਹਾਂ ਦੇ ਕੰਮ ਕਰਨ ਲਈ ਵਰਤਿਆ ਜਾਂਦਾ ਹੈ। ਇਸਦੀ ਮਦਦ ਨਾਲ ਗਣਿਤਕ ਅਤੇ ਹੋਰ ਕਿਸਮ ਦੀਆਂ ਸਮੱਸਿਆਵਾਂ ਦਾ ਹੱਲ ਤੇਜ਼ੀ ਨਾਾਲ ਕੀਤਾ ਜਾ ਸਕਦਾ ਹੈ। ਹਰ ਕੰਮ ਨੂੰ ਕਰਨ ਲਈ  ਉਸ ਨਾਲ ਸਬੰਧਿਤ ਸਾਫ਼ਟਵੇਅਰ ਹੁੰਦੇ ਹਨ; ਜਿਵੇਂ ਗਣਿਤਕ ਸਮੱਸਿਆਵਾਂ ਦੇ ਹੱਲ ਲਈ ਹੋਰ ਸਾਫ਼ਟਵੇਅਰ , ਵਪਾਰਕ ਜਾਂ ਅੰਕੜਾ ਭੰਡਾਰਨ ਲਈ ਹੋਰ ਸਾਫ਼ਟਵੇਅਰ ਹੁੰਦੇ ਹਨ। ਇਸ ਤਰ੍ਹਾਂ ਲੋੜ ਮੁਤਾਬਿਕ ਕਾਫ਼ੀ ਜ਼ਿਆਦਾ ਕਿਸਮਾਂ ਦੇ ਸਾਫ਼ਟਵੇਅਰ ਹੁੰਦੇ ਹਨ ਪਰੰਤੂ ਤਕਨੀਕੀ ਤੌਰ ‘ਤੇ  ਇਹਨਾਂ ਦੀ ਵੰਡ ਇਸ ਤਰ੍ਹਾਂ ਕੀਤੀ ਗਈ ਹੈ:

 1. ਸਿਸਟਮ ਸਾਫ਼ਟਵੇਅਰ
 2. ਐਪਲੀਕੇਸ਼ਨ ਸਾਫ਼ਟਵੇਅਰ

ਇਹ ਵੀ ਦੇਖੋ:  ਪ੍ਰੋਗਰਾਮਿੰਗ ਭਾਸ਼ਾ ਬਾਰੇ ਜਾਣੋ

ਸਿਸਟਮ ਸਾਫ਼ਟਵੇਅਰ: ਇਹ ਸਾਫ਼ਟਵੇਅਰ ਕੰਪਿਊਟਰ ਨੂੰ ਚਲਾਉਣ ਲਈ ਬਹੁਤ ਜ਼ਰੂਰੀ ਹੁੰਦੇ ਹਨ। ਇਹਨਾਂ ਦੀ ਬਣਾਵਟ ਅਜਿਹੀ ਹੁੰਦੀ ਹੈ ਕਿ ਇਹ ਹਾਰਡਵੇਅਰ ਨੂੰ ਵਰਤੋਂਕਾਰਾਂ ਵੱਲੋਂ ਦਿੱਤੀਆਂ ਜਾ ਰਹੀਆਂ  ਹਦਾਇਤਾਂ ਮੁਤਾਬਕ ਕਾਬੂ ਕਰਦੇ ਹਨ। ਇਹਨਾਂ ਤੋਂ ਬਗੈਰ ਕੰਪਿਊਟਰ ਨਹੀਂ ਚੱਲ ਸਕਦਾ । ਪ੍ਰਮੁੱਖ ਸਿਸਟਮ ਸਾਫ਼ਟਵੇਅਰ – ਆਪਰੇਟਿੰਗ ਸਿਸਟਮ ਭਾਵ ਸੰਚਾਲਕ ਪ੍ਰਣਾਲੀ, ਯੂਟਿਲਟੀ ਪ੍ਰੋਗਰਾਮ, ਕੰਪਾਈਲਰ, ਆਦਿ ਹੁੰਦੇ ਹਨ।

 • ਆਪਰੇਟਿੰਗ ਸਿਸਟਮ – ਮਾਈਕਰੋਸਾਫ਼ਟ ਵਿੰਡੋਜ਼, ਮੈਕ, ਲੀਨਕਸ, ਯੂਨਿਕਸ, ਐਂਡਰੌਇਡ ਅਤੇ ਆਈ.ਓ.ਐਸ ਇਸਦੀਆਂ ਕੁਝ ਉਦਹਾਰਨਾਂ ਹਨ।
 • ਯੂਟਿਲਟੀ ਪ੍ਰੋਗਰਾਮ – ਐਂਟੀ-ਵਾਇਰਸ, ਫਾਈਲ ਪ੍ਰਬੰਧਨ, ਡਿਸਕ ਸਾਂਭ-ਸੰਭਾਲ ਸਬੰਧੀ ਸਾਫ਼ਟਵੇਅਰ  ਇਸਦੀਆਂ ਕੁਝ ਉਦਹਾਰਨਾਂ ਹਨ।
 • ਕੰਪਾਈਲਰ, ਡੀਬੱਗਰ, ਅਸੈਂਬਲਰ।

ਇਹ ਵੀ ਦੇਖੋ: ਐਂਡਰੋਇਡ ਫ਼ੋਨਾਂ ਵਿੱਚ ਮਿਲਣ ਵਾਲੀ .nomedia ਫਾਈਲ ਬਾਰੇ ਜਾਣੋ

ਐਪਲੀਕੇਸ਼ਨ ਸਾਫ਼ਟਵੇਅਰ: ਇਹ ਸਾਫ਼ਟਵੇਅਰ ਕੰਪਿਊਟਰ ਲਈ ਜ਼ਰੂਰੀ ਨਹੀਂ ਹੁੰਦੇ। ਕੰਪਿਊਟਰ ਇਹਨਾਂ ਤੋਂ ਬਗੈਰ ਵੀ ਚੱਲ ਸਕਦਾ ਹੈ। ਪਰ ਇਹਨਾਂ ਦੀ ਵਰਤੋਂ ਵਰਤੋਂਕਾਰਾਂ ਦੀਆਂ ਲੋੜਾਂ ਉੱਪਰ ਨਿਰਭਰ ਕਰਦੀ ਹੈ। ਇਹ ਸਾਫ਼ਟਵੇਅਰ ਕਿਸੇ ਵਰਤੋਂਕਾਰ ਦੀ ਕਿਸੇ ਖਾਸ ਲੋੜ ਨੂੰ ਪੂਰਾ ਕਰਨ ਲਈ ਹੁੰਦੇ ਹਨ। ਉਦਹਾਰਨ ਦੇ ਤੌਰ ‘ਤੇ ਜੇਕਰ ਕੋਈ ਵਰਤੋਂਕਾਰ ਚਿੱਤਰਕਲਾ ਦਾ ਸ਼ੌਕੀਨ ਹੈ ਤਾਂ ਉਹ ਫੋਟੋਸ਼ਾਪ, ਇਲੱਸਟ੍ਰੇਟਰ, ਕੋਰਲ ਡ੍ਰਾਅ, ਗਿੰਪ, ਆਦਿ ਸਾਫ਼ਟਵੇਅਰਾਂ ਵਰਤੇਗਾ ਅਤੋ ਜੇਕਰ ਕੋਈ ਪ੍ਰੋਗਰਾਮਿੰਗ ਵਗੈਰਾ ਦਾ ਸ਼ੌਕੀਨ ਹੈ ਤਾਂ ਡ੍ਰੀਮਵੀਵਰ, ਐਕਲਿਪਜ਼, ਟਰਬੋੋ ਸੀ, ਆਦਿ ਸਾਫ਼ਟਵੇਅਰਾਂ ਦੀ ਵਰਤੋਂ ਕਰੇਗਾ।

 • ਵਰਡ ਪ੍ਰੋਸੈਸਿੰਗ ਸਾਫ਼ਟਵੇਅਰ – ਮਾਈਕਰੋਸਾਫ਼ਟ ਵਰਡ, ਲਿਬਰ ਆਫਿਸ, ਅਡੋਬ ਪੇਜਮੇਕਰ, ਐਪਲ ਪੇਜਿਸ, ਕਿੰਗਸਾਫ਼ਟ ਆਫਿਸ, ਕੁਇੱਕ ਆਫਿਸ ਆਦਿ।
 • ਡਾਟਾਬੇਸ ਸਾਫ਼ਟਵੇਅਰ – ਔਰਾਕਲ ਆਰ.ਡੀ.ਬੀ.ਐਮ.ਐਸ, ਆਈ.ਬੀ.ਐਮ-ਡੀ.ਬੀ.2, ਮਾਈਕਰੋਸਾਫ਼ਟ ਐਸ.ਕਿਊ.ਐਲ ਸਰਵਰ, ਟੈਰਡਾਟਾ, ਮਾਈ-ਐਸ.ਕਿਊ.ਐਲ, ਮਾਈਕਰੋਸਾਫ਼ਟ ਐਕਸੈੱਸ, ਆਦਿ।
 • ਸਪਰੈੱਡਸ਼ੀਟ ਸਾਫ਼ਟਵੇਅਰ ਇਹ ਸਾਫ਼ਟਵੇਅਰ ‘ਮਾਈਕਰੋਸਾਫ਼ਟ ਐਕਸਲ ‘ਵਰਗੇ ਹੁੰਦੇ ਹਨ।
 • ਡੈਸਕਟਾਪ ਪਬਲਿਸ਼ਿੰਗ ਸਾਫ਼ਟਵੇਅਰ – ਮਾਈਕਰੋਸਾਫ਼ਟ ਪਬਲੀਸ਼ਰਰ, ਅਡੋਬ ਇੱਨਡਿਜ਼ਾਈਨ, ਕੋਰਲ ਡ੍ਰਾਅ, ਕੋਰਲ ਵੈਂਚਿਊਰਾ, ਆਦਿ।
ਪ੍ਰੋਗਰਾਮਿੰਗ ਭਾਸ਼ਾ ਬਾਰੇ ਜਾਣੋ

ਪ੍ਰੋਗਰਾਮਿੰਗ ਭਾਸ਼ਾ ਬਾਰੇ ਜਾਣੋ

featured23.png

ਪ੍ਰੋਗਰਾਮਿੰਗ ਭਾਸ਼ਾ (ਜਾਂ ਆਦੇਸ਼ਕਾਰੀ ਭਾਸ਼ਾ) ਇੱਕ ਅਜਿਹੀ ਭਾਸ਼ਾ ਹੁੰਦੀ ਜੋ ਕੀ ਕਿਸੇ ਮਸ਼ੀਨ ਨੂੰ ਆਦੇਸ਼ ਦੇਣ ਲਈ ਵਰਤੀ ਜਾਂਦੀ ਹੈ। ਇਸਦੀ ਵਾਕ-ਬਣਤਰ ਅਜਿਹੀ ਹੁੰਦੀ ਹੈ ਜਿਸਨੂੰ ਅਸੈਂਬਲਰ ਜਾਂ ਕੰਪਾਈਲਰ ਦੁਆਰਾ ਬਾਈਨਰੀ ਅੰਕਾਂ ਵਿੱਚ ਆਸਾਨੀ ਨਾਲ ਪਲਟਿਆ ਕੀਤਾ ਜਾ ਸਕਦਾ ਹੈ। ਇਹ ਆਮ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਤੋਂ ਬਹੁਤ ਭਿੰਨ ਹੁੰਦੀ ਹੈ। ਇਸ ਵਿੱਚ ਕੁਝ ਅੰਗਰੇਜ਼ੀ ਦੇ ਸ਼ਬਦ ਵਰਤੇ ਜਾਂਦੇ ਹਨ ਪਰ ਨਾਲ ਹੀ ਚਿੰਨ੍ਹਾਂ ਦੀ ਵਰਤੋਂ ਵੀ ਬਹੁਤ ਹੁੰਦੀ ਹੈ ਅਤੇ ਇਹਨਾਂ ਸ਼ਬਦ-ਚਿੰਨ੍ਹਾਂ ਨੂੰ ਇੱਕ ਖਾਸ ਢਾਂਚੇ ਵਿੱਚ ਲਿਖਿਆ ਜਾਂਦਾ ਹੈ। ਹਰੇਕ ਪ੍ਰੋਗਰਾਮਿੰਗ ਭਾਸ਼ਾ ਨੂੰ ਲਿਖਣ ਦਾ ਅੰਦਾਜ਼ ਵੱਖੋ-ਵੱਖਰਾ ਹੁੰਦਾ ਹੈ ਅਤੇ ਜੇਕਰ ਕਿਸੇ ਪ੍ਰੋਗਰਾਮ ਦੀ ਲਿਖਤ ਵਿੱਚ ਕੁਝ ਗਲਤੀ ਵੀ ਹੋ ਜਾਵੇ ਤਾਂ ਉਸਨੂੰ ਠੀਕ ਕਰਨ ਤੋਂ ਬਾਅਦ ਹੀ ਪ੍ਰੋਗਰਾਮ ਚੱਲਦਾ ਹੈ।

ਵਰਤੋਂ ਕਿੱਥੇ-ਕਿੱਥੇ ਹੁੰਦੀ ਹੈ?

ਪ੍ਰੋਗਰਾਮਿੰਗ ਭਾਸ਼ਾਵਾਂ ਦੀ ਜ਼ਿਆਦਾਤਰ ਵਰਤੋਂ ਕੰਪਿਊਟਰਾਂ ਲਈ ਹੀ ਕੀਤੀ ਜਾਂਦੀ ਹੈ। ਪਰ ਇਹ ਕੰਪਿਊਟਰ ਕਿਸੇ ਵੀ ਖੇਤਰ ਨਾਲ ਸਬੰਧਤ ਹੋ ਸਕਦੇ ਹਨ- ਸਿੱਖਿਆ, ਵਿਗਿਆਨ, ਚਕਿਤਸਾ ਅਤੇ ਵਪਾਰ। ਹਰੇਕ ਖੇਤਰ ਵਿੱਚ ਲੋੜ ਮੁਤਾਬਿਕ ਵੱਖ-ਵੱਖ ਪ੍ਰੋਗਰਾਮਿੰਗ ਭਾਸ਼ਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸਭ ਤੋ ਪਹਿਲਾਂ ਕੰਪਿਊਟਰਾਂ ਨੂੰ ਆਦੇਸ਼ ਦੇਣ ਲਈ ਪ੍ਰੋਗਰਾਮ ਬਣਾਏ ਜਾਂਦੇ ਹਨ ਫਿਰ ਉਨ੍ਹਾਂ ਨੂੰ ਕੰਪਾਈਲ ਕੀਤਾ ਜਾਂਦਾ ਹੈ ਅਤੇ ਅਤੇ ਫਿਰ ਇਸ ਤਰ੍ਹਾਂ ਵਰਤੋਂਕਾਰ ਆਪਣੀ ਲੋੜ ਮੁਤਾਬਿਕ ਵੱਖ-ਵੱਖ ਆਦੇਸ਼ ਦੇ ਕੇ ਇਹਨਾਂ ਦੁਆਰਾ ਬਣਾਏ ਪ੍ਰੋਗਰਾਮਾਂ ਦਾ ਲਾਹਾ ਉਠਾਉਂਦੇ ਹਨ। ਇਸ ਤਰ੍ਹਾਂ ਇਹਨਾਂ ਭਾਸ਼ਾਵਾਂ ਦੀ ਮਦਦ ਨਾਲ ਆਪਰੇਟਿੰਗ ਸਿਸਟਮ ਭਾਵ ਸੰਚਾਲਕ ਪ੍ਰਣਾਲੀ, ਆਦੇਸ਼ਕਾਰੀਆਂ ਅਤੇ ਸਾਫ਼ਟਵੇਅਰ ਤਿਆਰ ਕੀਤੇ ਜਾ ਸਕਦੇ ਹਨ।

ਇਹ ਵੀ ਦੇਖੋ: ਪੈਂਤੀ – ਪੰਜਾਬੀ ਯੂਨੀਕੋਡ ਫੌਂਟ

ਪ੍ਰਮੁੱਖ ਪ੍ਰੋਗਰਾਮਿੰਗ ਭਾਸ਼ਾਵਾਂ ਕਿਹੜੀਆਂ-ਕਿਰੜੀਆਂ ਹਨ?

ਪ੍ਰੋਗਰਾਮਿੰਗ ਭਾਸ਼ਾ ਜਦੋਂ ਕਦੇ ਗੱਲ ਹੋਵੇ ਤਾਂ ਸਭ ਤੋਂ ਪਹਿਲੀ ਕਤਾਰ ਵਿੱਚ ਸੀ ਅਤੇ ਸੀ++ ਦਾ ਨਾਂ ਹੀ ਸਾਹਮਣੇ ਆਉਂਦਾ ਹੈ। ਹੋਰਨਾਂ ਭਾਸ਼ਾਵਾਂ ਨੂੰ ਸਿੱਖਣ ਲਈ ਇਹਨਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਇਸਨੂੰ ਬਾਕੀ ਭਾਸ਼ਾਵਾਂ ਦਾ ਆਧਾਰ ਵੀ ਆਖਿਆ ਜਾ ਸਕਦਾ ਹੈ। ਪਰੰਤੂ ਜਨਵਰੀ 2016 ਦੇ ਟੀਅਬੇ ਨਾਂ ਦੀ ਵੈੱਬਸਾਈਟ ਦੁਆਰਾ ਕੀਤੇ ਸਰਵੇਖਣ ਅਨੁਸਾਰ 10  ਪ੍ਰਚਲਿੱਤ ਪ੍ਰੋਗਰਾਮਿੰਗ ਭਾਸ਼ਾਵਾਂ ਹੇਠ ਦਿੱਤੀ ਸਾਰਣੀ ਅਨੁਸਾਰ ਹਨ:

ਦਰਜਾਬੰਦੀ (ਜਨਵਰੀ 2016) ਪ੍ਰੋਗਰਾਮਿੰਗ ਭਾਸ਼ਾ
1 ਜਾਵਾ
2 ਸੀ
3 ਸੀ++
4 ਪਾਈਥਨ
5 ਸੀ#
6 ਪੀ.ਐਚ.ਪੀ
7 ਜਾਵਾਸਕ੍ਰਿਪਟ
8 ਪਰਲ
9 ਵਿਜ਼ੂਅਲ ਬੇਸਿਕ .ਨੈੱਟ
10 ਰੂਬੀ
ਮੂਲ ਸ੍ਰੋਤ: //www.tiobe.com

ਉਪਰੋਕਤ ਦੱਸੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪ੍ਰੋਗਰਾਮਿੰਗ ਭਾਸ਼ਾਵਾਂ ਦੇ ਨਾਂ ਇਸ ਪ੍ਰਕਾਰ ਹਨ: ਵੀ.ਬੀ ਸਕ੍ਰਿਪਟ, ਫੋਰਟ੍ਰਾਨ, ਅਸੈਂਬਲੀ ਭਾਸ਼ਾ, ਕੋਬੋਲ, ਸੀ.ਪੀ.ਐਲ, ਅਰਲੈਂਗ, ਸ਼ੈੱਲ, ਸਵਿਫ਼ਟ, ਨੋਡ(ਡਾਟ)ਜੇ.ਐਸ, ਆਦਿ।

ਇਹ ਵੀ ਦੇਖੋ: ਐਂਡਰੌਇਡ ਫ਼ੋਨਾਂ ਵਿੱਚ ਪੰਜਾਬੀ ‘ਚ ਲਿਖਣ ਲਈ ਸਭ ਤੋਂ ਬਿਹਤਰੀਨ ਕੀ-ਬੋਰਡ ਬਾਰੇ ਜਾਣੋ

ਪ੍ਰੋਗਰਾਮਿੰਗ ਭਾਸ਼ਾਵਾਂ ਕਿੱਥੋਂ ਸਿੱਖੀਏ?

ਪ੍ਰੋਗਰਾਮਿੰਗ ਭਾਸ਼ਾ ਸਿੱਖਣ ਲਈ ਕਈ ਤਰ੍ਹਾਂ ਦੀਆਂ ਆਨਲਾਈਨ ਵੈੱਬਸਾਈਟਾਂ ਉਪਲਬਧ ਹਨ। ਹਰੇਕ ਭਾਸ਼ਾ ਦੀ ਹਵਾਲਾ ਅਤੇ ਸਿੱਖਿਆ ਸਮੱਗਰੀ ਉਨ੍ਹਾਂ ਦੀ ਦਫ਼ਤਰੀ ਵੈੱਬਸਾਈਟ ਤੋਂ ਦੇਖੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਭਾਸ਼ਾਵਾਂ ਨੂੰ ਸਿੱਖਣ ਲਈ ਕਈ ਆਨਲਾਈਨ ਕੋਰਸਾਂ ਜਿਵੇਂ ਕਿ ਟੁਟੋਰੀਅਲਜ਼ ਪੁਆਇੰਟ (//www.tutorialspoint.com), ਕੋਡ ਸਕੂਲ (//www.codeschool.com), ਉਡਾਸਿਟੀ (//www.udacity.com) ਜਾਂ ਕੋਡਕੈਡਮੀ (//www.codecademy.com) ਦੀ ਵੀ ਮਦਦ ਲਈ ਜਾ ਸਕਦੀ ਹੈ।

ਇਸ ਤੋਂ ਇਲਾਵਾ ਹੇਠਾਂ ਟਿੱਪਣੀਆਂ ਰਾਹੀਂ ਤੁਸੀਂ ਆਪਣੇ ਵਿਚਾਰ ਵੀ ਪੇਸ਼ ਕਰ ਸਕਦੇ ਹੋ ਤੋ ਲੇਖ ਸਬੰਧੀ ਹੋਰ ਵੀ ਚਰਚਾ ਕਰ ਸਕਦੇ ਹੋ।

ਪੈਂਤੀ – ਪੰਜਾਬੀ ਯੂਨੀਕੋਡ ਫੌਂਟ

ਪੈਂਤੀ – ਪੰਜਾਬੀ ਯੂਨੀਕੋਡ ਫੌਂਟ

ਪੈਂਤੀ ਇੱਕ ਬਿਲਕੁਲ ਹੀ ਨਵੀਂ ਵੰਨਗੀ ਦੇ ਪੰਜਾਬੀ ਫੌਂਟ ਹਨ। ਇਸਦਾ ਅਧਾਰ ਇੱਕ ਚੌਰਸ ਡੱਬਾ ਹੈ। ਇਸ ਕਰਕੇ ਇਹਨਾਂ ਫੌਂਟਾਂ ਦਾ ਸਰੂਪ ਵੀ ਚੌਰਸ ਜਿਹਾ ਹੈ। ਇਹ ਫੌਂਟ ਤਿੰਨ ਰੂਪਾਂ ਵਿੱਚ ਲੋਕ ਅਰਪਣ ਕੀਤੇ ਗਏ ਹਨ – ਪੈਂਤੀ, ਪੈਂਤੀ ਆਮ ਅਤੇ ਪੈਂਤੀ ਫੋਨੈਟਿਕ। ‘ਪੈਂਤੀ’ ਫੌਂਟ ਲੜੀ ਪੂਰੀ ਯੂਨੀਕੋਡ ਅਧਾਰਿਤ ਹੈ ਤੇ ਇਸ ਵਿਚਲੇ ਅੰਗਰੇਜ਼ੀ ਅੱਖਰਾਂ ਦੀ ਸ਼ਕਲ ਵੀ ਚੌਰਸ ਅਧਾਰ ਵਾਲੀ ਹੀ ਹੈ। ‘ਪੈਂਤੀ ਆਮ’ ਵਿੱਚ ਕੇਵਲ ਗੁਰਮੁਖੀ ਅੱਖਰ ਹੀ ਚੌਰਸ ਅਧਾਰ ਵਾਲੇ ਹਨ ਜਦਕਿ ਅੰਗਰੇਜ਼ੀ ਅੱਖਰ ਮੂਲ ਹੀ ਹੋਣਗੇ। ਇਸ ਤੋਂ ਇਲਾਵਾ ਤੀਜੀ ਕਿਸਮ ‘ਪੈਂਤੀ ਫੋਨੈਟਿਕ’ ਹੈ ਜਿਸ ਵਿੱਚ ਅੰਗਰੇਜ਼ੀ ਅੱਖਰਾਂ ਦੀ ਧੁਨੀ ਮੁਤਾਬਿਕ ਪੰਜਾਬੀ ਅੱਖਰ ਚਿਣੇ ਹੋਏ ਹਨ। ਪੈਂਤੀ ਅਤੇ ਪੈਂਤੀ ਆਮ ਦੋਵੇਂ ਹੀ ਮਿਆਰੀ ਇਨਸਕ੍ਰਿਟ ਅਧਾਰਿਤ ਹਨ ਜਦਕਿ ਪੈਂਤੀ ਫੋਨੈਟਿਕ ਤਾਂ ਕਈ ਸਾਫਟਵੇਅਰਾਂ ਦੁਆਰਾ ਯੂਨੀਕੋਡ ਨਾ ਅਪਣਾਉਣ ਕਾਰਨ, ਵਰਤੋਂਕਾਰਾਂ ਦੀ ਸਹੂਲਤ ਮੁੱਖ ਰੱਖਦੇ ਹੋਏ, ਤਿਆਰ ਕੀਤੇ ਗਏ ਹਨ। ਇਹਨਾਂ ਦੀ ਵਿਸ਼ੇਸ਼ਤਾ, ਝਲਕ, ਗੁਣ, ਅੱਖਰ-ਕ੍ਰਮ ਅਤੇ ਡਾਊਨਲੋਡ ਕੜੀਆਂ ਬਾਰੇ ਹੇਠਾਂ ਵਿਸਥਾਰਪੂਰਵਕ ਵੇਰਵਾ ਦਿੱਤਾ ਹੋਇਆ ਹੈ।

ਵਿਸ਼ੇਸ਼ਤਾ
 1. ਨਵੀਨ ਅਤੇ ਵੱਖਰੀ ਵੰਨਗੀ
 2. ਤਿੰਨ ਵੱਖਰੀਆਂ ਕਿਸਮਾਂ ‘ਚ
  • ਪੈਂਤੀ
  • ਪੈਂਤੀ ਆਮ
  • ਪੈਂਤੀ ਫੋਨੈਟਿਕ
ਵੇਰਵਾ
ਨਾਂ ਪੈਂਤੀ, ਪੈਂਤੀ ਆਮ, ਪੈਂਤੀ ਫੋਨੈਟਿਕ
ਆਕਾਰ 57 Kb
ਰਚਨਹਾਰਾ ਸਤਨਾਮ ਸਿੰਘ ਵਿਰਦੀ
ਲਸੰਸ ਮੁਫ਼ਤ, ਵਪਾਰਕ ਅਤੇ ਨਿੱਜੀ ਵਰਤੋਂ ਲਈ
ਝਲਕ

ਇਹਨਾਂ ਫੌਂਟਾਂ ਦੀ ਝਲਕ ਹੇਠਾਂ ਦਿੱਤੀਆਂ ਤਸਵੀਰਾਂ ‘ਚੋਂ ਦੇਖੀ ਜਾ ਸਕਦੀ ਹੈ।

This slideshow requires JavaScript.

ਤਬਦੀਲੀ ਚਿੱਠਾ
ਸੰਸ. 2.0 (v2.0)
* ਫੋਨੈਟਿਕ (ਧੁਨਾਤਮਿਕ) ਫੌਂਟ ਨੂੰ ਅਨਮੋਲ ਲਿਪੀ ਅਨੁਸਾਰ ਢਾਲਿਆ।
* ਹੋਰ ਛੋਟੇ-ਮੋਟੇ ਸੁਧਾਰ ਕੀਤੇ।
ਸੰਸ. 1.0 (v1.0)
* ਸ਼ੁਰੂਆਤੀ ਸੰਸਕਰਣ(ਵਰਜਨ) ਜਾਰੀ ਕੀਤਾ।

ਡਾਊਨਲੋਡ ਕਰੋ

ਉਤਾਰੋ (ਮੁੱਖ ਕੜੀ)

ਜੇਕਰ ਉਪਰੋਕਤ ਕੜੀ ਵਿੱਚੋਂ ਫਾਈਲ ਉਤਾਰਨ(ਡਾਊਨਲੋਡ ਕਰਨ) ਵਿੱਚ ਕੋਈ ਦਿੱਕਤ ਆਵੇ ਤਾਂ ਹੇਠਾਂ ਦਿੱਤੀਆਂ ਕੜੀਆਂ ਤੋਂ ਜ਼ਿਪ ਫਾਈਲ ਉਤਾਰੋ।

ਜੇਕਰ ਉਪਰੋਕਤ ਕੜੀ ਵਿੱਚੋਂ ਵੀ ਫਾਈਲ ਉਤਾਰਨ(ਡਾਊਨਲੋਡ ਕਰਨ) ਵਿੱਚ ਕੋਈ ਦਿੱਕਤ ਆਵੇ ਤਾਂ ਸਾਡੋ ਸੰਪਰਕ ਪੰਨੇ ਰਾਹੀਂ ਜਾਂ ਸਾਡੇ ਈ-ਮੇਲ ਪਤੇ psourcehelp@gmail.com ਰਾਹੀਂ ਸਾਡੇ ਨਾਲ ਰਾਬਤਾ ਕਾਇਮ ਕਰੋ।
ਐਂਡਰੌਇਡ ਫ਼ੋਨਾਂ ਵਿੱਚ ਪੰਜਾਬੀ ‘ਚ ਲਿਖਣ ਲਈ ਸਭ ਤੋਂ ਬਿਹਤਰੀਨ ਕੀ-ਬੋਰਡ ਬਾਰੇ ਜਾਣੋ

ਐਂਡਰੌਇਡ ਫ਼ੋਨਾਂ ਵਿੱਚ ਪੰਜਾਬੀ ‘ਚ ਲਿਖਣ ਲਈ ਸਭ ਤੋਂ ਬਿਹਤਰੀਨ ਕੀ-ਬੋਰਡ ਬਾਰੇ ਜਾਣੋ

ਪੜ੍ਹਨਾ ਜਾਰੀ ਰੱਖੋ

ਐਂਡਰੋਇਡ ਫ਼ੋਨਾਂ ਵਿੱਚ ਮਿਲਣ ਵਾਲੀ .nomedia ਫਾਈਲ ਬਾਰੇ ਜਾਣੋ

ਐਂਡਰੋਇਡ ਫ਼ੋਨਾਂ ਵਿੱਚ ਮਿਲਣ ਵਾਲੀ .nomedia ਫਾਈਲ ਬਾਰੇ ਜਾਣੋ

ਪਿਆਰੇ ਸਾਥੀਓ, ਸਤਿ ਸ਼੍ਰੀ ਅਕਾਲ।
ਅੱਜ ਮੈਂ ਤੁਹਾਨੂੰ ਐਂਡਰੋਇਡ ਫ਼ੋਨਾਂ ਵਿੱਚ ਆਮ ਤੌਰ ‘ਤੇ ਮਿਲਣ ਵਾਲੀ .nomedia ਫਾਈਲ ਬਾਰੇ ਦੱਸਣ ਜਾ ਰਿਹਾ ਹਾਂ। ਇਹ ਇੱਕ ਤੰਤਰੀ (ਸਿਸਟਮ) ਫਾਈਲ ਹੈ। ਇਹ ਜ਼ਿਆਦਾਤਰ ਫ਼ੋਨ ਵਿੱਚ ਸਥਾਪਿਤ ਕੀਤੀਆਂ ਐਪਾਂ ਵਾਲੇ ਫੋਲਡਰਾਂ ਵਿੱਚ ਮਿਲਦੀ ਹੈ। ਉਂਝ ਇਸਦਾ ਆਕਾਰ ਤਾਂ 0.00B (੦ ਬਾਈਟ) ਹੁੰਦਾ ਹੈ ਪਰ ਆਪਣੇ ਕੰਮ ਕਾਰਨ ਇਹ ਫਾਈਲ ਕਾਫੀ ਮਹੱਤਵਪੂਰਨ ਹੈ। ਫਾਈਲ ਦੇ ਨਾਂ ਦੇ ਅਗੇਤਰ ਪੈਰੀਂ-ਬਿੰਦੀ (.) ਲੱਗੇ ਹੋਣ ਕਾਰਨ ਮੂਲ ਰੂਪ ਵਿੱਚ ਇਹ ਫਾਈਲ ਲੁਕੀ ਹੀ ਰਹਿੰਦੀ ਹੈ।

ਇਹ ਵੀ ਦੇਖੋ: ਆਨਲਾਈਨ ਪੰਜਾਬੀ ਦੀ ਵਰਤੋਂ ਸਬੰਧੀ ਕੁਝ ਨਿਯਮਾਂ ਦਾ ਨਿਰਮਾਣ

ਜਿਵੇਂ ਕਿ ਇਸਦੇ ਨਾਂ ਨੂੰ ਦੇਖਕੇ ਸਹਿਜੇ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫਾਈਲ (.nomedia) ਕਿਸੇ ਵੀ ਮੀਡੀਆ ਨੂੰ ਪੇਸ਼ਗੀ ਦੀ ਇਜਾਜ਼ਤ ਨਹੀਂ ਦਿੰਦੀ। ਸੋ ਇਸ ਫਾਈਲ ਦਾ ਮੁੱਖ ਕੰਮ ਤੰਤਰ ਲਈ ਲੋੜੀਂਦੀਆਂ ਤਸਵੀਰੀ ਫਾਈਲਾਂ ਨੂੰ ਸਬੰਧਿਤ ਐਪਾਂ ਦੀ ਪਹੁੰਚ ਤੋਂ ਦੂਰ ਰੱਖਣਾ ਹੈ। ਸਾਧਾਰਨ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਜਦੋਂ ਵੀ ਆਪਾਂ ਕੋਈ ਐਪ ਫ਼ੋਨ ‘ਚ ਸਥਾਪਿਤ ਕਰਦੇ ਹਾਂ ਤਾਂ ਉਸ ਐਪ ਨਾਲ ਸਬੰਧਿਤ ਫੋਲਡਰ ਵਿੱਚ ਕਈ ਤਸਵੀਰੀ ਫਾਈਲਾਂ ਬਣ ਜਾਂਦੀਆਂ ਹਨ ਜੋ ਕਿ ਉਸ ਐਪ ਲਈ ਜ਼ਰੂਰੀ ਹਨ। ਦੂਜੇ ਪਾਸੇ ਗੈਲਰੀ ਐਪ ਫਾਈਲਾਂ ਸਕੈਨ ਕਰਨ ਦੌਰਾਨ ਇਹਨਾਂ ਨੂੰ ਵੀ ਉਸ ਵਿੱਚ ਸ਼ਾਮਿਲ ਕਰ ਸਕਦੀ ਹਨ। ਪਰ ਇਹ ਫਾਈਲਾਂ ਤਾਂ ਕੇਵਲ ਐਪਾਂ ਲਈ ਹੀ ਹੁੰਦੀਆਂ ਹਨ ਵਰਤੋਂਕਾਰਾਂ ਲਈ ਨਹੀਂ। ਅਜਿਹੀ ਹਾਲਤ ਵਿੱਚ ਤੰਤਰ ਵੱਲੋਂ ਐਪਾਂ ਨਾਲ ਸਬੰਧਿਤ ਸਾਰੇ ਫੋਲਡਰਾਂ ਵਿੱਚ ਨੋ-ਮੀਡੀਆ ਫਾਈਲ ਆਪਣੇ-ਆਪ ਹੀ ਬਣਾ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਇਹ ਫਾਈਲਾਂ ਗੈਲਰੀ ਵਿੱਚ ਨਹੀਂ ਆਉਂਦੀਆਂ।

ਵਰਤੋਂਕਾਰਾਂ ਲਈ ਇਸ ਫਾਈਲ ਸਬੰਧੀ ਕੁਝ ਨੁਸਖ਼ੇ:

ਮੰਨ ਲਵੋ ਕਿ ਤੁਹਾਡੇ ਫ਼ੋਨ ਵਿੱਚ ਕੁਝ ਅਜਿਹੀਆਂ ਤਸਵੀਰਾਂ ਹਨ ਜੋ ਕਿ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੁੰਦੇ ਹੋ ਪਰ ਤੁਸੀਂ ਉਨ੍ਹਾਂ ਨੂੰ ਲੁਕਾਉਣ ਲਈ ਐਪਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਦੇ ਹੋ ਕਿਉਂਕਿ ਤੁਹਾਡਾ ਸੋਚਣਾ ਹੈ ਕਿ ਜੇਕਰ ਤੁਸੀਂ ਅਜਿਹੀ ਕੋਈ ਐਪ ਸਥਾਪਿਤ ਕਰਦੇ ਹੋ ਤਾਂ ਸਭ ਸਹਿਜੇ ਹੀ ਸਮਝ ਜਾਣਗੇ ਕਿ ਤੁਸੀਂ ਕੁਝ ਲੁਕਾਈ ਜਾ ਰਹੇ ਹੋ। ਸੋ ਇਸ ਤਰ੍ਹਾਂ ਦੀ ਸਥਿਤੀ ਤੋਂ ਬਚਣ ਲਈ .nomedia ਫਾਈਲ ਦੀ ਵਰਤੋਂ ਕੀਤੀ ਜਾ ਸਕਦੀ ਹੈ।

੧. ਸਭ ਤੋਂ ਪਹਿਲਾਂ ਇੱਕ ਨਵਾਂ ਫੋਲਡਰ ਬਣਾ ਕੇ ਉਹ ਸਾਰੀਆਂ ਤਸਵੀਰਾਂ, ਜੋ ਕਿ ਤੁਸੀਂ ਲੋਕਾਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੁੰਦੇ ਹੋ, ਇਸ ਫੋਲਡਰ ਵਿੱਚ ਰੱਖ ਦੇਵੋ।

੨. ਫਿਰ .nomedia ਨਾਂ ਦੀ ਨਵੀਂ ਫਾਈਲ ਉਸ ਫੋਲਡਰ ਵਿੱਚ ਬਣਾ ਕੇ ਰੱਖ ਦੇਵੋ।

ਇਸ ਤਰ੍ਹਾਂ ਕਰਕੇ ਤੁਸੀਂ ਆਪਣੀਆਂ ਜ਼ਰੂਰੀ ਤਸਵੀਰਾਂ ਨੂੰ ਲੋਕਾਂ ਦੀ ਪਹੁੰਚ ਤੋਂ ਦੂਰ ਰੱਖ ਸਕੋਗੇ।

ਜ਼ਰੂਰੀ ਸੂਚਨਾ-

 • ਜ਼ਿਆਦਾਤਰ ਮੂਲ ਫਾਈਲ ਪ੍ਰਬੰਧਕ (file manager) ਐਪਾਂ ਵਿੱਚ ਨਵੀਂ ਫਾਈਲ ਬਣਾਉਣ ਦੀ ਸਹੂਲਤ ਨਹੀਂ ਹੁੰਦੀ ਇਸ ਲਈ ਤੁਸੀਂ ਕੰਪਿਊਟਰ ਵਿੱਚ ਫਾਈਲ ਬਣਾ ਕੇ ਉਸ ਫੋਲਡਰ ਵਿੱਚ ਰੱਖ ਸਕਦੇ ਹੋ।
 • ਉਂਝ ਸਾਡੇ ਦੁਆਰਾ ਸਭ ਨੂੰ ਈ.ਐਸ ਫਾਈਲ ਮੈਨੇਜਰ  (ES File manager) ਵਰਤਣ ਦੀ ਸਲਾਹ ਹੀ ਦਿੱਤੀ ਜਾਂਦੀ ਹੈ। ਇਹ ਫਾਈਲ ਪ੍ਰਬੰਧਕ ਕਈ ਤਰ੍ਹਾਂ ਦੀਆਂ ਖਾਸ ਸਹੂਲਤਾਂ ਨਾਲ ਲੈਸ ਹੈ ਜੋ ਕਿ ਆਮ ਫਾਈਲ ਪ੍ਰਬੰਧਕ ਐਪਾਂ ਵਿੱਚ ਨਹੀਂ ਹੁੰਦੀਆਂ।

ਬਿਨਾਂ ਆਈਕਨ ਦੇ ਫੋਲਡਰ ਬਣਾਉਣਾ ਸਿੱਖੋ

ਪਿਆਰੇ ਸਾਥੀਓ, ਸਤਿ ਸ਼੍ਰੀ ਅਕਾਲ।
ਅਸੀਂ ਤੁਹਾਨੂੰ ਬਿਨਾਂ ਆਈਕਨ ਦੇ ਫੋਲਡਰ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ।

੧. ਸਭ ਤੋਂ ਪਹਿਲਾਂ ਜਿੱਥੇ ਕਿਤੇ ਵੀ ਫੋਲਡਰ ਬਣਾਉਣਾ ਮਾਊਸ ਦਾ ਸੱਜਾ ਬਟਨ ਨੱਪ ਕੇ new ਵਿਕਲਪ ‘ਤੇ ਫਿਰ ਬਟਨ ਨੱਪ ਕੇ folder ਵਿਕਲਪ ਚੁਣੋ।

੨. ਇਸ ਤੋਂ ਬਾਅਦ ਉਸਦਾ ਫੋਲਡਰ ਦਾ ਆਪਣੀ ਪਸੰਦ ਅਨੁਸਾਰ ਨਾਮ ਰੱਖ ਦੇਵੋ।

੩. ਨਾਮ ਨਿਰਧਾਰਤ ਕਰਨ ਤੋਂ ਬਾਅਦ ਉਸ ਫੋਲਡਰ ਉੱਤੇ ਸੱਜੀ-ਕਲਿੱਕ ਕਰਕੇ properties ‘ਤੇ ਕਲਿੱਕ ਕਰੋ। ਅਜਿਹਾ ਕਰਨ ਨਾਲ ਇੱਕ ਨਵਾਂ ਬਕਸਾ ਖੁੱਲੇਗਾ।

੪. ਇਸ ਨਵੇਂ ਬਕਸੇ ਵਿੱਚ ਟੈਬ ‘ਚ ਉਪਲਬਧ customize ਚੋਣ ਨੂੰ ਚੁਣੋ।

੫. ਇਸ ਚੋਣ ਵਿੱਚ ਸਭ ਤੋਂ ਹੇਠਾਂ ਆਈਕਨ ਬਦਲਣ ਦੀ ਸਹੂਲਤ change icon… ਸ਼ਾਮਿਲ ਹੈ, ਉਸ ‘ਤੇ ਕਲਿੱਕ ਕਰੋ।

੬. ਇਸ ਤੋਂ ਬਾਅਦ ਨਵਾਂ ਬਕਸਾ ਖੁੱਲੇਗਾ, ਜਿਸਦੀ 13ਵੀਂ ਕਤਾਰ ਦੇ ਦੂਜੇ, ਤੀਜੇ ਅਤੇ ਚੌਥੇ ਕਾਲਮ ਦੇ ਅਦ੍ਰਿਸ਼ ਆਈਕਨ ਦੀ ਚੋਣ ਕਰੋ ਅਤੇ ਫਿਰ ਇਸ ਨੂੰ save ਕਰ ਦੇਵੋ।

ਇਹ ਵੀ ਦੇਖੋ: ਬਿਨਾਂ ਨਾਮ ਦੇ ਫੋਲਡਰ ਬਣਾਉਣਾ ਸਿੱਖੋ।

ਹੁਣ ਤੁਸੀਂ ਦੇਖੋਗੇ ਕਿ ਤੁਹਾਡਾ ਬਿਨਾਂ ਆਈਕਨ ਵਾਲਾ ਫੋਲਡਰ ਤਿਆਰ ਹੋ ਗਿਆ ਹੈ। ਜੇਕਰ ਤੁਸੀਂ ਫਿਰ ਪਹਿਲਾਂ ਵਾਲਾ ਆਈਕਨ ਹੀ ਰੱਖਣਾ ਹੈ ਤਾਂ ਉਪਰੋਕਤ ਦੱਸੇ ਹੋਏ ਕਦਮ ਮੁੜ-ਦੁਹਰਾਓ ਅਤੇ ਕੋਈ ਹੋਰ ਆਈਕਨ ਚੁਣੋ ਜਾਂ ਫਿਰ restore default ‘ਤੇ ਨੱਪੋ।

ਬਿਨਾਂ ਆਦੇਸ਼ਕਾਰੀ ਤੋਂ ਫੋਲਡਰ ਨੂੰ ਜਿੰਦਰਾ (ਲੌਕ) ਕਿਵੇਂ ਲਗਾਇਆ ਜਾਵੇ

ਬਿਨਾਂ ਆਦੇਸ਼ਕਾਰੀ ਤੋਂ ਫੋਲਡਰ ਨੂੰ ਜਿੰਦਰਾ (ਲੌਕ) ਕਿਵੇਂ ਲਗਾਇਆ ਜਾਵੇ

ਪੜ੍ਹਨਾ ਜਾਰੀ ਰੱਖੋ

ਬਿਨ੍ਹਾਂ ਨਾਮ ਦੇ ਫੋਲਡਰ ਬਣਾਉਣਾ ਸਿੱਖੋ

ਬਿਨ੍ਹਾਂ ਨਾਮ ਦੇ ਫੋਲਡਰ ਬਣਾਉਣਾ ਸਿੱਖੋ

ਪਿਆਰੇ ਸਾਥੀਓ, ਸਤਿ ਸ਼੍ਰੀ ਅਕਾਲ।
ਅਸੀਂ ਅੱਜ ਤੁਹਾਨੂੰ ਕੰਪਿਊਟਰ ਬਿਨ੍ਹਾਂ ਨਾਮ ਦੇ ਮਿਸਲ-ਪਿਟਾਰਾ (ਫੋਲਡਰ) ਬਣਾਉਣ ਬਾਰੇ ਦੱਸਣ ਜਾ ਰਹੇ ਹਾਂ।

੧. ਸਭ ਤੋਂ ਪਹਿਲਾਂ ਤਾਂ ਜਿੱਥੇ ਫੋਲਡਰ ਬਣਾਉਣਾ ਹੋਵੇ ਉੱਥੇ ਖੱਬੀ-ਕਲਿੱਕ ਕਰਕੇ new ਚੋਣ ‘ਤੇ ਕਲਿੱਕ ਕਰਕੇ folder ਉਸਨੂੰ ਚੁਣੋ।

੨. ਇਸ ਤੋਂ ਬਾਅਦ ਇੱਕ ਫੋਲਡਰ ਤਿਆਰ ਹੋ ਜਾਵੇਗਾ ਅਤੇ ਤੰਤਰ ਵੱਲੋਂ ਤੁਹਾਨੂੰ ਉਸਦਾ ਨਾਂ ਰੱਖਣ ਲਈ ਆਗਤ-ਡੱਬਾ ਨਜ਼ਰ ਆਵੇਗਾ। ਇਸਦਾ ਨਾਂ alt+0160 ਜਾਂ alt+0255 ਰੱਖ ਦੇਵੋ।

੩. ਫਿਰ ਤੁਸੀਂ ਦੇਖੋਗੇ ਕਿ ਤੁਹਾਡਾ ਬਿਨ੍ਹਾਂ ਨਾਂਅ ਵਾਲਾ ਫੋਲਡਰ ਤਿਆਰ ਹੋ ਗਿਆ ਹੈ।

ਜ਼ਰੂਰੀ ਸੂਚਨਾ-
ਨਾਮਕਰਨ ਕਰਦੇ ਸਮੇਂ ਫੋਲਡਰ ਦਾ ਨਾਂ ਲਿਖਤ ਤੌਰ ‘ਤੇ alt+0160 ਨਹੀਂ ਬਲਕਿ alt ਕੁੰਜੀ ਨੱਪਦੇ ਹੋਏ 0160 ਲਿਖਣਾ ਹੈ।

ਤਕਨੀਕੀ ਸ਼ਬਦਾਵਲੀ

 • ਆਗਤ-ਡੱਬਾ ― Input Box
 • ਤੰਤਰ ― System
 • ਮਿਸਲ-ਪਿਟਾਰਾ ― Folder

ਹੋਰ ਸ਼ਬਦਾਵਲੀ ਪੜ੍ਹਨ ਲਈ ਇੱਥੇ ਨੱਪੋ।

ਪੰਜਾਬੀ ਵੈੱਬਸਾਈਟਾਂ ਦੀ ਸੂਚੀ

ਪਿਆਰੇ ਸਾਥਿਓ, ਅਸੀਂ ਤੁਹਾਨੂੰ ਇੰਟਰਨੈੱਟ ‘ਤੇ ਮੌਜੂਦ ਪੰਜਾਬੀ ਵੈੱਬਸਾਈਟਾਂ ਬਾਰੇ ਦੱਸਣ ਜਾ ਰਹੇ ਹਾਂ। ਇਹਨਾਂ ਦੀ ਸੂਚੀ ਇਸ ਪ੍ਰਕਾਰ ਹੈ:

ਜਾਣਕਾਰੀ ਭਰਪੂਰ ਵੈੱਬਸਾਈਟਾਂ :-

Punjabi Wikipedia – ਪੰਜਾਬੀ ਵਿਕੀਪੀਡੀਆ
Punjabi Pedia – ਪੰਜਾਬੀ ਪੀਡੀਆ
Veer Punjab – ਵੀਰ ਪੰਜਾਬ
Punjabi Computer – ਪੰਜਾਬੀ ਕੰਪਿਊਟਰ
JattSite – ਜੱਟ ਸਾਈਟ
5abi – 5ਆਬੀ
CP Kamboj – ਸੀ.ਪੀ ਕੰਬੋਜ
Scape Punjab – ਸਕੇਪ ਪੰਜਾਬ
Alamwalia – ਆਲਮਵਾਲੀਆ
Sabhyachar – ਸੱਭਿਆਚਾਰ
Sri Granth – ਸ਼੍ਰੀ ਗ੍ਰੰਥ
Gurbani Files – ਗੁਰਬਾਣੀ ਫਾਈਲਜ਼
Panjabi Blog – ਪੰਜਾਬੀ ਬਲੌਗ
Little Sikhs – ਲਿਟਲ ਸਿੱਖਜ਼
Samey Di Awaaz – ਸਮੇਂ ਦੀ ਅਵਾਜ਼
Shabdan De Parchave – ਸ਼ਬਦਾਂ ਦੇ ਪਰਛਾਵੇਂ
Punjab84 – ਪੰਜਾਬ ੮੪
Faiz Poetry – ਫ਼ੈਜ਼ ਪੋਇਟਰੀ
Klara Gill – ਕਲਾਰਾ ਗਿੱਲ
Panjabi Times – ਪੰਜਾਬੀ ਟਾਈਮਜ਼
Shabad Sanjh – ਸ਼ਬਦ ਸਾਂਝ
Punjabi Unicode Font – ਪੰਜਾਬੀ ਯੂਨੀਕੋਡ ਫੌਂਟ
Punjabi Center – ਪੰਜਾਬੀ ਸੈਂਟਰ
Punjabi Kalam – ਪੰਜਾਬੀ ਕਲਮ
Media Punjab – ਮੀਡੀਆ ਪੰਜਾਬ
Janta Bulletin – ਜਨਤਾ ਬੁਲੇਟਿਨ
Punjabi Reel – ਪੰਜਾਬੀ ਰੀਲ
Punjabi Times USA – ਪੰਜਾਬੀ ਟਾਈਮਜ਼ ਯੂ.ਐਸ.ਏ
Nawan Zamana – ਨਵਾਂ ਜ਼ਮਾਨਾ
NZ Tasveer News – ਨਿਃ ਜੀਃ ਤਸਵੀਰ ਨਿਊਜ਼
Punjab Express – ਪੰਜਾਬ ਐਕਸਪ੍ਰੈਸ

ਪੰਜਾਬੀ ਸਿਖਾਉਣ ਵਾਲੀਆਂ ਵੈੱਬਸਾਈਟਾਂ:-
Punjabi My Love – ਪੰਜਾਬੀ ਮਾਈ ਲਵ
Learn Punjabi – ਲਰਨ ਪੰਜਾਬੀ
Punjabi teacher – ਪੰਜਾਬੀ ਟੀਚਰ

ਪੰਜਾਬੀ ਆਗਤ ਔਜ਼ਾਰ(ਇਨਪੁੱਟ ਟੂਲਜ਼)
Gurmukhi Font Converter – ਗੁਰਮੁਖੀ ਫੌਂਟ ਕਨਵਰਟਰ

ਜ਼ਰੂਰੀ ਸੂਚਨਾ:
• ਇਹ ਵੈੱਬਸਾਈਟਾਂ ਦੀ ਸੂਚੀ ਸਾਡੇ ਦੁਆਰਾ ਗੂਗਲ ਖੋਜ ਇੰਜਣ ਰਾਹੀਂ ਕੀਤੇ ਸਰਵੇਖਣ ‘ਤੇ ਆਧਾਰਿਤ ਹੈ। ਇਨ੍ਹਾਂ ਵਿੱਚੋਂ ਕੋਈ ਵੀ ਵੈੱਬਸਾਈਟ ਸਾਡੇ ਨਾਲ ਸਬੰਧਿਤ ਨਹੀਂ ਹੈ।
• ਸਰਵੇਖਣ ਦੌਰਾਨ ਇਹ ਵੈੱਬਸਾਈਟਾਂ ਉਪਲਬਧ ਸਨ ਅਤੇ ਬਾਅਦ ਵਿੱਚ ਇਨ੍ਹਾਂ ਦੀ ਉਪਲਬਧਤਾ ਪ੍ਰਤੀ ਸਾਡੀ ਕੋਈ ਵੀ ਜ਼ਿੰਮੇਵਾਰੀ ਨਹੀਂ।
• ਜੇਕਰ ਕੋਈ ਅਜਿਹੀ ਵੈੱਬਸਾਈਟ ਜੋ ਪੰਜਾਬੀ ‘ਚ ਉਪਲਬਧ ਹੈ ਪਰ ਇਸ ਸੂਚੀ ਵਿੱਚ ਨਹੀਂ ਤਾਂ ਇਸ ਬਾਰੇ ਸਾਨੂੰ ਈ-ਮੇਲ ਰਾਹੀਂ ਦੱਸ ਸਕਦੇ ਹੋ।