ਪੰਜਾਬੀ ਸੋਰਸ ਫ਼ੌਂਟ ਪਰਿਵਾਰ ਵਿੱਚ ਸ਼ਾਮਿਲ ਹੋਏ ਦੋ ਨਵੇਂ ਮੈਂਬਰ

ਪੰਜਾਬੀ ਸੋਰਸ ਫ਼ੌਂਟ ਪਰਿਵਾਰ ਵਿੱਚ ਸ਼ਾਮਿਲ ਹੋਏ ਦੋ ਨਵੇਂ ਮੈਂਬਰ

ਪੰਜਾਬੀ ਸੋਰਸ ‘ਤੇ ਫੌਂਟ ਦੀ ਮੇਰੀ ਸ਼ੁਰੂਆਤ ਪੈਂਤੀ ਫ਼ੌਂਟ ਨਾਲ ਹੋਈ ਸੀ। ਉਸ ਤੋਂ ਬਾਅਦ ਗੁਰਤੇਜ ਕੋਹਾਰਵਾਲਾ ਜੀ ਦੀ ਹੱਥਲਿਖਤ ਦਾ ਫ਼ੌਂਟ ਬਣਾਉਣ ਦਾ ਮੌਕਾ ਮਿਲਿਆ ਤੇ ਹੁਣ ਇਸ ਕਾਰਜ ਨੂੰ ਅੱਗੇ ਤੋਰਦੇ ਹੋਏ ਦੋ ਨਵੇਂ ਫ਼ੌਂਟ ਬਣਾਏ ਹਨ – ਬਿੰਦੀ ਤੇ ਚੌਰਸ। ਨਾਂਅ ਪੜ੍ਹ ਕੇ ਹੁਣ ਤੱਕ ਥੋੜ੍ਹਾ ਅੰਦਾਜਾ ਤਾਂ ਲੱਗ ਹੀ ਗਿਆ ਹੋਣਾ ਕਿ ਇੱਕ ਫ਼ੌਂਟ ਵਿੱਚ ਬਿੰਦੀ ਦਾ ਅਹਿਮ ਰੋਲ ਹੈ ਤੇ ਦੂਜੇ ਵਿੱਚ ਚੌਰਸ ਆਕਾਰ ਦਾ। ਅੱਜ ਇਨ੍ਹਾਂ ਫ਼ੌਂਟਾਂ ਨੂੰ ਲਾਂਚ ਕਰਨ ਦਾ ਅਵਸਰ ਆਇਆ ਹੈ। ਇਨ੍ਹਾਂ ਫ਼ੌਂਟਾਂ ਬਾਰੇ ਥੋੜ੍ਹੀ ਜਿਹੀ ਚਰਚਾ ਤੇ ਝਲਕ ਇਸ ਸੰਪਾਦਨਾ ਵਿੱਚ ਅੱਗੇ ਸਾਂਝੀ ਕਰਨ ਜਾ ਰਿਹਾ ਹਾਂ।

ਇਹ ਵੀ ਦੇਖੋ:  ਇੱਕ ਸਾਲ ਦਾ ਹੋਇਆ ਕੋਹਾਰਵਾਲਾ ਫ਼ੌਂਟ

ਬਿੰਦੀ ਡਿਜ਼ਾਈਨਰ ਵੰਨਗੀ ਦਾ ਫ਼ੌਂਟ ਹੈ। ਇਸਦਾ ਅਧਾਰ ਇੱਕ ਬਿੰਦੀ ਹੋਣ ਕਾਰਨ ਇਸਦਾ ਇਹ ਨਾਂਅ ਰੱਖਿਆ ਗਿਆ ਹੈ। ਇਸ ਫ਼ੌਂਟ ਵਿੱਚ ਗੁਰਮੁਖੀ ਅੱਖਰਾਂ ਸਮੇਤ ਲਾਤੀਨੀ ਭਾਵ ਅੰਗਰੇਜ਼ੀ ਅੱਖਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।  ਇਸਦੀ ਝਲਕ ਹੇਠਾਂ ਦਿੱਤੀਆਂ ਫ਼ੋਟੋਆਂ ਵਿੱਚ ਦੇਖੀ ਜਾ ਸਕਦੀ ਹੈ।


ਚੌਰਸ ਵੀ ਬਿੰਦੀ ਵਾਂਙ ਹੀ ਡਿਜ਼ਾਈਨਰ ਵੰਨਗੀ ਦਾ ਫ਼ੌਂਟ ਹੈ। ਇਸਦਾ ਅਧਾਰ ਚੌਰਸ ਆਕਾਰ ਦੀ ਡੱਬੀ ਹੋਣ ਕਾਰਨ ਇਸਦਾ ਨਾਂਅ ਚੌਰਸ ਰੱਖਿਆ ਗਿਆ ਹੈ। ਇਸ ਵਿੱਚ ਵੀ ਗੁਰਮੁਖੀ ਤੇ ਲਾਤੀਨੀ ਅੱਖਰ ਸ਼ਾਮਿਲ ਕੀਤੇ ਗਏ ਹਨ। ਇਸਦੀ ਝਲਕ ਹੇਠਾਂ ਤਸਵੀਰਾਂ ਵਿੱਚ ਦੇਖੀ ਜਾ ਸਕਦੀ ਹੈ।

ਇਹ ਦੋਵੇਂ ਫ਼ੌਂਟ ਹੀ ਯੂਨੀਕੋਡ ਸਹਿਯੋਗੀ ਹਨ ਤੇ ਇਨ੍ਹਾਂ ਨੂੰ ਪੀਸੀ ਤੋਂ ਇਲਾਵਾ ਫ਼ੋਨਾਂ, ਵੈੱਬਸਾਈਟਾਂ ‘ਤੇ ਵੀ ਵਰਤਿਆ ਜਾ ਸਕਦਾ ਹੈ। ਤਕਨੀਕੀ ਪੱਖ ਤੋਂ ਵੀ ਇਨ੍ਹਾਂ ਫ਼ੌਂਟਾਂ ਨੂੰ ਬੇਹੱਦ ਮਜ਼ਬੂਤ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਬਾਰੇ ਵਧੇਰੇ ਜਾਣਕਾਰੀ ਇਨ੍ਹਾਂ ਦੇ ਸਬੰਧੀ ਪੰਨਿਆਂ ਤੋਂ ਪੜ੍ਹ ਸਕਦੇ ਹੋ।

ਇਹ ਵੀ ਦੇਖੋ:  ਟੋਫੂ ਬਨਾਮ ਨੋ ਮੋਰ ਟੋਫੂ ਉਰਫ਼ ਨੋਟੋ, ਨਵੇਂ ਫੌਂਟ ਪਰਿਵਾਰ ਬਾਰੇ ਜਾਣੋ

ਜੇਕਰ ਤੁਸੀਂ ਇਨ੍ਹਾਂ ਫ਼ੌਂਟਾਂ ਨੂੰ ਡਾਊਨਲੋਡ ਕਰਨਾ ਹੈ ਤਾਂ ਹੇਠਾਂ ਦੋਹਾਂ ਫ਼ੌਂਟਾਂ ਦੇ ਪੰਨਿਆਂ ਦੀਆਂ ਅਲੱਗ-ਅਲੱਗ ਕੜੀਆਂ ਦਿੱਤੀਆਂ ਗਈਆਂ ਹਨ –

ਬਿੰਦੀ ਫ਼ੌਂਟ ਦਾ ਡਾਊਨਲੋਡ ਪੰਨਾ

ਚੌਰਸ ਫ਼ੌਂਟ ਦਾ ਡਾਊਨਲੋਡ ਪੰਨਾ

ਇੱਕ ਸਾਲ ਦਾ ਹੋਇਆ ਕੋਹਾਰਵਾਲਾ ਫ਼ੌਂਟ

ਇੱਕ ਸਾਲ ਦਾ ਹੋਇਆ ਕੋਹਾਰਵਾਲਾ ਫ਼ੌਂਟ

ਬੀਤੇ ਸਾਲ ਅੱਜ ਦੇ ਦਿਨ ਪੰਜਾਬੀ ਸੋਰਸ ਵੱਲੋਂ ਕੋਹਾਰਵਾਲਾ ਫ਼ੌਂਟ ਜਾਰੀ ਕੀਤਾ ਗਿਆ ਸੀ। ਫ਼ੌਂਟ ਦਾ ਇੱਕ ਸਾਲ ਦਾ ਸਫ਼ਰ ਬੇਹੱਦ ਚੰਗਾ ਰਿਹਾ ਹੈ। ਜਿੱਥੇ ਇਹ ਫ਼ੌਂਟ ਸ਼ਾਇਰੀ ਵਾਲੀਆਂ ਤਸਵੀਰਾਂ ਦਾ ਸ਼ਿੰਗਾਰ ਬਣਿਆ ਉੱਥੇ ਹੀ ਕਈ ਗਾਣਿਆਂ ਦੇ ਕਵਰ ਵਜੋਂ ਦੀ ਇਸਦਾ ਇਸਤੇਮਾਲ ਕੀਤਾ ਗਿਆ। ਸਭ ਤੋਂ ਅਹਿਮ ਗੱਲ ਇਹ ਰਹੀ ਕਿ ਲੇਖਕ ਪਰਦੀਪ ਦੀ ਕਵਿਤਾਵਾਂ ਵਾਲੀ ਕਿਤਾਬ ‘ਅੰਤਰਾਲ’ ਵੀ ਇਸੇ ਫ਼ੌਂਟ ‘ਚ ਛਪੀ ਤੇ ਹੱਥ-ਲਿਖਤ ਫ਼ੌਂਟ ਵਿਚ ਛਪਣ ਵਾਲੀ ਪਹਿਲੀ ਪੁਸਤਕ ਬਣੀ। ਇਸ ਤੋਂ ਪਹਿਲਾਂ ਥੋੜ੍ਹਾ ਸਮਾਂ ਪਹਿਲਾਂ ਜਨਮੇਜਾ ਸਿੰਘ ਜੌਹਲ ਵੱਲੋਂ ਤਿਆਰ ਕੀਤੀ ‘ਪੰਜਾਬੀ ਸਾਫ਼ਟਵੇਅਰ ਸੀਡੀ’ ਦੇ ਸਿਰਲੇਖ ਤੇ ਕਈ ਹੋਰ ਕਿਤਾਬਾਂ ਦੇ ਪਿਛਲੇ ਸਿਰਲੇਖ ਦਾ ਵੀ ਕੋਹਾਰਵਾਲਾ ਫ਼ੌਂਟ ਸ਼ਿੰਗਾਰ ਬਣਿਆ।

This slideshow requires JavaScript.

ਕੋਹਾਰਵਾਲਾ ਫ਼ੌਂਟ ਅਸਲ ‘ਚ ਪੰਜਾਬੀ ਗ਼ਜ਼ਲਗੋ ਗੁਰਤੇਜ ਸਿੰਘ ਕੋਹਾਰਵਾਲਾ ਦੀ ਹੱਥ-ਲਿਖਤ ‘ਤੇ ਅਧਾਰਿਤ ਹੈ ਜਿਸ ਕਾਰਨ ਇਸਦਾ ਨਾਂਅ ਵੀ ਕੋਹਾਰਵਾਲਾ ਹੀ ਰੱਖਿਆ ਗਿਆ ਹੈ। ਫ਼ੌਂਟ ਜਾਰੀ ਕਰਨ ਵੇਲੇ ਲੋਕਾਂ ਦਾ ਇੰਨਾ ਪਿਆਰ ਮਿਲਿਆ ਕਿ ਜਾਰੀਕਰਨ ਤੋਂ ਬਾਅਦ ਇੱਕ-ਦੋ ਦਿਨਾਂ ਅੰਦਰ ਹੀ 1000+ ਲੋਕਾਂ ਨੇ ਡਾਊਨਲੋਡ ਕੀਤਾ ਤੇ ਹੁਣ ਤੱਕ ਇਸਨੂੰ 1800+ ਕੰਪਿਊਟਰਾਂ ‘ਤੇ ਡਾਊਨਲੋਡ ਕੀਤਾ ਜਾ ਚੁੱਕਿਆ ਹੈ।

ਤਕਨੀਕੀ ਪੱਖੋਂ ਵਿਚਾਰਿਆ ਜਾਵੇ ਇਹ ਫ਼ੌਂਟ ਪੰਜਾਬੀ ਦੇ ਉਨ੍ਹਾਂ ਗਿਣੇ-ਚੁਣੇ ਫ਼ੌਂਟਾਂ ਵਿੱਚੋਂ ਹੈ ਜੇ ਕਿ ਯੂਨੀਕੋਡ ਨੂੰ ਭਰਵਾਂ  ਸਮਰਥਨ ਦਿੰਦੇ ਹਨ। ਸੌਖੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਇਹ ਰਾਵੀ-ਅਧਾਰਿਤ ਫ਼ੌਂਟ ਹੈ। ਇਸਨੂੰ ਫ਼ੋਨਾਂ, ਕੰਪਿਊਟਰਾਂ, ਪ੍ਰਿੰਟਿੰਗ ਵਿੱਚ ਅਸਾਨੀ ਨਾਲ ਵਰਤੋਂ ‘ਚ  ਲਿਆਂਦਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵੈੱਬਸਾਈਟਾਂ ਲਈ ਵੀ ਇਸ ਫ਼ੌਂਟ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਡਾਊਨਲੋਡ

ਪੰਜਾਬੀ ਦੇ ਇਸ ਖ਼ੂਬਸੂਰਤ ਫ਼ੌਂਟ ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੀ ਕੜੀ ਖੋਲ੍ਹੋ:

ਕੋਹਾਰਵਾਲਾ ਫ਼ੌਂਟ ਡਾਊਨਲੋਡ ਕਰੋ

ਐਂਡਰੌਇਡ: ਫ਼ੋਲਡਰਾਂ ਸਬੰਧੀ ਜਾਣਕਾਰੀ

ਐਂਡਰੌਇਡ: ਫ਼ੋਲਡਰਾਂ ਸਬੰਧੀ ਜਾਣਕਾਰੀ

android folders featured

ਐਂਡਰੌਇਡ ਦੇ ਲੀਨਕਸ ‘ਤੇ ਅਧਾਰਿਤ ਹੋਣ ਕਾਰਨ ਇਸਦੇ ਸਿਸਟਮ ਦੀਆਂ ਸਭ ਫ਼ਾਈਲਾਂ ਫ਼ੋਲਡਰਾਂ ਦੇ ਰੂਪ ਵਿੱਚ ਹੁੰਦੀਆਂ ਹਨ। ਪਰ ਉਹਨਾਂ ਵਿੱਚੋਂ ਆਮ ਵਰਤੋਂਕਾਰ ਕੇਵਲ ਮਨਜੂਰਸ਼ੁਦਾ ਫ਼ੋਲਡਰ — ਜਿਹਨਾਂ ਵਿੱਚ ਉਹ ਆਪਣੀਆਂ ਨਿੱਜੀ ਫ਼ਾਈਲਾਂ ਸਾਂਭ ਕੇ ਰੱਖਦੇ ਹਨ — ਹੀ ਦੇਖ ਅਤੇ ਸੋਧ ਸਕਦੇ ਹਨ। ਇਹਨਾਂ ਮਨਜੂਰਸ਼ੁਦਾ ਫ਼ੋਲਡਰਾਂ ਵਿੱਚ ਨਿੱਜੀ ਫ਼ੋਲਡਰਾਂ ਤੋਂ ਇਲਾਵਾ ਐਪਲੀਕੇਸ਼ਨਾਂ ਦੇ ਫ਼ੋਲਡਰ ਵੀ ਮੌਜੂਦ ਹੁੰਦੇ ਹਨ। ਹਰੇਕ ਐਪ ਆਪਣੇ ਨਾਲ ਸਬੰਧਤ ਫ਼ੋਲਡਰ ਬਣਾਉਂਦੀ ਹੈ ਜਿਸ ਕਾਰਨ ਫ਼ਾਈਲ ਮੈਨੇਜਰ ਵਿੱਚ ਵਾਧੂ ਫ਼ੋਲਡਰ ਆਮ ਹੀ ਦੇਖੇ ਜਾ ਸਕਦੇ ਹਨ।

ਇਹ ਵੀ ਦੇਖੋ:  ਸਾਫ਼ਟਵੇਅਰ ਕੀ ਹੁੰਦੇ ਹਨ?

ਪਰ ਜਦੋਂ ਐਪਲੀਕੇਸ਼ਨਾਂ ਦੀ ਸਥਾਪਤੀ ਰੱਦ ਜਾਂਦੀ ਹੈ ਭਾਵ ਉਹਨਾਂ ਨੂੰ ਅਣ-ਇੰਸਟਾਲ ਕਰਨ ਉਪਰੰਤ ਵੀ ਉਹਨਾਂ ਨਾਲ ਸਬੰਧਤ ਫ਼ੋਲਡਰ ਬਚੇ ਰਹਿ ਜਾਂਦੇ ਹਨ ਜੋ ਕਿ ਫਾਲਤੂ ਜਗ੍ਹਾ ਘੇਰਦੇ ਹਨ। ਇਹਨਾਂ ਵਾਧੂ ਫ਼ੋਲਡਰਾਂ ਨੂੰ ਮਿਟਾਉਣ ਸਮੇਂ ਕਈ ਵਾਰ  ਜ਼ਰੂਰੀ ਫ਼ੋਲਡਰ ਮਿਟ ਜਾਣ ਕਾਰਨ ਕੁਝ ਐਪਾਂ ਫ਼ੋਨ ਵਿੱਚੋਂ ਉੱਡ ਜਾਂਦੀਆਂ ਹਨ। ਇਸ ਸਮੱਸਿਆ ਨਾਲ ਨਜਿੱਠਣ ਲਈ ਐਂਡਰੌਇਡ ਦੀ ਫ਼ੋਲਡਰੀ ਬਣਤਰ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ।

File Manager Diff.png

ਐਂਡਰੌਇਡ ਫ਼ੋਲਡਰ ਬਣਤਰ

ਐਂਡਰੌਇਡ ਵਿੱਚ ਵਿੰਡੋਜ਼ ਵਾਂਗ ਡਿਸਕ ਸਿਸਟਮ ਨਹੀਂ ਹੈ। ਇਸ ਕਰਕੇ ਇਸ ਵਿੱਚ ਲੋਕਲ ਡਿਸਕਾਂ ਵੱਖ-ਵੱਖ ਨਹੀਂ ਹੁੰਦੀਆਂ। ਲੀਨਕਸ ਵਾਂਗ ਸਿੰਗਲ ਰੂਟ ਸਿਸਟਮ ਹੁੰਦਾ ਹੈ ਤੇ ਇਸ ਸਿੰਗਲ ਰੂਟ ਵਿੱਚ ਹੀ ਅੱਗੇ ਸਟੋਰੇਜ ਵਾਲਾ ਉਹ ਹਿੱਸਾ ਹੁੰਦਾ ਹੈ ਜਿਸਨੂੰ ਆਪਾਂ ਅਕਸਰ ਫ਼ਾਈਲਾਂ ਸਾਂਭਣ ਲਈ ਵਰਤਦੇ ਹਾਂ। ਇਸਨੂੰ sdcard ਨਾਲ ਦਰਸਾਇਆ ਜਾਂਦਾ ਹੈ ਤੇ ਜਦੋਂ ਆਪਾਂ ਫ਼ਾਈਲ ਮੈਨੇਜਰ ਖੋਲ੍ਹਦੇ ਹਾਂ ਤਾਂ ਉਸ ਵਿੱਚ ਦਿਖਾਈ ਦੇਣ ਵਾਲੇ ਸਭ ਫ਼ੋਲਡਰ sdcard ਫ਼ੋਲਡਰ ਵਿੱਚ ਹੀ ਬਣੇ ਹੁੰਦੇ ਹਨ।

ਇਸ sdcard ਡਾਇਰੈਕਟਰੀ ਵਿੱਚ ਮੂਲ ਰੂਪ ਵਿੱਚ ਕੁਝ ਅਜਿਹੇ ਫ਼ੋਲਡਰ ਹੁੰਦੇ ਹਨ ਜੋ ਕਿ ਲਗਪਗ ਸਾਰੇ ਫ਼ੋਨਾਂ ਵਿੱਚ ਇੱਕ-ਸਮਾਨ ਹੁੰਦੇ ਹਨ; ਜਿਵੇਂ– Android, Backup, Bluetooth, DCIM, Download, LOST.DIR, Pictures, ਆਦਿ। ਇਹਨਾਂ ਤੋਂ ਇਲਾਵਾ ਕੁਝ ਲੁਕਵੇਂ ਫ਼ੋਲਡਰ ਵੀ ਹੁੰਦੇ ਹਨ; ਜਿਵੇਂ– .android_secure, .DataStorage, .tmp, ਆਦਿ। ਇਹਨਾਂ ਤੋਂ ਇਲਾਵਾ ਬਾਕੀ ਸਭ ਫ਼ੋਲਡਰ ਤੀਜੀ-ਧਿਰ ਦੀਆਂ ਐਪਾਂ ਨਾਲ ਸਬੰਧਤ ਹੁੰਦੇ ਹਨ। ਇਹਨਾਂ ਸਭ ਫ਼ੋਲਡਰਾਂ ਦੇ ਮਹੱਤਵ ਨੂੰ ਜਾਣਨ ਲਈ ਇਹਨਾਂ ਬਾਰੇ ਵਿਸਥਾਰਪੂਰਵਕ ਵਰਣਨ ਹੇਠ ਲਿਖੇ ਅਨੁਸਾਰ ਹੈ:

 • Android: ਇਹ ਐਂਡਰੌਇਡ ਆਪਰੇਟਿੰਗ ਸਿਸਟਮ ਦਾ ਇੱਕ ਅਹਿਮ ਫ਼ੋਲਡਰ ਹੈ ਜਿਸ ਵਿੱਚ ਫ਼ੋਨ ਵਿੱਚ ਇੰਸਟਾਲ ਕੀਤੀਆਂ ਐਪਲੀਕੇਸ਼ਨਾਂ ਦੀਆਂ ਜ਼ਰੂਰੀ ਫ਼ਾਈਲਾਂ ਤੇ ਕੈਸ਼-ਭੰਡਾਰ ਜਮ੍ਹਾਂ ਹੁੰਦਾ ਹੈ। ਜੇਕਰ ਮੰਨ ਲਓ ਇਸ ਫ਼ੋਲਡਰ ਨੂੰ ਮਿਟਾ ਦਿੱਤਾ ਜਾਵੇ ਤਾਂ ਐਪ ਇਸ ਨਾਲ ਪ੍ਰਭਾਵਿਤ ਹੋਵੇਗੀ ਤੇ ਉਸਨੂੰ ਇਸ ਵਿੱਚ ਮੌਜੂਦ ਫ਼ਾਈਲਾਂ ਮੁੜ ਨਵੇਂ ਸਿਰਿਓਂ ਬਣਾਉਣੀਆਂ ਪੈਣਗੀਆਂ। ਇਸ ਕਰਕੇ ਇਸ ਫ਼ੋਲਡਰ ਨੂੰ ਕਦੇ ਵੀ ਡਲੀਟ ਨਾ ਕਰੋ। ਇਸ ਫ਼ੋਲਡਰ ਵਿਚਲੀਆਂ ਫ਼ਾਈਲਾਂ ਅੱਗੋਂ ਦੋ ਫ਼ੋਲਡਰਾਂ ਵਿੱਚ ਤਕਸੀਮ ਹੁੰਦੀਆਂ ਹਨ:
  • data: ਇਸ ਫ਼ੋਲਡਰ ਵਿੱਚ ਐਪਲੀਕੇਸ਼ਨਾਂ ਦਾ ਸਾਰੇ ਕੈਸ਼-ਭੰਡਾਰ ਤੇ ਹੋਰ ਡਾਟਾ ਜਮ੍ਹਾਂ ਹੁੰਦਾ ਹੈ। ਸਾਰੇ ਫ਼ੋਲਡਰਾਂ ਦਾ ਨਾਂਅ com(dot)company_name(dot)app_name ਫ਼ਾਰਮੈਟ ਵਿੱਚ ਹੁੰਦਾ ਹੈ। ਸਭ ਤੋਂ ਅਖ਼ੀਰ ‘ਤੇ system ਨਾਂਅ ਦਾ ਫ਼ੋਲਡਰ ਹੁੰਦਾ ਹੈ ਜਿਸ ਵਿੱਚ ਕੁਝ ਲੋੜੀਂਦੇ ਡਰਾਈਵਰ ਹੁੰਦੇ ਹਨ।
  • obb: ਇਸਦਾ ਪੂਰਾ ਨਾਂਅ Opaque Binary Blob ਹੁੰਦਾ ਹੈ ਤੇ ਇਸ ਫ਼ੋਲਡਰ ਵਿੱਚ ਉਹ ਫ਼ਾਈਲਾਂ ਹੁੰਦੀਆਂ ਹਨ ਜੋ ਕਿ ਵੱਡੀਆਂ ਗੇਮਾਂ ਦੇ ਨਾਲ ਡਾਊਨਲੋਡ ਹੁੰਦੀਆਂ ਹਨ। ਜੇਕਰ ਤੁਸੀਂ ਫ਼ੋਨ ਵਿੱਚ ਜੀ.ਟੀ.ਏ ਵਾਈਸਸਿਟੀ ਗੇਮ ਭਰੀ ਹੋਵੇ ਤਾਂ ਜਿਹੜੀ 1.38  GB ਦੀ ਫ਼ਾਈਲ ਡਾਊਨਲੋਡ ਕੀਤੀ ਸੀ ਤਾਂ ਉਹ ਇੱਥੇ ਪਈ ਹੋਵੇਗੀ।
 • Backup: ਸਿਸਟਮ ਵੱਲੋਂ ਕੀਤਾ ਗਿਆ ਬੈਕਅੱਪ ਇਸ ਫ਼ੋਲਡਰ ਵਿੱਚ ਬਣਦਾ ਹੈ।
 • Bluetooth: ਬਲੂਟੁੱਥ ਨਾਲ ਮੰਗਵਾਈ/ਪ੍ਰਾਪਤ ਕੀਤੀਆਂ ਫ਼ਾਈਲਾਂ ਇਸ ਫ਼ੋਲਡਰ ਵਿੱਚ ਮਿਲਦੀਆਂ ਹਨ।
 • DCIM: ਇਸਦਾ ਪੂਰਾ ਨਾਂਅ Digital Camera IMages ਹੈ ਤੇ ਇਸ ਫ਼ੋਲਡਰ ਵਿੱਚ ਕੈਮਰੇ ਰਾਹੀਂ ਖਿੱਚੀਆਂ ਫ਼ੋਟੋਆਂ ਤੇ ਉਹਨਾਂ ਨਾਲ ਬਣੇ ਥੰਬਨੇਲ ਹੁੰਦੇ ਹਨ। ਇਸ ਫ਼ੋਲਡਰ ਵਿੱਚ ਵੀ ਅੱਗੋਂ 2-3 ਫ਼ੋਲਡਰ ਹੁੰਦੇ ਹਨ:
  • 100ANDRO:  ਕੁਝ ਫ਼ੋਨ ਇਸ ਫ਼ੋਲਡਰ ਵਿੱਚ ਫ਼ੋਨ ਦੇ ਕੈਮਰੇ ਰਾਹੀਂ ਖਿੱਚੀਆਂ ਤਸਵੀਰਾਂ ਨੂੰ ਸਾਂਭਦੇ ਹਨ ਤੇ Camera ਫ਼ੋਲਡਰ ਨੂੰ ਖਾਲੀ ਰੱਖਦੇ ਹਨ।
  • Camera: ਕਈ ਫ਼ੋਨਾਂ ਵਿੱਚ ਇਸ ਫ਼ੋਲਡਰ ਵਿੱਚ ਫ਼ੋਨ ਦੇ ਕੈਮਰੇ ਰਾਹੀਂ ਖਿੱਚੀਆਂ ਤਸਵੀਰਾਂ ਨੂੰ ਸਾਂਭਿਆ ਜਾਂਦਾ ਹੈ ਤੇ 100ANDRO ਫ਼ੋਲਡਰ ਖਾਲੀ ਰਹਿੰਦਾ ਹੈ।
  • .thumbnail: ਇਹ ਫ਼ੋਲਡਰ ਇੱਕ ਲੁਕਵਾਂ ਫ਼ੋਲਡਰ ਹੁੰਦਾ ਹੈ ਤੇ ਇਸ ਵਿੱਚ ਤਸਵੀਰਾਂ ਦੇ ਥੰਬਨੇਲ ਬਣਦੇ ਹਨ। ਕੁਝ ਫ਼ੋਨਾਂ ਵਿੱਚ ਇਹ ਫ਼ੋਲਡਰ DCIM ਫ਼ੋਲਡਰ ਤੋਂ ਬਾਹਰ ਸਥਿੱਤ ਹੁੰਦਾ ਹੈ।
 • Download: ਇਸ ਫ਼ੋਲਡਰ ਵਿੱਚ ਡਿਫ਼ਾਲਟ ਬ੍ਰਾਊਜ਼ਰ, ਡਾਊਨਲੋਡ ਮੈਨੇਜਰ, ਕਰੋਮ, ਆਦਿ ਵੱਲੋਂ ਡਾਊਨਲੋਡ ਕੀਤੀਆਂ ਫ਼ਾਈਲਾਂ ਸਾਂਭੀਆਂ ਹੁੰਦੀਆਂ ਹਨ।
 • LOST.DIR: ਇਹ ਫ਼ੋਲਡਰ ਇੱਕ ਸਿਸਟਮ ਫ਼ੋਲਡਰ ਹੈ ਜੋ ਕਿ ਵਿਡੋਜ਼ ਦੇ Recycle Bin ਵਾਂਗ ਹੀ ਕੰਮ ਕਰਦਾ ਹੈ। ਇਸ ਫ਼ੋਲਡਰ ਵਿੱਚ ਬਣੀਆਂ ਫ਼ਾਈਲਾਂ ਰਿਕਵਰੀਯੋਗ ਹੁੰਦੀਆਂ ਹਨ। ਆਮ ਤੌਰ ‘ਤੇ ਇਹ ਫ਼ੋਲਡਰ ਖਾਲੀ ਰਹਿੰਦਾ ਹੈ। ਇਸ ਵਿੱਚ ਫ਼ਾਈਲਾਂ ਉਸ ਸਮੇਂ ਬਣਦੀਆਂ ਹਨ ਜਦੋਂ ਫ਼ੋਨ ‘ਤੇ ਕੋਈ ਕਾਰਜ ਚੱਲ ਰਿਹਾ ਹੋਵੇ ਤੇ ਕਿਸੇ ਕਾਰਨਵੱਸ ਵਿੱਚ ਵਿਘਨ ਪੈਣ ‘ਤੇ ਕਾਰਜ ਅਧੂਰਾ ਹੀ ਰੁਕ ਜਾਵੇ। ਅਜਿਹੀ ਹਾਲਤ ਵਿੱਚ ਅਧੂਰੀਆਂ ਫ਼ਾਈਲਾਂ ਇਸ ਫ਼ੋਲਡਰ ਵਿੱਚ ਬਣ ਜਾਂਦੀਆਂ ਹਨ। ਪਰੰਤੂ ਇਹ ਫ਼ਾਈਲਾਂ ਕਿਸੇ ਤੀਜੀ-ਧਿਰ ਦੀ ਐਪ ਰਾਹੀਂ ਰਿਕਵਰ ਵੀ ਹੋ ਸਕਦੀਆਂ ਹਨ।
 • Pictures: ਇਸ ਫ਼ੋਲਡਰ ਵਿੱਚ ਡਿਫ਼ਾਲਟ ਤਸਵੀਰਾਂ ਹੁੰਦੀਆਂ ਹਨ।
 • Videos: ਇਸ ਫ਼ੋਲਡਰ ਵਿੱਚ ਡਿਫ਼ਾਲਟ ਵੀਡੀਓਜ਼ ਹੁੰਦੀਆਂ ਹਨ।
 • .android_secure: ਇਹ ਅਤਿ ਸੰਵੇਦਨਸ਼ੀਲ ਫ਼ੋਲਡਰ ਹੈ ਤੇ ਇਕਲੌਤਾ ਅਜਿਹਾ ਫ਼ੋਲਡਰ ਹੈ ਜੋ ਕਿ ਕਿਸੇ ਵੀ ਐਂਡਰੌਇਡ ਫ਼ਾਈਲ ਮੈਨੇਜਰ ਵਿੱਚ ਦਿਖਾਈ ਨਹੀਂ ਦਿੰਦਾ। ਇਸ ਵਿੱਚ ਇੰਸਟਾਲ ਐਪਾਂ ਦੀਆਂ .asec ਫ਼ਾਈਲਾਂ ਹੁੰਦੀਆਂ ਹਨ। ਇਸ ਫ਼ੋਲਡਰ ਨੂੰ ਕੇਵਲ ਕੰਪਿਊਟਰ ‘ਤੇ ਹੀ ਦੇਖਿਆ ਜਾ ਸਕਦਾ ਹੈ। ਜੇਕਰ ਇਹ ਫ਼ੋਲਡਰ ਗਲਤੀ ਨਾਲ ਮਿਟ ਗਿਆ ਤਾਂ ਸਭ ਇੰਸਟਾਲ ਕੀਤੀਆਂ ਐਪਲੀਕੇਸ਼ਨਾਂ ਕੰਮ ਨਹੀਂ ਕਰਨਗੀਆਂ ਤੇ ਉਹਨਾਂ ਨੂੰ ਫਿਰ ਦੁਬਾਰਾ ਇੰਸਟਾਲ ਕਰਨ ਦੀ ਨੌਬਤ ਵੀ ਆ ਸਕਦੀ ਹੈ। ਇਸ ਲਈ ਇਸ ਫ਼ੋਲਡਰ ਨੂੰ ਭੁੱਲ ਕੇ ਵੀ ਡਲੀਟ ਨਾ ਕਰੋ!

ਇਹ ਵੀ ਦੇਖੋ:  ਐਂਡਰੌਇਡ: ਜਾਣ-ਪਹਿਚਾਣ

ਲੁਕਵੇਂ ਫ਼ੋਲਡਰ

hiden-folders

ਐਂਡਰੌਇਡ ਆਪਰੇਟਿੰਗ ਸਿਸਟਮ ਵਿੱਚ ਲੁਕਵੇਂ ਫ਼ੋਲਡਰ ਬਣਾਉਣ ਦੀ ਸਹੂਲਤ ਹੁੰਦੀ ਹੈ। ਇਸ ਵਿੱਚ ਲੁਕਵੇਂ ਫ਼ੋਲਡਰ ਬਣਾਉਣ ਲਈ ਉਹਨਾਂ ਦਾ ਨਾਂਅ ਬਦਲਦੇ ਸਮੇਂ ਨਾਂਅ ਅੱਗੇ ਬਿੰਦੀ ਲਗਾ ਦਿੱਤੀ ਜਾਂਦੀ ਹੈ; ਜਿਵੇਂ:- .Android, .tmp, .estrongs, ਆਦਿ। ਪਰੰਤੂ ਜਦੋਂ ਫ਼ੋਨ ਨੂੰ ਕੰਪਿਊਟਰ ਨਾਲ ਕਨੈਕਟ ਕੀਤਾ ਜਾਂਦਾ ਹੈ ਤਾਂ ਇਹ ਲੁਕਵੇਂ ਫ਼ੋਲਡਰ ਦਿਖਾਈ ਦੇਣ ਲੱਗ ਪੈਂਦੇ ਹਨ ਕਿਉਂਕਿ ਵਿੰਡੋਜ਼ ਇਹਨਾਂ ਨੂੰ ਆਮ ਫ਼ੋਲਡਰਾਂ ਵਜੋਂ ਹੀ ਕੰਪਾਈਲ ਕਰਦਾ ਹੈ। ਜੇਕਰ ਐਂਡਰੌਇਡ ਵਿੱਚ ਇਹ ਫ਼ੋਲਡਰ ਦੇਖਣੇ ਹੋਣ ਤਾਂ ਫ਼ਾਈਲ ਮੈਨੇਜਰ ਖੋਲ੍ਹ ਕੇ ਤਿੰਨ-ਬਿੰਦੀਆਂ ਵਾਲੇ ਬਟਨ ਨੂੰ ਦਬਾਕੇ “Show Hidden Folders” ਨੂੰ ਦਬਾਓ।

ਇਹ ਐਂਡਰੌਇਡ ਦੇ ਫ਼ਾਈਲ ਸਿਸਟਮ ਦਾ ਇੱਕ ਸੰਖੇਪ ਜਿਹਾ ਵਰਣਨ ਹੈ। ਇਸ ਵਿੱਚ ਸਭ ਫ਼ੋਲਡਰਾਂ ਬਾਰੇ ਥੋੜ੍ਹਾ ਜਿਹਾ ਚਾਣਨਾ ਪਾਇਆ ਗਿਆ ਹੈ ਜਿਸ ਨਾਲ ਤੁਹਾਨੂੰ ਹਰ ਫ਼ੋਲਡਰ ਬਾਰੇ ਜ਼ਰੂਰੀ ਜਾਣਕਾਰੀ ਮਿਲ ਜਾਵੇਗੀ। ਜੇਕਰ ਤੁਹਾਡੇ ਮਨ ਵਿੱਚ ਇਸ ਵਿਸ਼ੇ ਨੂੰ ਲੈ ਕੇ ਕੋਈ ਸੁਆਲ ਹੈ ਤਾਂ ਹੋਠਾਂ ਟਿੱਪਣੀ-ਬਕਸੇ ਵਿੱਚ ਆਪਣਾ ਸੁਆਲ ਪੁੱਛ ਸਕਦੇ ਹੋ।

ਐਂਡਰੌਇਡ: ਜਾਣ-ਪਹਿਚਾਣ

ਐਂਡਰੌਇਡ: ਜਾਣ-ਪਹਿਚਾਣ

flowroot6660

ਐਂਡਰੌਇਡ ਇੱਕ ਖੁੱਲ੍ਹੇ ਸਰੋਤ ਵਾਲਾ ਆਪਰੇਟਿੰਗ ਸਿਸਟਮ ਹੈ ਜੋ ਕਿ ਲੀਨਕਸ ਕਰਨਲ ‘ਤੇ ਅਧਾਰਿਤ ਹੈ। ਇਸਦਾ ਨਿਰਮਾਣ ਟੱਚ ਸਕਰੀਨੀ ਉਪਕਰਨਾਂ ਲਈ ਕੀਤਾ ਗਿਆ ਸੀ। ਪਹਿਲਾਂ-ਪਹਿਲ ਇਸਦੀ ਵਰਤੋਂ ਕੇਵਲ ਸਮਾਰਟਫ਼ੋਨਾਂ ਤੇ ਟੈਬਲਟਾਂ ਵਿੱਚ ਕੀਤੀ ਜਾਂਦੀ ਸੀ ਪਰੰਤੂ ਹੁਣ ਇਸਦੀ ਵਰਤੋਂ ਟੈਲੀਵਿਜ਼ਨਾਂ ਵਿੱਚ ਐਂਡਰੌਇਡ ਟੀਵੀ ਵਜੋਂ, ਕਾਰਾਂ ਵਿੱਚ ਐਂਡਰੌਇਡ ਆਟੋ ਵਜੋਂ ਤੇ ਸਮਾਰਟ ਘੜੀਆਂ ਵਿੱਚ ਐਂਡਰੌਇਡ ਵੀਅਰ ਵਜੋਂ ਕੀਤੀ ਜਾ ਰਹੀ ਹੈ। ਐਂਡਰੌਇਡ ਦਾ ਇੰਟਰਫ਼ੇਸ ਬੜਾ ਹੀ ਸਰਲ ਢੰਗ ਦਾ ਹੈ। ਇਸ ਵਿੱਚ ਬਹੁਤ ਸਾਰੇ ਕੁਦਰਤੀ ਤੱਤ, ਜਿਵੇਂ- ਸਵਾਈਪਿੰਗ (ਉਂਗਲ ਘਸਾਕੇ), ਟੈਪਿੰਗ (ਉਂਗਲ ਨਾਲ ਛੋਹ ਕੇ) ਤੇ ਪਿੰਚਿੰਗ (ਚੂੰਡੀ ਭਰਕੇ) ਰਾਹੀਂ ਕੀਤੇ ਜਾਣ ਵਾਲੇ ਪ੍ਰਮੁੱਖ ਤੱਤ ਸ਼ਾਮਿਲ ਹਨ। ਇਹਨਾਂ ਕੁਦਰਤੀ ਤੱਤਾਂ ਦੀ ਮਦਦ ਨਾਲ ਬਟਨ ਤੋਂ ਬਗੈਰ ਹੀ  ਐਪਾਂ ਨੂੰ ਖੋਲ੍ਹਣਾ, ਇੱਕ ਸਕਰੀਨ ਤੋਂ ਦੂਜੀ ਸਕਰੀਨ ਵੱਲ ਜਾਣਾ, ਜ਼ੂਮ ਕਰਨਾ, ਆਦਿ ਕੰਮ ਕੀਤੇ ਜਾ ਸਕਦੇ ਹਨ।

ਅੱਜਕੱਲ੍ਹ ਐਂਡਰੌਇਡ ਦੀ ਵਰਤੋਂ ਫ਼ੀਸਦ ਸਭ ਆਪਰੇਟਿੰਗ ਸਿਸਟਮਾਂ ਤੋਂ ਵੱਧ ਹੈ। ਇਸਦੇ ਵਰਤੋਂਕਾਰਾਂ ਦੀ ਗਿਣਤੀ ਸੰਸਾਰ ਵਿੱਚ ਸਭ ਤੋਂ ਜ਼ਿਆਦਾ ਹੈ ਤੇ 2013 ਤੋਂ ਬਾਅਦ ਟੈਬਲਟ ਬਜ਼ਾਰ ਵਿੱਚ ਵੀ ਐਂਡਰੌਇਡ ਦੀ ਮੰਗ ਵੀ ਕਾਫ਼ੀ ਵਧੀ ਹੈ।

ਇਤਿਹਾਸ

ਐਂਡਰੌਇਡ ਦਾ ਨਿਰਮਾਣ ਕਾਰਜ ਐਂਡਰੌਇਡ ਇੰਕਃ ਵੱਲੋਂ ਆਰੰਭਿਆ ਗਿਆ ਸੀ। ਐਂਡਰੌਇਡ ਇੰਕਃ ਦੀ ਸਥਾਪਨਾ ਐਂਡੀ ਰੂਬਿਨ, ਰਿੱਚ ਮਾਈਨਰ, ਨਿੱਕ ਸੀਅਰਜ਼ ਤੇ ਕ੍ਰਿਸ ਵਾਈਟ ਵੱਲੋਂ ਅਕਤੂਬਰ 2003 ਵਿੱਚ ਪਾਲੋ ਅਲਟੋ ਵਿਖੇ ਕੀਤੀ ਗਈ ਸੀ।

“ਇਸ ਸੰਸਥਾ ਦਾ ਮਕਸਦ ਸਮਾਰਟ ਮੋਬਾਇਲਾਂ ਦਾ ਨਿਰਮਾਣ ਕਰਨਾ, ਜੋ ਕਿ ਆਪਣੇ ਮਾਲਕ ਦੇ ਟਿਕਾਣੇ ਤੇ ਤਰਜੀਹਾਂ ਬਾਰੇ ਵਧੇਰੇ ਜਾਗਰੂਕ ਹੋਵੇ।”

-ਰੂਬਿਨ

ਪਹਿਲਾਂ ਇਸ ਕੰਪਨੀ ਦਾ ਟੀਚਾ ਕੇਵਲ ਡਿਜੀਟਲ ਕੈਮਰਿਆਂ ਲਈ ਉੱਨਤ ਆਪਰੇਟਿੰਗ ਸਿਸਟਮ ਤਿਆਰ ਕਰਨ ਦਾ ਸੀ ਪਰ ਇਹਨਾਂ ਦਾ ਵਿੱਤੀ ਬਜ਼ਾਰ ਛੋਟਾ ਹੋਣ ਕਾਰਨ ਉਹਨਾਂ ਨੇ ਇਸ ਤੋਂ ਪਾਸਾ ਵੱਟ ਕੇ ਫ਼ੋਨਾਂ ਲਈ ਆਪਰੇਟਿੰਗ ਸਿਸਟਮ ਬਣਾਉਣ ਦਾ ਨਿਰਣਾ ਕੀਤਾ ਜੋ ਕਿ ਸਿੰਬੀਅਨ ਤੇ ਮਾਈਕਰੋਸਾਫ਼ਟ ਦੇ ਵਿੰਡੋਜ਼ ਮੋਬਾਇਲ ਆਪਰੇਟਿੰਗ ਸਿਸਟਮ ਨੂੰ ਟੱਕਰ ਦੇਣ ਦੇ ਕਾਬਿਲ ਹੋਵੇ। ਇਸ ਤਰ੍ਹਾਂ ਕੰਪਨੀ ਤੇ ਇਸਦੇ ਕਰਮਚਾਰੀਆਂ ਦੇ ਸਾਂਝੇ ਉੱਦਮ ਕਾਰਨ ਸ਼ੁਰੂਆਤੀ ਸਮੇਂ ਇਹ ਪ੍ਰੋਜੈਕਟ ਗੁਪਤ ਹੀ ਚੱਲਦਾ ਰਿਹਾ ਤੇ ਕੰਪਨੀ ਵੱਲੋਂ ਸਿਰਫ਼ ਇਹੀ ਕਿਹਾ ਜਾਂਦਾ ਸੀ ਕਿ ਉਹ ਕੇਵਲ ਮੋਬਾਇਲ ਫ਼ੋਨ ਦੇ ਸਾਫ਼ਟਵੇਅਰਾਂ ‘ਤੇ ਕੰਮ ਕਰ ਰਹੇ ਹਨ।

ਇਹ ਵੀ ਦੇਖੋ:  ਸਾਫ਼ਟਵੇਅਰ ਕੀ ਹੁੰਦੇ ਹਨ?

ਜੁਲਾਈ 2005 ਵਿੱਚ ਗੂਗਲ ਨੇ ਐਂਡਰੌਇਡ ਇੰਕਃ ਨੂੰ ਖ਼ਰੀਦ ਲਿਆ ਤੇ ਇਸ ਸੌਦੇ ਤੋਂ ਬਾਅਦ ਐਂਡੀ ਰੂਬਿਨ ਸਮੇਤ ਕਈ ਮੁੱਖ ਮੈਂਬਰ ਵੀ ਇਸੇ ਪ੍ਰੋਜੈਕਟ ‘ਚ ਗੂਗਲ ਨਾਲ ਕੰਮ ਕਰਦੇ ਰਹੇ। ਕਿਆਸ-ਅਰਾਈਆਂ ਇਹ ਲਗਾਈਆਂ ਜਾ ਰਹੀਆਂ ਸਨ ਕਿ ਆਪਣੀ ਇਸ ਚਾਲ ਨਾਲ ਗੂਗਲ ਮੋਬਾਇਲ ਤਕਨੀਕ ਵਿੱਚ ਆਪਣੇ ਕਦਮ ਰੱਖਣ ਜਾ ਰਿਹਾ ਹੈ।

ਫ਼ਿਰ 5 ਨਵੰਬਰ 2007 ਨੂੰ ਗੂਗਲ ਵੱਲੋਂ 34 ਮੈਂਬਰ ਕੰਪਨੀਆਂ ਨਾਲ ਮਿਲ ਕੇ ਓਪਨ ਹੈਂਡਸੈੱਟ ਅਲਾਇੰਸ ਦੀ ਸਥਾਪਨਾ ਕੀਤੀ ਗਈ ਤੇ ਖੁੱਲ੍ਹੇ ਮਾਣਕਾਂ ਵਾਲੇ ਮੋਬਾਇਲ ਉਪਕਰਨ ਬਣਾਉਣ ਦਾ ਟੀਚਾ ਮਿੱਥਿਆ ਗਿਆ। ਇਸੇ ਦਿਨ ਹੀ ਗੂਗਲ ਨੇ ਐਂਡਰੌਇਡ ਨੂੰ ਬਤੌਰ ਉਤਪਾਦ ਪੇਸ਼ ਕੀਤਾ ਤੇ ਸਭ ਤੋਂ ਪਹਿਲੇ ਐਂਡਰੌਇਡ-ਚਲਿੱਤ ਫ਼ੋਨ “ਐੱਚ.ਟੀ.ਸੀ ਡ੍ਰੀਮ” ਦੀ 22 ਅਕਤੂਬਰ 2008 ਨੂੰ ਘੁੰਡ-ਚੁਕਾਈ ਕੀਤੀ ਗਈ।

HTC Dream -ਐਚ.ਟੀ.ਸੀ ਡ੍ਰੀਮ

2008 ਤੋਂ ਬਾਅਦ ਫ਼ਿਰ ਅਪਡੇਟਾਂ ਦਾ ਸਿਲਸਿਲਾ ਚੱਲਦਾ ਰਿਹਾ ਤੇ ਹੁਣ ਤੱਕ ਕਾਫ਼ੀ ਛੋਟੇ-ਵੱਡੇ ਸੁਧਾਰ ਪੇਸ਼ ਕਰਦੇ 14 ਸੰਸਕਰਣ ਆਏ ਹਨ। ਇਹਨਾਂ ਦਾ ਨਾਮਕਰਨ ਅੰਗਰੇਜ਼ੀ ਮਠਿਆਈਆਂ ਦੇ ਨਾਮਾਂ ‘ਤੇ ਅੰਗਰੇਜ਼ੀ ਅੱਖਰ-ਕ੍ਰਮ ਮੁਤਾਬਕ ਹੈ, ਜਿਵੇਂ– ਕੱਪਕੇਕ 1.5, ਡੋਨਟ 1.6, ਐਕਲੇਅਰ 2.0, ਆਦਿ। ਮੌਜੂਦਾ ਤਾਜ਼ਾ ਸੰਸਕਰਣ ਨੋਗਟ 7.1.1 ਹੈ ਜੋ ਕਿ 5 ਦਸੰਬਰ 2016 ਨੂੰ ਜਾਰੀ ਕੀਤਾ ਗਿਆ ਸੀ।

ਵਿਸ਼ੇਸ਼ਤਾਵਾਂ

ਇੰਟਰਫ਼ੇਸ

ਐਂਡਰੌਇਡ ਦਾ ਇੰਟਰਫ਼ੇਸ ਬਹੁਤ ਹੀ ਸਰਲ ਢੰਗ ਦਾ ਹੈ। ਸਭ ਤੋਂ ਮੂਹਰੇ ਮੁੱਖ ਸਕਰੀਨ ਹੁੰਦੀ ਹੈ ਜਿਸ ‘ਤੇ ਸਭ ਤੋਂ ਜ਼ਿਆਦਾ ਜ਼ਰੂਰੀ ਐਪਾਂ ਦੇ ਆਈਕਨ ਤੇ ਘੜੀਆਂ ਵਰਗੇ ਵਿਜਟ ਦਿਖਾਈ ਦਿੰਦੇ ਹਨ। ਇਸ ਮੁੱਖ ਸਕਰੀਨ ਵਾਲੀ ਪ੍ਰਬੰਧਕੀ ਐਪ ਨੂੰ ਲਾਂਚਰ ਕਿਹਾ ਜਾਂਦਾ ਹੈ ਜੋ ਕਿ ਅੰਗਰੇਜ਼ੀ ਸ਼ਬਦ ਹੈ ਤੇ ਇਸਦਾ ਸ਼ਾਬਦਿਕ ਅਰਥ “ਚਲਾਉਣ ਵਾਲਾ” ਹੁੰਦਾ ਹੈ। ਸਕਰੀਨ ਦੇ ਹੇਠਲੇ ਭਾਗ ਵਿੱਚ ਸਥਾਈ ਆਈਕਨ ਪੱਟੀ ਹੁੰਦੀ ਹੈ ਜਿਸਨੂੰ ਡੌਕ ਕਹਿੰਦੇ ਹਨ। ਇਸ ‘ਤੇ ਫ਼ੋਨ, ਸੁਨੇਹੇ, ਬ੍ਰਾਊਜ਼ਰ, ਡਰਾਉਰ ਵਰਗੇ ਆਈਕਨ ਹੁੰਦੇ ਹਨ। ਸਭ ਤੋਂ ਉੱਪਰਲੇ ਹਿੱਸੇ ਵਿੱਚ ਇੱਕ ਪੱਟੀ ਹੁੰਦੀ ਹੈ ਜਿਸਨੂੰ ਨੋਟੀਫ਼ਿਕੇਸ਼ਨ ਬਾਰ ਕਿਹਾ ਜਾਂਦਾ ਹੈ ਤੇ ਇਸ ਵਿੱਚ ਐਪਾਂ ਨਾਲ ਸਬੰਧਤ ਵੱਖ-ਵੱਖ ਸੂਚਨਾਵਾਂ ਦਿਖਾਈ ਦਿੰਦੀਆਂ ਹਨ। ਉਂਗਲ ਨੂੰ ਸਕਰੀਨ ਦੇ ਉੱਪਰਲੇ ਭਾਗ ਤੋਂ ਹੇਠਾਂ ਵੱਲ ਖਿਸਕਾਉਣ ਨਾਲ ਨੋਟੀਫ਼ਿਕੇਸ਼ਨ ਵਾਲਾ ਪੂਰਾ ਪੱਤਾ ਖੁੱਲ੍ਹਦਾ ਹੈ ਤੇ ਇਸ ਵਿੱਚ ਕਈ ਤਰ੍ਹਾਂ ਦੇ ਛੋਹ-ਬਟਨ ਹੁੰਦੇ ਹਨ ਜੋ ਕਿ ਬਲੂਟੁੱਥ, ਵਾਈ-ਫ਼ਾਈ, ਡਾਟਾ, ਪ੍ਰੋਫ਼ਾਈਲਾਂ, ਲਾਈਟ, ਹੌਟਸਪੌਟ ਵਰਗੀਆਂ ਸਹੂਲਤਾਂ ਤੱਕ ਛੇਤੀ ਪਹੁੰਚ ਬਣਾਉਣ ਵਿੱਚ ਸਹਾਇਕ ਹੁੰਦੇ ਹਨ।

ਐਪਲੀਕੇਸ਼ਨਾਂ

ਐਂਡਰੌਇਡ ਦੀਆਂ ਐਪਲੀਕੇਸ਼ਨਾਂ ਦਾ ਵਿਸ਼ਾਲ ਬਜ਼ਾਰ ਮੌਜੂਦ ਹੈ ਜਿਸਨੂੰ ਕਿ ਪਲੇਅ ਸਟੋਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਐਪਬ੍ਰੇਨ ਦੇ ਅੰਕੜਿਆਂ ਮੁਤਾਬਿਕ 10 ਫ਼ਰਵਰੀ 2017 ਤੱਕ ਪਲੇਅ ਸਟੋਰ ਵਿੱਚ ਕੁੱਲ 27,17,384 ਐਪਾਂ ਮੌਜੂਦ ਹਨ ਤੇ ਇਹਨਾਂ ‘ਚੋਂ 13% ਐਪਾਂ ਘਟੀਆ ਪੱਧਰ ਦੀਆਂ ਹਨ। ਇਹ ਐਪਾਂ ਵੱਖ-ਵੱਖ ਵੰਨਗੀ ਦੀਆਂ ਹਨ ਤੇ ਇਹਨਾਂ ਵਿੱਚੋਂ ਬਹੁਤ ਸਾਰੀਆਂ ਐਪਾਂ ਕਾਫ਼ੀ ਉੱਨਤ ਪੱਧਰ ਦੀਆਂ ਹਨ, ਜਿਵੇਂ– ਰੱਨਟਾਸਟਿਕ, ਡੂਓਲਿੰਗੋ, ਸਪੌਟੀਫ਼ਾਈ, ਫ਼ਾਇਰਫ਼ਾਕਸ, ਓਪੇਰਾ, ਕਰੋਮ, ਮਾਈਕਰੋਸਾਫ਼ਟ ਆਫ਼ਿਸ, ਡਬਲਯੂ.ਪੀ.ਐਸ ਆਫ਼ਿਸ, ਐਵਰਨੋਟ, ਵਰਡਪ੍ਰੈੱਸ, ਪਲੇਅ ਮਿਊਜ਼ਿਕ, ਪਲੇਅ ਬੁਕਸ, ਫ਼ਿੱਟਬਿਟ, ਐਪਲ ਮਿਊਜ਼ਿਕ, ਆਦਿ। ਐਪਲੀਕੇਸ਼ਨਾਂ ਤੋਂ ਇਲਾਵਾ ਪਲੇਅ ਸਟੋਰ ਵਿੱਚੋਂ ਕਿਤਾਬਾਂ, ਗੇਮਾਂ ਤੇ ਫ਼ਿਲਮਾਂ ਵੀ ਭਰੀਆਂ ਜਾ ਸਕਦੀਆਂ ਹਨ।

ਇਹ ਵੀ ਦੇਖੋ:  ਖੁੱਲ੍ਹਾ ਸਰੋਤ ਬਨਾਮ ਬੰਦ ਸਰੋਤ ਸਾਫ਼ਟਵੇਅਰ

ਕਈ ਐਪਲੀਕੇਸ਼ਨਾਂ―ਪਰਦੇਦਾਰੀ ਜਾਂ ਸੁਰੱਖਿਆ ਕਾਰਨਾਂ ਕਰਕੇ―ਇਸ ਬਜ਼ਾਰ ਵਿੱਚ ਨਹੀਂ ਮਿਲਦੀਆਂ ਤੇ ਉਹਨਾਂ ਨੂੰ ਤੀਜੀ-ਧਿਰ ਦੇ ਬਜ਼ਾਰ ਆਪਣੀ ਐਪ ਰਾਹੀਂ ਡਾਊਨਲੋਡ ਕਰਨ ਦੀ ਸਹੂਲਤ ਦਿੰਦੇ ਹਨ। ਮੁੱਖ ਤੌਰ ‘ਤੇ ਐਮਾਜ਼ੋਨ ਐਪਸਟੋਰ, ਗੈੱਟਜਰ, ਸਲਾਈਡ-ਮੀ, ਐੱਫ਼.ਡਰੌਇਡ, ਮੋਬੋਜਿਨੀ ਦੇ ਨਾਂਅ ਵਰਣਨਯੋਗ ਹਨ।

ਐਂਡਰੌਇਡ ਦੀਆਂ ਐਪਲੀਕੇਸ਼ਨਾਂ ਨੂੰ ਬਣਾਉਣ ਲਈ ਐਕਸ.ਐਮ.ਐਲ, ਸੀ/ਸੀ++ ਤੇ ਕੋਰ ਜਾਵਾ ਦਾ ਗਿਆਨ ਹੋਣਾ ਜ਼ਰੂਰੀ ਹੈ। ਪਹਿਲਾਂ ਐਪਲੀਕੇਸ਼ਨਾਂ ਦੇ ਨਿਰਮਾਣ ਲਈ ਐਕਲਿਪਸ ਨਾਂਅ ਦੇ ਆਈ.ਡੀ.ਈ ਵਰਤਿਆ ਜਾਂਦਾ ਸੀ ਜਿਸ ਵਿੱਚ ਗੂਗਲ ਦੇ ਐਂਡਰੌਇਡ ਡਿਵਲਪਮੈਂਟ ਟੂਲਜ਼ ਪਲੱਗਇੱਨ ਰਾਹੀਂ ਐਪ ਬਣਾਈ ਜਾ ਸਕਦੀ ਸੀ। ਪਰ ਦਸੰਬਰ 2014 ਵਿੱਚ ਗੂਗਲ ਨੇ “ਐਂਡਰੌਇਡ ਸਟੂਡੀਓ” ਨਾਂਅ ਦੇ ਇੱਕ ਆਈ.ਡੀ.ਈ ਦਾ ਵਿਕਾਸ ਕੀਤਾ ਜੋ ਕਿ ਇੰਟੈਲੀਜੇ ਆਈਡੀਆ ‘ਤੇ ਅਧਾਰਿਤ ਹੈ। ਇਹ ਐਂਡਰੌਇਡ ਐਪਲੀਕੇਸ਼ਨਾਂ ਬਣਾਉਣ ਲਈ ਮੁੱਢਲਾ ਸਾਫ਼ਟਵੇਅਰ ਹੈ ਤੇ ਹੁਣ ਇਸਦੇ ਰਾਹੀਂ ਸਭ ਐਪਲੀਕੇਸ਼ਨਾਂ ਬਣਦੀਆਂ ਹਨ। ਐਂਡਰੌਇਡ ਦੀਆਂ ਐਪਲੀਕੇਸ਼ਨਾਂ ਦੀ ਐਕਸਟੈਨਸ਼ਨ ਭਾਵ ਨਾਂਅ-ਪਿਛੇਤਰ APK (ਏ.ਪੀ.ਕੇ) ਹੈ।

ਹੋਰ ਵਿਸ਼ੇਸ਼ਤਾਵਾਂ

ਐਂਡਰੌਇਡ ਵਿੱਚ ਹੋਰ ਵੀ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ, ਜਿਵੇਂ– ਅਵਾਜ਼ ਅਧਾਰਿਤ ਸਹੂਲਤਾਂ, ਬਹੁਕਾਰਜੀ ਪ੍ਰਣਾਲੀ, ਮੈਮਰੀ ਪ੍ਰਬੰਧਨ, ਮਲਟੀਟੱਚ ਸਕਰੀਨ, ਬਹੁਭਾਸ਼ਾਈ ਸਹਿਯੋਗ, ਵੀਡੀਓ ਕਾਲਿੰਗ, ਜੀ.ਪੀ.ਐਸ, ਐਕਸਲਰੋਮੀਟਰ, ਜਾਇਰੋਸਕੋਪ, ਬੈਰੋਮੀਟਰ, ਮੈਗਨੈਟੋਮੀਟਰ, ਪ੍ਰੈਸ਼ਰ ਸੈਂਸਰ, ਥਰਮੋਮੀਟਰ, ਆਦਿ। ਇਹ ਸਭ ਸਹੂਲਤਾਂ ਇਸ ਨੂੰ ਤਕਨੀਕੀ ਪੱਖੋਂ ਕਾਫ਼ੀ ਅਮੀਰ ਬਣਾਉਂਦੀਆਂ ਹਨ।

ਲਸੰਸ

ਐਂਡਰੌਇਡ ਦਾ ਸਰੋਤ ਕੋਡ ਖੁੱਲ੍ਹੇ ਸਰੋਤ ਵਾਲਾ ਹੁੰਦਾ ਹੈ। ਇਸਦਾ ਵਿਕਾਸ ਗੂਗਲ ਵੱਲੋਂ ਨਿੱਜੀ ਤੌਰ ‘ਤੇ ਕਰਨ ਮਗਰੋਂ ਨਵਾਂ ਸੰਸਕਰਣ ਜਾਰੀ ਕਰਨ ਸਮੇਂ ਜਨਤਕ ਕਰ ਦਿੱਤਾ ਜਾਂਦਾ ਹੈ। ਗੂਗਲ ਵੱਲੋਂ ਐਂਡਰੌਇਡ ਦਾ ਜ਼ਿਆਦਾਤਰ ਕੋਡ ਅਪਾਚੀ 2.0 ਲਸੰਸ ਹੇਠ ਜਾਰੀ ਕੀਤਾ ਹੈ ਜੋ ਕਿ ਇਸਦੀ ਸੋਧ ਤੇ ਵੰਡ ਦੀ ਖੁੱਲ੍ਹੀ ਆਗਿਆ ਦਿੰਦਾ ਹੈ। ਪਰੰਤੂ ਇਸਦਾ ਟਰੇਡਮਾਰਕ “ਐਂਡਰੌਇਡ” ਗੂਗਲ ਦੀ ਮਾਲਕੀ ਹੇਠ ਹੀ ਆਉਂਦਾ ਹੈ ਤੇ ਇਸ ਸਬੰਧੀ ਸਾਰੇ ਅਧਿਕਾਰ ਗੂਗਲ ਦੇ ਰਾਖਵੇਂ ਹਨ। ਇਸ ਤੋਂ ਇਲਾਵਾ ਲੀਨਕਸ ਕਰਨਲ, ਜਿਸਨੂੰ ਕਿ ਓਪਨ ਹੈਂਡਸੈੱਟ ਅਲਾਇੰਸ ਵੱਲੋਂ ਸਾਂਝੇ ਰੂਪ ਵਿੱਚ ਬਣਾਇਆ ਜਾਂਦਾ ਹੈ, ਨੂੰ ਜੀ.ਐਨ.ਯੂ ਜੀ.ਪੀ.ਐਲ-2 ਲਸੰਸ ਹੇਠ ਜਾਰੀ ਕੀਤਾ ਜਾਂਦਾ ਹੈ।

ਇਹ ਵੀ ਦੇਖੋ:  ਐਂਡਰੌਇਡ ਫ਼ੋਨਾਂ ਵਿੱਚ ਮਿਲਣ ਵਾਲੀ .nomedia ਫਾਈਲ ਬਾਰੇ ਜਾਣੋ

ਸੋ ਅਖ਼ੀਰ ਇਹੀ ਕਹਿਣਾ ਬਣਦਾ ਹੈ ਕਿ ਐਂਡਰੌਇਡ ਆਪਣੇ ਖੁੱਲ੍ਹੇ ਸਰੋਤ ਹੋਣ ਕਰਕੇ ਵਿਕਾਸਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ। ਹੋਰਨਾਂ ਪਲੈਟਫ਼ਾਰਮਾਂ ਨਾਲੋਂ ਵਿਕਾਸਕਾਰ ਇਸਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ। ਪਰ ਇਸ ਵਿੱਚ ਹਾਲੇ ਵੀ ਥੋੜ੍ਹੀਆਂ ਸੁਰੱਖਿਆ ਖਾਮੀਆਂ ਨੇ ਅਤੇ ਐਪਲੀਕੇਸ਼ਨ ਨਿਰਮਾਣ ਢੰਗ ਐਪਲ ਨਾਲੋਂ ਔਖਾ ਹੈ ਜਿਸ ਕਾਰਨ ਚੋਟੀ ਦੀਆਂ ਸਾਫ਼ਟਵੇਅਰ ਕੰਪਨੀਆਂ ਪਹਿਲਾਂ ਐਪਲ ‘ਤੇ ਐਪ ਜਾਰੀ ਕਰਕੇ ਫ਼ਿਰ ਐਂਡਰੌਇਡ ਵੱਲ ਆਪਣਾ ਮੂੰਹ ਕਰਦੀਆਂ ਹਨ। ਜੇਕਰ ਇਹਨਾਂ ਸਮੱਸਿਆਵਾਂ ਦਾ ਢੁਕਵਾਂ ਹੱਲ ਕੱਢਿਆ ਜਾਵੇ ਤਾਂ ਇਸ ਦੀ ਕਾਰਗੁਜ਼ਾਰੀ ਹੋਰ ਵੀ ਬਿਹਤਰ ਹੋ ਸਕਦੀ ਹੈ।

ਸੋ ਹੁਣ ਐਂਡਰੌਇਡ ਬਾਰੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਕਿ ਤੁਸੀਂ ਇਸਨੂੰ ਕਿਉਂ ਵਰਤ ਰਹੇ ਹੋ? ਤੁਹਾਨੂੰ ਇਸ ਵਿੱਚ ਕਿਹੜੀ ਚੀਜ ਵਧੀਆ ਲੱਗਦੀ ਹੈ?

ਟੋਫੂ ਬਨਾਮ ਨੋ ਮੋਰ ਟੋਫੂ ਉਰਫ਼ ਨੋਟੋ, ਨਵੇਂ ਫੌਂਟ ਪਰਿਵਾਰ ਬਾਰੇ ਜਾਣੋ

ਟੋਫੂ ਬਨਾਮ ਨੋ ਮੋਰ ਟੋਫੂ ਉਰਫ਼ ਨੋਟੋ, ਨਵੇਂ ਫੌਂਟ ਪਰਿਵਾਰ ਬਾਰੇ ਜਾਣੋ

ਕੰਪਿਊਟਰੀ ਜਗਤ ਵਿੱਚ ਟੋਫੂ ਉਸ ਡੱਬੀ ਨੂੰ ਕਿਹਾ ਜਾਂਦਾ ਹੈ ਜੋ ਕਿ ਕੰਪਿਊਟਰ ਜਾਂ ਮੋਬਾਇਲ ਵਿੱਚ ਸਬੰਧਤ ਫੌਂਟ ਉਪਲਬਧ ਨਾ ਹੋਣ ਦੀ ਸੂਰਤ ਵਿੱਚ ਉਸਦੀ ਜਗ੍ਹਾ ‘ਤੇ ਨਜ਼ਰ ਆਉਂਦੀ ਹੈ।  ਮੁੱਖ ਰੂਪ ਵਿੱਚ ਇਹ ਇੱਕ ਖੜ੍ਹਵੀਂ ਆਇਤਾਕਾਰ ਡੱਬੀ ਹੁੰਦੀ ਹੈ ਪਰ ਕੁਝ ਫੌਂਟਾਂ ਵਿੱਚ ਇਹ ਚੌਰਸ ਵੀ ਹੋ ਸਕਦੀ ਹੈ।

ਮੰਨ ਲਓ ਕਿ ਤੁਸੀਂ ਆਪਣੇ ਕੰਪਿਊਟਰ ਵਿੱਚ ਪੰਜਾਬੀ ਵਿੱਚ ਉਪਲਬਧ ਕਿਸੇ ਵੈੱਬਸਾਈਟ ਤੋਂ ਕੁਝ ਪੜ੍ਹਣਾ ਹੈ ਪਰ ਜਦੋਂ ਤੁਸੀਂ ਉਹ ਵੈੱਬਸਾਈਟ ਖੋਲ੍ਹਦੇ ਹੋ ਤਾਂ ਤੁਹਾਡੇ ਕੰਪਿਊਟਰ ਵੱਲੋਂ ਪੰਜਾਬੀ ਨੂੰ ਭਰਵਾਂ ਸਮਰਥਨ ਨਾ ਦੇਣ ਕਾਰਨ ਅਰਥਾਤ ਕੰਪਿਊਟਰ ਵਿੱਚ ਪੰਜਾਬੀ ਫੌਂਟ ਨਾ ਹੋਣ ਕਾਰਨ ਉਸ ਵੈੱਬਸਾਈਟ ‘ਤੇ ਪੰਜਾਬੀ ਅੱਖਰਾਂ ਦੀ ਜਗ੍ਹਾ ‘ਤੇ ਡੱਬੀਆਂ ਨਜ਼ਰ ਆਉਣਗੀਆਂ। ਇਹਨਾਂ ਡੱਬੀਆਂ ਨੂੰ ਹੀ ਟੋਫੂ ਕਹਿੰਦੇ ਹਨ ਤੇ ਮੌਜੂਦਾ ਸਮੇਂ ਇਹ ਪੰਜਾਬੀ ਵਰਤੋਂਕਾਰਾਂ ਸਾਹਮਣੇ ਇਹ ਵੀ ਬੜੀ ਵੱਡੀ ਸਮੱਸਿਆ ਹੈ। ਕਈ ਕੰਪਨੀਆਂ ਵੱਲੋਂ ਆਪਣੇ ਉਪਕਰਨਾਂ ਵਿੱਚ ਪੰਜਾਬੀ ਫੌਂਟ ਨਾ ਭਰਨ ਕਾਰਨ ਟੋਫੂ ਦਿਖਾਈ ਦੇਣ ਲੱਗ ਪੈਂਦੇ ਹਨ।

ਹੁਣ ਟੋਫੂਆਂ ਤੋਂ ਮਿਲੇਗਾ ਨਿਜ਼ਾਤ: ਗੂਗਲ

ਗੂਗਲ ਨੇ ਆਪਣੇ ਇੱਕ ਬਿਆਨ ਵਿੱਚ ਟੋਫੂਆਂ ਤੋਂ ਨਿਜ਼ਾਤ ਦਿਵਾਉਣ ਬਾਰੇ ਕਿਹਾ ਸੀ। ਇਸ ਮਕਸਦ ਤਹਿਤ ਗੂਗਲ ਨੇ ਇੱਕ ਨਵਾਂ ਫੌਂਟ ਪਰਿਵਾਰ ਤਿਆਰ ਕੀਤਾ ਹੈ ਜਿਸ ਵਿੱਚ ਸੰਸਾਰ ਦੀਆਂ ਸਾਰੀਆਂ ਲਿਪੀਆਂ, ਚਾਹੇ ਉਹ ਮਰ ਚੁੱਕੀਆਂ ਹੋਣ ਜਾਂ ਜ਼ਿੰਦਾ ਹੋਣ, ਸਭ ਨੂੰ ਭਰਵਾਂ ਸਮਰਥਨ ਕਰੇਗਾ। ਇਸ ਫੌਂਟ ਪਰਿਵਾਰ ਦਾ ਨਾਂਅ ਹੈ – ਨੋਟੋ

ਨੋਟੋ

noto_glyphs

ਨੋਟੋ ਨਾਂਅ ਅੰਗਰੇਜ਼ੀ ਵਾਕੰਸ਼ ਨੋ ਮੋਰ ਟੋਫੂ (no more tofu) ਤੋਂ ਬਣਿਆ ਹੈ ਜਿਸਦਾ ਮਤਲਬ ਹੈ ਕਿ ਇਹ ਫੌਂਟ ਪਰਿਵਾਰ ਟੋਫੂਆਂ ਤੋਂ ਨਿਜ਼ਾਤ ਦਿਵਾਉਣ ਲਈ ਬਣਾਇਆ ਗਿਆ ਹੈ। ਇਸ ਫੌਂਟ ਪਰਿਵਾਰ ਵਿੱਚ ਹਰ ਲਿਪੀ ਦੇ ਫੌਂਟ ਉਪਲਬਧ ਹਨ; ਜਿਵੇਂ ਗੁਰਮੁਖੀ, ਦੇਵਨਾਗਰੀ, ਬੰਗਾਲੀ, ਗੁਜਰਾਤੀ, ਬ੍ਰਹਮੀ, ਲਾਤੀਨੀ, ਯੂਨਾਨੀ, ਆਦਿ। ਇਹ ਫੌਂਟ ਪਰਿਵਾਰ ਖੁੱਲ੍ਹੇ ਸਰੋਤ ਵਾਲਾ ਹੈ ਤੇ ਇਸ ਦੀ ਵਰਤੋਂ ਕਿਤੇ ਵੀ ਕੀਤੀ ਜਾ ਸਕਦੀ ਹੈ।

ਗੂਗਲ ਮੁਤਾਬਿਕ ਇਹ ਪ੍ਰੋਜੈਕਟ ਪੰਜ ਸਾਲਾਂ ਦੀ ਕਰੜੀ ਮਿਹਨਤ ਦਾ ਹੀ ਨਤੀਜਾ ਹੈ। ਜਿੱਥੇ ਇਸ ਪ੍ਰੋਜੈਕਟ ਨੂੰ ਸਿਰੇ ਚਾੜ੍ਹਣ ਵਿੱਚ ਫੌਂਟ ਘਾੜਿਆਂ ਨੇ ਮਿਹਨਤ ਕੀਤੀ ਹੈ ਉੱਥੇ ਹੀ ਸਬੰਧਤ ਲਿਪੀ ਦੇ ਮੂਲ ਨਿਵਾਸੀਆਂ ਨੇ ਵੀ ਕਾਫ਼ੀ ਮਦਦ ਕੀਤੀ ਹੈ।
ਗੂਗਲ ਦੇ ਐਂਡਰਾਇਡ ਫ਼ੋਨਾਂ ਵਿੱਚ ਵੀ ਇਹ ਫੌਂਟ ਵਰਤਣ ਨੂੰ ਪਹਿਲ ਦਿੱਤੀ ਜਾਂਦੀ ਹੈ ਜਿਸ ਸਦਕਾ ਹੁਣ ਕਿਸੇ ਵੀ ਐਂਡਰਾਇਡ ਫ਼ੋਨ ਜਾਂ ਕਿਸੇ ਹੋਰ ਗੂਗਲ ਉਤਪਾਦ ਵਿੱਚ ਕੋਈ ਟੋਫੂ ਨਜ਼ਰ ਨਹੀਂ ਆਵੇਗਾ। ਇਸ ਤਰ੍ਹਾਂ ਇਹ ਫੌਂਟ ਸਾਰੀਆਂ ਲਿਪੀਆਂ ‘ਚ ਲਿਖੀ ਸਮੱਗਰੀ ਨੂੰ ਠੀਕ ਤਰ੍ਹਾਂ ਦਿਖਾਉਣ ਦੇ ਵੀ ਸਮਰੱਥ ਹੋਣਗੇ। ਬੱਸ ਹੁਣ ਉਡੀਕ ਹੈ ਉਸ ਪਲ ਦੀ ਜਦੋਂ ਸਾਰੇ ਉਪਕਰਨ ਪੰਜਾਬੀ ਨੂੰ ਵੀ ਭਰਵਾਂ ਸਮਰਥਨ ਦੇਣ ਅਤੇ ਫਿਰ ਕਿਸੇ ਵੀ ਪੰਜਾਬੀ ਵਰਤੋਂਕਾਰ ਨੂੰ ਤਕਨੀਕੀ ਉਪਕਰਨਾਂ ‘ਤੇ ਪੰਜਾਬੀ ਪੜ੍ਹਣ ਵਿੱਚ ਕੋਈ ਸਮੱਸਿਆ ਨਾ ਆਏ।

ਜੇਕਰ ਤੁਸੀਂ ਇਹ ਫੌਂਟ ਡਾਊਨਲੋਡ ਕਰਨ ਦੇ ਚਾਹਵਾਨ ਹੋ ਤਾਂ ਹੇਠਾਂ ਦਿੱਤੀ ਕੜੀ ਤੋਂ ਡਾਊਨਲੋਡ ਕਰ ਸਕਦੇ ਹੋ ਅਤੇ ਕੋਈ ਵਿਚਾਰ-ਚਰਚਾ ਕਰਨੀ ਹੋਵੇ ਤਾਂ ਹੇਠਾਂ ਟਿੱਪਣੀਆਂ ਵਾਲੇ ਭਾਗ ਵਿੱਚ ਤੁਹਾਡਾ ਦਿਲੋਂ ਸੁਆਗਤ ਹੈ।

ਡਾਊਨਲੋਡ ਕਰੋ


ਕੋਈ ਅੱਖਰੀ ਭੁੱਲ ਜਾਂ ਗਲਤੀ ਹੈ? ਸਾਨੂੰ ਦੱਸੋ।

ਲੋਕਲ ਡਿਸਕ (C), (D) ਤੇ (E);  ਫਿਰ (A) ਤੇ (B) ਕਿੱਥੇ ਨੇ? ਜਾਣੋ ਇਸਦਾ ਰਹੱਸ!

ਲੋਕਲ ਡਿਸਕ (C), (D) ਤੇ (E);  ਫਿਰ (A) ਤੇ (B) ਕਿੱਥੇ ਨੇ? ਜਾਣੋ ਇਸਦਾ ਰਹੱਸ!

ਭਾਰਤ ਵਿੱਚ ਕੰਪਿਊਟਰ ਆਏ ਨੂੰ ਇੱਕ-ਡੇਢ ਦਹਾਕਾ ਹੋ ਗਿਆ ਹੈ। ਪਹਿਲਾਂ-ਪਹਿਲ ਤਾਂ ਇਸਦੀ ਵਰਤੋਂ ਕੇਵਲ ਵੱਡੀਆਂ ਕੰਪਨੀਆਂ ਤੇ ਉੱਚ ਘਰਾਣਿਆਂ ਵੱਲੋਂ ਹੀ ਕੀਤੀ ਜਾਂਦੀ ਸੀ ਪਰ ਅੱਜ-ਕੱਲ੍ਹ ਹਰ ਕੰਪਨੀ, ਸਿੱਖਿਅਕ ਅਦਾਰੇ, ਹਸਪਤਾਲਾਂ, ਆਦਿ ਵਿੱਚ ਇਸਦੀ ਵਰਤੋਂ ਆਮ ਹੀ ਹੋ ਰਹੀ ਹੈ। ਭਾਰਤ ਦੇ ਮੱਧ ਵਰਗ ਦੇ ਪਰਿਵਾਰਾਂ ਵਿੱਚ ਵੀ ਕੰਪਿਊਟਰ ਨੇ ਆਪਣੀ ਜਗ੍ਹਾ ਬਣਾ ਲਈ ਹੈ। ਭਾਵੇਂ ਕੰਪਿਊਟਰ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ ਪਰ ਫਿਰ ਕਈ ਅਜਿਹੀਆਂ ਨਿੱਕੀਆਂ-ਮੋਟੀਆਂ ਚੀਜ਼ਾਂ ਹਨ ਜਿਨ੍ਹਾਂ ਵੱਲ ਲੋਕ ਘੱਟ ਹੀ ਧਿਆਨ ਦਿੰਦੇ ਹਨ। ਉਨ੍ਹਾਂ ‘ਚੋਂ ਇੱਕ ਚੀਜ਼ ਹੈ ਕੰਪਿਊਟਰ ਦੀਆਂ ਲੋਕਲ ਡਿਸਕਾਂ ਦਾ ਨਾਮਕਰਨ!

ਕੀ ਤੁਸੀਂ ਕਦੇ ਇਸ ਵੱਲ ਧਿਆਨ ਦਿੱਤਾ ਹੈ?

capture2

ਕੰਪਿਊਟਰ ਵਰਤਣ ਵਾਲੇ ਜਾਣਦੇ ਹਨ ਕਿ ਲੋਕਲ ਡਿਸਕ (C); ਹੀ ਮੂਲ ਡਿਸਕ (ਸਿਸਟਮ ਡਿਸਕ) ਹੁੰਦੀ ਹੈ। ਫਿਰ ਸਵਾਲ ਖੜ੍ਹਾ ਹੁੰਦਾ ਹੈ ਕਿ ਏ (A) ਅਤੇ ਬੀ (B) ਕਿੱਥੇ ਗਏ? ਇਹਨਾਂ ਨੂੰ ਮੂਲ ਡਿਸਕ ਕਿਉਂ ਨਹੀਂ ਬਣਾਇਆ ਗਿਆ? ਇਸਦਾ ਕੀ ਕਾਰਨ ਹੈ?

ਇਹ ਵੀ ਦੇਖੋ:  ਬਿਨਾਂ ਆਈਕਨ ਦੇ ਫੋਲਡਰ ਬਣਾਉਣਾ ਸਿੱਖੋ

1192285.png

ਸਾਰੇ ਸਵਾਲਾਂ ਦਾ ਇਹ ਹੈ ਜਵਾਬ

ਹਾਰਡ ਡਿਸਕ ਜਾਂ ਸਖ਼ਤ ਤਵਿਆਂ ਦੀ ਸ਼ੁਰੂਆਤ 1980 ਵਿੱਚ ਸ਼ੁਰੂ ਹੋਈ ਸੀ। ਇਸ ਤੋਂ ਪਹਿਲਾ ਫਲੌਪੀ ਡਿਸਕਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਫਲੌਪੀ ਡਿਸਕਾਂ ਦੋ ਆਕਾਰਾਂ ਵਿੱਚ ਉਪਲਬਧ ਸਨ –  5¼” ਤੇ 3½”। ਇਹਨਾਂ ਨੂੰ ਕ੍ਰਮਵਾਰ ਲੋਕਲ ਡਿਸਕ (ਏ) ਅਤੇ ਲੋਕਲ ਡਿਸਕ (ਬੀ) ਕਿਹਾ ਜਾਂਦਾ ਸੀ।

ਇਹ ਵੀ ਦੇਖੋ:  ਖੁੱਲ੍ਹਾ ਸਰੋਤ ਬਨਾਮ ਬੰਦ ਸਰੋਤ ਸਾਫ਼ਟਵੇਅਰ

ਫਿਰ ਹਾਰਡ ਡਿਸਕ ਆਉਣ ‘ਤੇ ਉਸਦਾ ਨਾਂਅ ਲੋਕਲ ਡਿਸਕ (ਸੀ) ਇਸ ਕਰਕੇ ਰੱਖਿਆ ਗਿਆ ਤਾਂ ਜੋ ਲੋਕਾਂ ਨੂੰ ਇਸ ਬਾਰੇ ਕੋਈ ਭੁਲੇਖਾ ਨਾ ਪੈ ਜਾਵੇ। ਇਸ ਤਰ੍ਹਾਂ ਸਿਸਟਮ ਡ੍ਰਾਈਵ ਲਈ ਲੋਕਲ ਡਿਸਕ (ਸੀ) ਵਰਤਿਆ ਜਾਣ ਲੱਗਿਆ। ਇਸ ਤੋਂ ਇਲਾਵਾ ਡੀ (D), ਈ (E) ਤੇ ਐੱਫ਼ (F) ਨਾਂਅ ਦੀਆਂ ਨਿੱਜੀ ਡ੍ਰਾਈਵਾਂ ਹੁੰਦੀਆਂ ਹਨ ਅਤੇ ਡੀ.ਵੀ.ਡੀ ਤੇ ਯੂ.ਐੱਸ.ਬੀ ਲਈ ਜੀ (G), ਐੱਚ (H), ਆਈ (I), ਆਦਿ ਦੀ ਵਰਤੋਂ ਕੀਤੀ ਜਾਂਦੀ ਹੈ।

ਜੇਕਰ ਕੋਈ ਵਰਤੋਂਕਾਰ “ਸੀ” ਡ੍ਰਾਈਵ ਦਾ ਨਾਂਅ ਬਦਲ ਕੇ “ਏ” ਜਾਂ “ਬੀ” ਰੱਖਣਾ ਚਾਹੁੰਦਾ ਹੈ ਤਾਂ ਰੱਖ ਸਕਦਾ ਹੈ ਪਰ ਸ਼ਰਤ ਇਹ ਹੈ ਕਿ ਤੁਹਾਡੇ ਕੋਲ ਅਜਿਹਾ ਕਰਨ ਲਈ ਵਿੰਡੋਜ਼ ਦੇ ਪ੍ਰਸ਼ਾਸਕੀ ਅਧਿਕਾਰ ਹੋਣੇ ਚਾਹੀਦੇ ਹਨ।


ਕੋਈ ਅੱਖਰੀ ਭੁੱਲ ਜਾਂ ਗਲਤੀ ਹੈ? ਸਾਨੂੰ ਦੱਸੋ।

ਖੁੱਲ੍ਹਾ ਸਰੋਤ ਬਨਾਮ ਬੰਦ ਸਰੋਤ ਸਾਫ਼ਟਵੇਅਰ

ਖੁੱਲ੍ਹਾ ਸਰੋਤ ਬਨਾਮ ਬੰਦ ਸਰੋਤ ਸਾਫ਼ਟਵੇਅਰ

open vs closed

ਸਤਿ ਸ਼੍ਰੀ ਅਕਾਲ ਸਾਰੇ ਪਾਠਕਾਂ ਨੂੰ। ਸਾਫ਼ਟਵੇਅਰ ਬਾਰੇ ਤਾਂ ਮੈਂ ਆਪਣੀ ਪਿਛਲੀ ਸੰਪਾਦਨਾ(ਪੋਸਟ) ਵਿੱਚ ਜਾਣਕਾਰੀ ਸਾਂਝੀ ਕੀਤੀ ਸੀ ਅਤੇ ਥੋੜ੍ਹਾ ਜਿਹਾ ਉਨ੍ਹਾਂ ਦੀਆਂ ਕਿਸਮਾਂ ਦਾ ਜ਼ਿਕਰ ਵੀ ਨਾਲ ਹੀ ਕਰ ਦਿੱਤਾ ਸੀ। ਪਰ ਸਾਫ਼ਟਵੇਅਰਾਂ ਦੀ ਵੰਡ ਅੱਗੋਂ ਹੋਰ ਵੀ ਕਈ ਵੱਖਰੇ-ਵੱਖਰੇ ਢੰਗਾਂ ਨਾਲ ਕੀਤੀ ਗਈ ਹੈ। ਇਸ ਲਈ ਇਸ ਸੰਪਾਦਨਾ ਵਿੱਚ ਮੈਂ ਖੁੱਲੇ ਤੇ ਬੰਦ ਸਰੋਤ ਕਿਸਮ ਅਨੁਸਾਰ ਉਨ੍ਹਾਂ ਬਾਰੇ ਜਾਣਕਾਰੀ ਦੇਵਾਂਗਾ ਅਤੇ ਉਨ੍ਹਾਂ ਦੇ ਚੰਗੇ-ਮਾੜੇ ਗੁਣਾਂ ਦਾ ਜ਼ਿਕਰ ਵੀ ਜ਼ਰੂਰ ਕੀਤਾ ਜਾਵੇਗਾ। ਉਂਝ ਇਹ ਵੰਡ ਸਾਫ਼ਟਵੇਅਰਾਂ ਦੀ ਲਸੰਸ ਮੁਤਾਬਿਕ ਹੁੰਦੀ ਹੈ। ਖੁੱਲੇ ਸਰੋਤ ਨੂੰ ਅੰਗਰੇਜ਼ੀ ਵਿੱਚ ਓਪਨ ਸੋਰਸ ਅਤੇ ਬੰਦ ਸਰੋਤ ਸਾਫ਼ਟਵੇਅਰਾਂ ਨੂੰ ਕਲੋਸਡ ਸੋਰਸ ਜਾਂ ਪ੍ਰੋਪ੍ਰਾਇਟਰੀ ਭਾਵ ਮਾਲਕਾਨਾ ਸਾਫ਼ਟਵੇਅਰ ਆਖਿਆ ਜਾਂਦਾ ਹੈ।

ਇਹ ਵੀ ਦੇਖੋ:  ਸਾਫ਼ਟਵੇਅਰ ਕੀ ਹੁੰਦੇ ਹਨ?

ਖੁੱਲ੍ਹਾ ਸਰੋਤ ਸਾਫ਼ਟਵੇਅਰ

ਖੁੱਲ੍ਹਾ ਸਰੋਤ ਸਾਫ਼ਟਵੇਅਰ ਉਹ ਸਾਫ਼ਟਵੇਅਰ ਹੁੰਦੇ ਹਨ ਜਿਨ੍ਹਾਂ ਦਾ ਸਰੋਤ ਕੋਡ ਕੋਈ ਵੀ ਵਰਤ ਅਤੇ ਬਦਲ ਸਕਦਾ ਹੈ। ਇਸ ਕਿਸਮ ਦੇ ਸਾਫ਼ਟਵੇਅਰਾਂ ਦੀ ਕਾਰਜ-ਪ੍ਰਣਾਲੀ ਵਿੱਚ ਪਾਰਦਰਸ਼ਤਾ ਵੀ ਬਣੀ ਰਹਿੰਦੀ ਹੈ। ਕੋਈ ਵੀ ਵਿਕਾਸਕਾਰ (ਡਿਵਲਪਰ) ਜਾਂ ਆਦੇਸ਼ਕਾਰ (ਪ੍ਰੋਗਰਾਮਰ) ਜੋ ਕਿ ਪ੍ਰੋਗਰਾਮਿੰਗ ਦੀ ਜਾਣਕਾਰੀ ਰੱਖਦਾ ਹੈ ਇਸ ਤਰ੍ਹਾਂ ਦੇ ਸਾਫ਼ਟਵੇਅਰਾਂ ਦੇ ਸਰੋਤ ਕੋਡ ਵਿੱਚ ਸੋਧ ਕਰਕੇ ਉਨ੍ਹਾਂ ਨੂੰ ਹੋਰ ਬਿਹਤਰ ਬਣਾ ਸਕਦਾ ਹੈ। ਇਸ ਤੋਂ ਇਲਾਵਾ ਖੁੱਲੇ ਸਰੋਤ ਵਾਲੇ ਜ਼ਿਆਦਾਤਰ ਸਾਫ਼ਟਵੇਅਰ ਮੁਫ਼ਤ ਹੁੰਦੇ ਹਨ। ਅਜਿਹੇ ਸਾਫ਼ਟਵੇਅਰਾਂ ਨੂੰ ਸੋਧਣ ਤੇ ਵੰਡਣ ਦੀ ਪੂਰੀ ਖੁੱਲ੍ਹ ਹੁੰਦੀ ਹੈ। ਖੁੱਲ੍ਹੇ ਸਰੋਤ ਵਾਲੇ ਸਾਫ਼ਟਵੇਅਰਾਂ ਦੀਆਂ ਮੁੱਖ ਉਦਹਾਰਣਾਂ – ਐਂਡਰੌਇਡ, ਲੀਨਕਸ, ਗਿੰਪ, ਕ੍ਰਿਤਾ, ਡਰੂਪਲ, ਲਿਬਰ-ਆਫਿਸ, ਬਲੈਂਡਰ, ਪੈਂਸਿਲ 2-ਡੀ, ਆਦਿ ਹਨ।

ਫਾਈਦੇ
 • ਜ਼ਿਆਦਾਤਰ ਮੁਫ਼ਤ ਹੁੰਦੇ ਹਨ।
 • ਕੋਈ ਵੀ ਵਰਤੋਂਕਾਰ ਇਸ ਵਿੱਚ ਸੁਧਾਰ ਕਰਕੇ ਇਸਨੂੰ ਬਿਹਤਰ ਬਣਾ ਸਕਦਾ ਹੈ।
 • ਵਿਦਿਆਰਥੀ ਵੀ ਇਸਦੇ ਸਰੋਤ ਕੋਡ ਰਾਹੀਂ ਪ੍ਰੋਗਰਾਮਿੰਗ ਬਿਹਤਰ ਢੰਗ ਨਾਲ ਸਿੱਖ ਸਕਦੇ ਹਨ।
 • ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਇਸ ਵਿੱਚ ਸੁਧਾਰ ਆਉਂਦਾ ਰਹਿੰਦਾ ਹੈ।
ਨੁਕਸਾਨ
 • ਕਈ ਸਾਫ਼ਟਵੇਅਰ ਆਮ ਹੀ ਹੈਂਗ ਹੋ ਜਾਂਦੇ ਹਨ।
 • ਇਹਨਾਂ ਸਾਫ਼ਟਵੇਅਰਾਂ ‘ਤੇ ਕੰਮ ਕਰਨ ਵਾਲੇ ਕਈ ਵਾਰ ਕਿਸੇ ਨਵੇਂ ਪ੍ਰੋਜੈਕਟ ਦੇ ਚੱਲਣ ‘ਤੇ ਪੁਰਾਣੇ ਨੂੰ ਛੱਡ ਜਾਂਦੇ ਹਨ ਜਿਸ ਕਾਰਨ ਕਈ ਵਾਰ ਪ੍ਰੋਜੈਕਟ ਥੋੜ੍ਹਾ ਸਮਾਂ ਚੱਲ ਕੇ ਫਿਰ ਰੁਕ ਜਾਂਦਾ ਹੈ ਮਤਲਬ ਪ੍ਰੋਜੈਕਟ ਅਧੂਰੇ ਰਹਿ ਜਾਂਦੇ ਹਨ।
 • ਬਹੁਤੀ ਵਾਰ ਵਰਤੋਂਕਾਰਾਂ ਨੂੰ ਕਿਸੇ ਵੀ ਸਮੱਸਿਆ ਸਬੰਧੀ ਕੋਈ ਮਦਦ ਨਹੀਂ ਮਿਲਦੀ। ਸਾਫ਼ਟਵੇਅਰ ਚੱਲਣ ਜਾਂ ਨਾ ਚੱਲਣ ਬਾਰੇ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ।

ਇਹ ਵੀ ਦੇਖੋ:  ਪ੍ਰੋਗਰਾਮਿੰਗ ਭਾਸ਼ਾ ਬਾਰੇ ਜਾਣੋ

ਬੰਦ ਸਰੋਤ ਸਾਫ਼ਟਵੇਅਰ

ਬੰਦ ਸਰੋਤ ਸਾਫ਼ਟਵੇਅਰ ਉਹ ਹੁੰਦੇ ਹਨ ਜਿਨ੍ਹਾਂ ਦਾ ਸਰੋਤ ਕੋਡ ਸਿਰਫ਼ ਨਿਰਮਾਣਕਰਤਾ ਕੰਪਨੀ, ਵਿਅਕਤੀ ਜਾਂ ਕਿਸੇ ਵਿਅਕਤੀ-ਸਮੂਹ ਕੋਲ ਹੁੰਦਾ ਹੈ। ਇਸ ਤਰ੍ਹਾਂ ਦੇ ਸਾਫ਼ਟਵੇਅਰਾਂ ਨੂੰ ਸੋਧਣ ਅਤੇ ਵੰਡਣ ਦਾ ਹੱਕ  ਸਿਰਫ਼ ਇਹਨਾਂ ਕੋਲ ਹੀ ਹੁੰਦਾ ਹੈ। ਕੋਈ ਬਾਹਰੀ ਬੰਦਾ ਕੰਪਨੀ ਦੀ ਇਜਾਜ਼ਤ ਤੋਂ ਬਿਨ੍ਹਾਂ ਇਨ੍ਹਾਂ ਸਾਫ਼ਟਵੇਅਰਾਂ ਨੂੰ ਸੋਧ ਅਤੇ ਵੰਡ ਨਹੀਂ ਸਕਦਾ। ਜੇਕਰ ਕੋਈ ਇਹਨਾਂ ਗੱਲਾਂ ਦਾ ਉਲੰਘਣ ਕਰਦਾ ਹੈ ਤਾਂ ਉਸ ਸਰੋਤ ਕੋਡ ਦਾ ਮਾਲਕ ਉਸ ਵਿਅਕਤੀ ਉੱਪਰ ਕੇਸ ਕਰ ਸਕਦਾ ਹੈ ਜਾਂ ਫਿਰ ਜੁਰਮਾਨਾ ਵੀ ਲਗਾ ਸਕਦਾ ਹੈ। ਇਸ ਤਰ੍ਹਾਂ ਦੇ ਸਾਫ਼ਟਵੇਅਰਾਂ ਦੀਆਂ ਉਦਹਾਰਣਾਂ – ਆਈਫ਼ੋਨ ਵਿੱਚ ਵਰਤਿਆ ਜਾ ਰਿਹਾ ਆਈ.ਓ.ਐਸ, ਮਾਈਕ੍ਰੋਸਾਫ਼ਟ ਵਿੰਡੋਜ਼, ਓ.ਐਸ.ਐਕਸ, ਅਡੋਬ ਫੋਟੋਸ਼ਾਪ, ਆਈ.ਟਿਊਨਜ਼, ਵਿੱਨ-ਆਰ.ਏ.ਆਰ, ਸਕਾਈਪ ਆਦਿ।

ਫਾਈਦੇ
 • ਇਹਨਾਂ ਦੀ ਕਾਰਗੁਜ਼ਾਰੀ ਕਾਫ਼ੀ ਬਿਹਤਰ ਹੁੰਦੀ ਹੈ।
 • ਇਹਨਾਂ ‘ਚ ਖਰਾਬੀ ਆਉਣ ‘ਤੇ ਕੰਪਨੀ ਇਸ ਸਬੰਧੀ ਜ਼ਿੰਮੇਵਾਰੀ ਲੈਂਦੀ ਹੈ ਅਤੇ ਲਸੰਸ ਮੁਤਾਬਿਕ ਇਸਨੂੰ ਠੀਕ ਵੀ ਕਰਦੀ ਹੈ।
 • ਇਹ ਹੈਂਗ ਵੀ ਬਹੁਤ ਘੱਟ ਹੁੰਦੇ ਹਨ ਕਿਉਂਕਿ ਕੰਪਨੀ ਇਹਨਾਂ ਸਾਫ਼ਟਵੇਅਰਾਂ ਦੀ ਪੂਰੀ ਪਰਖ ਕਰਕੇ ਹੀ ਇਨ੍ਹਾਂ ਨੂੰ ਬਜ਼ਾਰ ਵਿੱਚ ਉਤਾਰਦੀ ਹੈ। ਜੇਕਰ ਫਿਰ ਵੀ ਕੋਈ ਖਾਮੀ ਰਹਿ ਜਾਵੇ ਤਾਂ ਕੰਪਨੀ ਵੱਲੋਂ ਵੱਖਰੇ ਪੈਚ (ਸੁਰੱਖਿਆ ਟਾਕੀਆਂ) ਵੀ ਉਪਲਬਧ ਕਰਵਾਏ ਜਾਂਦੇ ਹਨ।
ਨੁਕਸਾਨ
 • ਵਰਤੋਂਕਾਰ ਇਸਦੇ ਸਰੋਤ ਕੋਡ ਤੋਂ ਅਣਜਾਣ ਹੁੰਦੇ ਹਨ। ਉਨ੍ਹਾਂ ਨੂੰ ਸਾਫ਼ਟਵੇਅਰ ਦੀ ਕਾਰਜ-ਪ੍ਰਣਾਲੀ ਬਾਰੇ ਵੀ ਪੂਰਾ ਨਹੀਂ ਦੱਸਿਆ ਜਾਂਦਾ।
 • ਜ਼ਿਆਦਾਤਰ ਸਾਫ਼ਟਵੇਅਰ ਮੁੱਲ ਦੇ ਹੁੰਦੇ ਹਨ ਪਰ ਕਈ ਮੁਫ਼ਤ ਵੀ ਮਿਲ ਜਾਂਦੇ ਹਨ।

ਇਹ ਵੀ ਦੇਖੋ:  ਪੈਂਤੀ – ਪੰਜਾਬੀ ਯੂਨੀਕੋਡ ਫੌਂਟ

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਦੋਵੇਂ ਕਿਸਮਾਂ ਦੇ ਆਪਣੇ-ਆਪਣੇ ਫਾਈਦੇ ਤੇ ਨੁਕਸਾਨ ਹਨ ਤੇ ਦੋਵੇਂ ਕਿਸਮ ਦੇ ਸਾਫ਼ਟਵੇਅਰਾਂ ਦੀ ਵਰਤੋਂ ਵਰਤੋਂਕਾਰ ਦੀਆਂ ਲੋੜ੍ਹਾਂ ਉੱਪਰ ਨਿਰਭਰ ਕਰਦੀ ਹੈ। ਜੇਕਰ ਕਿਸੇ ਨੇ ਸਿੱਖਣ ਲਈ ਸਾਫ਼ਟਵੇਅਰਾਂ ਦੀ ਵਰਤੋਂ ਕਰਨੀ ਹੈ ਤਾਂ ਉਹ ਖੁੱਲ੍ਹੇ ਸਰੋਤ ਵਾਲੇ ਪਹਿਲਾਂ ਵਰਤ ਕੇ ਦੇਖੇ ਅਤੇ ਜੋ ਕਿੱਤਾਕਾਰੀ ਹਨ ਉਹਨਾਂ ਲਈ ਬੰਦ ਸਰੋਤ ਵਾਲੇ ਬਿਹਤਰ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਨੇ ਆਪਣਾ ਕੰਮ ਤੇਜ਼ ਗਤੀ ਅਤੇ ਪੂਰੀ ਗੁਣਵੱਤਾ ਨਾਲ ਕਰਨਾ ਹੁੰਦਾ ਹੈ। ਬਾਕੀ ਇਸ ਸਬੰਧੀ ਹੋਰ ਜਾਣਨ ਜਾਂ ਵਿਚਾਰ-ਚਰਚਾ ਲਈ ਹੇਠਾਂ ਤੁਸੀਂ ਟਿੱਪਣੀ ਵੀ ਕਰ ਸਕਦੇ ਹੋ।