ਪੰਜਾਬੀ ਸੋਰਸ ਫ਼ੌਂਟ ਪਰਿਵਾਰ ਵਿੱਚ ਸ਼ਾਮਿਲ ਹੋਏ ਦੋ ਨਵੇਂ ਮੈਂਬਰ

ਪੰਜਾਬੀ ਸੋਰਸ ‘ਤੇ ਫੌਂਟ ਦੀ ਮੇਰੀ ਸ਼ੁਰੂਆਤ ਪੈਂਤੀ ਫ਼ੌਂਟ ਨਾਲ ਹੋਈ ਸੀ। ਉਸ ਤੋਂ ਬਾਅਦ ਗੁਰਤੇਜ ਕੋਹਾਰਵਾਲਾ ਜੀ ਦੀ ਹੱਥਲਿਖਤ ਦਾ ਫ਼ੌਂਟ ਬਣਾਉਣ ਦਾ ਮੌਕਾ ਮਿਲਿਆ ਤੇ ਹੁਣ ਇਸ ਕਾਰਜ ਨੂੰ ਅੱਗੇ ਤੋਰਦੇ ਹੋਏ ਦੋ ਨਵੇਂ ਫ਼ੌਂਟ ਬਣਾਏ ਹਨ – ਬਿੰਦੀ ਤੇ ਚੌਰਸ। ਨਾਂਅ ਪੜ੍ਹ ਕੇ ਹੁਣ ਤੱਕ ਥੋੜ੍ਹਾ ਅੰਦਾਜਾ ਤਾਂ ਲੱਗ ਹੀ ਗਿਆ ਹੋਣਾ ਕਿ ਇੱਕ ਫ਼ੌਂਟ ਵਿੱਚ ਬਿੰਦੀ ਦਾ ਅਹਿਮ ਰੋਲ ਹੈ ਤੇ ਦੂਜੇ ਵਿੱਚ ਚੌਰਸ ਆਕਾਰ ਦਾ। ਅੱਜ ਇਨ੍ਹਾਂ ਫ਼ੌਂਟਾਂ ਨੂੰ ਲਾਂਚ ਕਰਨ ਦਾ ਅਵਸਰ ਆਇਆ ਹੈ। ਇਨ੍ਹਾਂ ਫ਼ੌਂਟਾਂ ਬਾਰੇ ਥੋੜ੍ਹੀ ਜਿਹੀ ਚਰਚਾ ਤੇ ਝਲਕ ਇਸ ਸੰਪਾਦਨਾ ਵਿੱਚ ਅੱਗੇ ਸਾਂਝੀ ਕਰਨ ਜਾ ਰਿਹਾ ਹਾਂ।

ਇਹ ਵੀ ਦੇਖੋ:  ਇੱਕ ਸਾਲ ਦਾ ਹੋਇਆ ਕੋਹਾਰਵਾਲਾ ਫ਼ੌਂਟ

ਬਿੰਦੀ ਡਿਜ਼ਾਈਨਰ ਵੰਨਗੀ ਦਾ ਫ਼ੌਂਟ ਹੈ। ਇਸਦਾ ਅਧਾਰ ਇੱਕ ਬਿੰਦੀ ਹੋਣ ਕਾਰਨ ਇਸਦਾ ਇਹ ਨਾਂਅ ਰੱਖਿਆ ਗਿਆ ਹੈ। ਇਸ ਫ਼ੌਂਟ ਵਿੱਚ ਗੁਰਮੁਖੀ ਅੱਖਰਾਂ ਸਮੇਤ ਲਾਤੀਨੀ ਭਾਵ ਅੰਗਰੇਜ਼ੀ ਅੱਖਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।  ਇਸਦੀ ਝਲਕ ਹੇਠਾਂ ਦਿੱਤੀਆਂ ਫ਼ੋਟੋਆਂ ਵਿੱਚ ਦੇਖੀ ਜਾ ਸਕਦੀ ਹੈ।


ਚੌਰਸ ਵੀ ਬਿੰਦੀ ਵਾਂਙ ਹੀ ਡਿਜ਼ਾਈਨਰ ਵੰਨਗੀ ਦਾ ਫ਼ੌਂਟ ਹੈ। ਇਸਦਾ ਅਧਾਰ ਚੌਰਸ ਆਕਾਰ ਦੀ ਡੱਬੀ ਹੋਣ ਕਾਰਨ ਇਸਦਾ ਨਾਂਅ ਚੌਰਸ ਰੱਖਿਆ ਗਿਆ ਹੈ। ਇਸ ਵਿੱਚ ਵੀ ਗੁਰਮੁਖੀ ਤੇ ਲਾਤੀਨੀ ਅੱਖਰ ਸ਼ਾਮਿਲ ਕੀਤੇ ਗਏ ਹਨ। ਇਸਦੀ ਝਲਕ ਹੇਠਾਂ ਤਸਵੀਰਾਂ ਵਿੱਚ ਦੇਖੀ ਜਾ ਸਕਦੀ ਹੈ।

ਇਹ ਦੋਵੇਂ ਫ਼ੌਂਟ ਹੀ ਯੂਨੀਕੋਡ ਸਹਿਯੋਗੀ ਹਨ ਤੇ ਇਨ੍ਹਾਂ ਨੂੰ ਪੀਸੀ ਤੋਂ ਇਲਾਵਾ ਫ਼ੋਨਾਂ, ਵੈੱਬਸਾਈਟਾਂ ‘ਤੇ ਵੀ ਵਰਤਿਆ ਜਾ ਸਕਦਾ ਹੈ। ਤਕਨੀਕੀ ਪੱਖ ਤੋਂ ਵੀ ਇਨ੍ਹਾਂ ਫ਼ੌਂਟਾਂ ਨੂੰ ਬੇਹੱਦ ਮਜ਼ਬੂਤ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਬਾਰੇ ਵਧੇਰੇ ਜਾਣਕਾਰੀ ਇਨ੍ਹਾਂ ਦੇ ਸਬੰਧੀ ਪੰਨਿਆਂ ਤੋਂ ਪੜ੍ਹ ਸਕਦੇ ਹੋ।

ਇਹ ਵੀ ਦੇਖੋ:  ਟੋਫੂ ਬਨਾਮ ਨੋ ਮੋਰ ਟੋਫੂ ਉਰਫ਼ ਨੋਟੋ, ਨਵੇਂ ਫੌਂਟ ਪਰਿਵਾਰ ਬਾਰੇ ਜਾਣੋ

ਜੇਕਰ ਤੁਸੀਂ ਇਨ੍ਹਾਂ ਫ਼ੌਂਟਾਂ ਨੂੰ ਡਾਊਨਲੋਡ ਕਰਨਾ ਹੈ ਤਾਂ ਹੇਠਾਂ ਦੋਹਾਂ ਫ਼ੌਂਟਾਂ ਦੇ ਪੰਨਿਆਂ ਦੀਆਂ ਅਲੱਗ-ਅਲੱਗ ਕੜੀਆਂ ਦਿੱਤੀਆਂ ਗਈਆਂ ਹਨ –

ਬਿੰਦੀ ਫ਼ੌਂਟ ਦਾ ਡਾਊਨਲੋਡ ਪੰਨਾ

ਚੌਰਸ ਫ਼ੌਂਟ ਦਾ ਡਾਊਨਲੋਡ ਪੰਨਾ