ਐਂਡਰੌਇਡ: ਫ਼ੋਲਡਰਾਂ ਸਬੰਧੀ ਜਾਣਕਾਰੀ

android folders featured

ਐਂਡਰੌਇਡ ਦੇ ਲੀਨਕਸ ‘ਤੇ ਅਧਾਰਿਤ ਹੋਣ ਕਾਰਨ ਇਸਦੇ ਸਿਸਟਮ ਦੀਆਂ ਸਭ ਫ਼ਾਈਲਾਂ ਫ਼ੋਲਡਰਾਂ ਦੇ ਰੂਪ ਵਿੱਚ ਹੁੰਦੀਆਂ ਹਨ। ਪਰ ਉਹਨਾਂ ਵਿੱਚੋਂ ਆਮ ਵਰਤੋਂਕਾਰ ਕੇਵਲ ਮਨਜੂਰਸ਼ੁਦਾ ਫ਼ੋਲਡਰ — ਜਿਹਨਾਂ ਵਿੱਚ ਉਹ ਆਪਣੀਆਂ ਨਿੱਜੀ ਫ਼ਾਈਲਾਂ ਸਾਂਭ ਕੇ ਰੱਖਦੇ ਹਨ — ਹੀ ਦੇਖ ਅਤੇ ਸੋਧ ਸਕਦੇ ਹਨ। ਇਹਨਾਂ ਮਨਜੂਰਸ਼ੁਦਾ ਫ਼ੋਲਡਰਾਂ ਵਿੱਚ ਨਿੱਜੀ ਫ਼ੋਲਡਰਾਂ ਤੋਂ ਇਲਾਵਾ ਐਪਲੀਕੇਸ਼ਨਾਂ ਦੇ ਫ਼ੋਲਡਰ ਵੀ ਮੌਜੂਦ ਹੁੰਦੇ ਹਨ। ਹਰੇਕ ਐਪ ਆਪਣੇ ਨਾਲ ਸਬੰਧਤ ਫ਼ੋਲਡਰ ਬਣਾਉਂਦੀ ਹੈ ਜਿਸ ਕਾਰਨ ਫ਼ਾਈਲ ਮੈਨੇਜਰ ਵਿੱਚ ਵਾਧੂ ਫ਼ੋਲਡਰ ਆਮ ਹੀ ਦੇਖੇ ਜਾ ਸਕਦੇ ਹਨ।

ਇਹ ਵੀ ਦੇਖੋ:  ਸਾਫ਼ਟਵੇਅਰ ਕੀ ਹੁੰਦੇ ਹਨ?

ਪਰ ਜਦੋਂ ਐਪਲੀਕੇਸ਼ਨਾਂ ਦੀ ਸਥਾਪਤੀ ਰੱਦ ਜਾਂਦੀ ਹੈ ਭਾਵ ਉਹਨਾਂ ਨੂੰ ਅਣ-ਇੰਸਟਾਲ ਕਰਨ ਉਪਰੰਤ ਵੀ ਉਹਨਾਂ ਨਾਲ ਸਬੰਧਤ ਫ਼ੋਲਡਰ ਬਚੇ ਰਹਿ ਜਾਂਦੇ ਹਨ ਜੋ ਕਿ ਫਾਲਤੂ ਜਗ੍ਹਾ ਘੇਰਦੇ ਹਨ। ਇਹਨਾਂ ਵਾਧੂ ਫ਼ੋਲਡਰਾਂ ਨੂੰ ਮਿਟਾਉਣ ਸਮੇਂ ਕਈ ਵਾਰ  ਜ਼ਰੂਰੀ ਫ਼ੋਲਡਰ ਮਿਟ ਜਾਣ ਕਾਰਨ ਕੁਝ ਐਪਾਂ ਫ਼ੋਨ ਵਿੱਚੋਂ ਉੱਡ ਜਾਂਦੀਆਂ ਹਨ। ਇਸ ਸਮੱਸਿਆ ਨਾਲ ਨਜਿੱਠਣ ਲਈ ਐਂਡਰੌਇਡ ਦੀ ਫ਼ੋਲਡਰੀ ਬਣਤਰ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ।

File Manager Diff.png

ਐਂਡਰੌਇਡ ਫ਼ੋਲਡਰ ਬਣਤਰ

ਐਂਡਰੌਇਡ ਵਿੱਚ ਵਿੰਡੋਜ਼ ਵਾਂਗ ਡਿਸਕ ਸਿਸਟਮ ਨਹੀਂ ਹੈ। ਇਸ ਕਰਕੇ ਇਸ ਵਿੱਚ ਲੋਕਲ ਡਿਸਕਾਂ ਵੱਖ-ਵੱਖ ਨਹੀਂ ਹੁੰਦੀਆਂ। ਲੀਨਕਸ ਵਾਂਗ ਸਿੰਗਲ ਰੂਟ ਸਿਸਟਮ ਹੁੰਦਾ ਹੈ ਤੇ ਇਸ ਸਿੰਗਲ ਰੂਟ ਵਿੱਚ ਹੀ ਅੱਗੇ ਸਟੋਰੇਜ ਵਾਲਾ ਉਹ ਹਿੱਸਾ ਹੁੰਦਾ ਹੈ ਜਿਸਨੂੰ ਆਪਾਂ ਅਕਸਰ ਫ਼ਾਈਲਾਂ ਸਾਂਭਣ ਲਈ ਵਰਤਦੇ ਹਾਂ। ਇਸਨੂੰ sdcard ਨਾਲ ਦਰਸਾਇਆ ਜਾਂਦਾ ਹੈ ਤੇ ਜਦੋਂ ਆਪਾਂ ਫ਼ਾਈਲ ਮੈਨੇਜਰ ਖੋਲ੍ਹਦੇ ਹਾਂ ਤਾਂ ਉਸ ਵਿੱਚ ਦਿਖਾਈ ਦੇਣ ਵਾਲੇ ਸਭ ਫ਼ੋਲਡਰ sdcard ਫ਼ੋਲਡਰ ਵਿੱਚ ਹੀ ਬਣੇ ਹੁੰਦੇ ਹਨ।

ਇਸ sdcard ਡਾਇਰੈਕਟਰੀ ਵਿੱਚ ਮੂਲ ਰੂਪ ਵਿੱਚ ਕੁਝ ਅਜਿਹੇ ਫ਼ੋਲਡਰ ਹੁੰਦੇ ਹਨ ਜੋ ਕਿ ਲਗਪਗ ਸਾਰੇ ਫ਼ੋਨਾਂ ਵਿੱਚ ਇੱਕ-ਸਮਾਨ ਹੁੰਦੇ ਹਨ; ਜਿਵੇਂ– Android, Backup, Bluetooth, DCIM, Download, LOST.DIR, Pictures, ਆਦਿ। ਇਹਨਾਂ ਤੋਂ ਇਲਾਵਾ ਕੁਝ ਲੁਕਵੇਂ ਫ਼ੋਲਡਰ ਵੀ ਹੁੰਦੇ ਹਨ; ਜਿਵੇਂ– .android_secure, .DataStorage, .tmp, ਆਦਿ। ਇਹਨਾਂ ਤੋਂ ਇਲਾਵਾ ਬਾਕੀ ਸਭ ਫ਼ੋਲਡਰ ਤੀਜੀ-ਧਿਰ ਦੀਆਂ ਐਪਾਂ ਨਾਲ ਸਬੰਧਤ ਹੁੰਦੇ ਹਨ। ਇਹਨਾਂ ਸਭ ਫ਼ੋਲਡਰਾਂ ਦੇ ਮਹੱਤਵ ਨੂੰ ਜਾਣਨ ਲਈ ਇਹਨਾਂ ਬਾਰੇ ਵਿਸਥਾਰਪੂਰਵਕ ਵਰਣਨ ਹੇਠ ਲਿਖੇ ਅਨੁਸਾਰ ਹੈ:

 • Android: ਇਹ ਐਂਡਰੌਇਡ ਆਪਰੇਟਿੰਗ ਸਿਸਟਮ ਦਾ ਇੱਕ ਅਹਿਮ ਫ਼ੋਲਡਰ ਹੈ ਜਿਸ ਵਿੱਚ ਫ਼ੋਨ ਵਿੱਚ ਇੰਸਟਾਲ ਕੀਤੀਆਂ ਐਪਲੀਕੇਸ਼ਨਾਂ ਦੀਆਂ ਜ਼ਰੂਰੀ ਫ਼ਾਈਲਾਂ ਤੇ ਕੈਸ਼-ਭੰਡਾਰ ਜਮ੍ਹਾਂ ਹੁੰਦਾ ਹੈ। ਜੇਕਰ ਮੰਨ ਲਓ ਇਸ ਫ਼ੋਲਡਰ ਨੂੰ ਮਿਟਾ ਦਿੱਤਾ ਜਾਵੇ ਤਾਂ ਐਪ ਇਸ ਨਾਲ ਪ੍ਰਭਾਵਿਤ ਹੋਵੇਗੀ ਤੇ ਉਸਨੂੰ ਇਸ ਵਿੱਚ ਮੌਜੂਦ ਫ਼ਾਈਲਾਂ ਮੁੜ ਨਵੇਂ ਸਿਰਿਓਂ ਬਣਾਉਣੀਆਂ ਪੈਣਗੀਆਂ। ਇਸ ਕਰਕੇ ਇਸ ਫ਼ੋਲਡਰ ਨੂੰ ਕਦੇ ਵੀ ਡਲੀਟ ਨਾ ਕਰੋ। ਇਸ ਫ਼ੋਲਡਰ ਵਿਚਲੀਆਂ ਫ਼ਾਈਲਾਂ ਅੱਗੋਂ ਦੋ ਫ਼ੋਲਡਰਾਂ ਵਿੱਚ ਤਕਸੀਮ ਹੁੰਦੀਆਂ ਹਨ:
  • data: ਇਸ ਫ਼ੋਲਡਰ ਵਿੱਚ ਐਪਲੀਕੇਸ਼ਨਾਂ ਦਾ ਸਾਰੇ ਕੈਸ਼-ਭੰਡਾਰ ਤੇ ਹੋਰ ਡਾਟਾ ਜਮ੍ਹਾਂ ਹੁੰਦਾ ਹੈ। ਸਾਰੇ ਫ਼ੋਲਡਰਾਂ ਦਾ ਨਾਂਅ com(dot)company_name(dot)app_name ਫ਼ਾਰਮੈਟ ਵਿੱਚ ਹੁੰਦਾ ਹੈ। ਸਭ ਤੋਂ ਅਖ਼ੀਰ ‘ਤੇ system ਨਾਂਅ ਦਾ ਫ਼ੋਲਡਰ ਹੁੰਦਾ ਹੈ ਜਿਸ ਵਿੱਚ ਕੁਝ ਲੋੜੀਂਦੇ ਡਰਾਈਵਰ ਹੁੰਦੇ ਹਨ।
  • obb: ਇਸਦਾ ਪੂਰਾ ਨਾਂਅ Opaque Binary Blob ਹੁੰਦਾ ਹੈ ਤੇ ਇਸ ਫ਼ੋਲਡਰ ਵਿੱਚ ਉਹ ਫ਼ਾਈਲਾਂ ਹੁੰਦੀਆਂ ਹਨ ਜੋ ਕਿ ਵੱਡੀਆਂ ਗੇਮਾਂ ਦੇ ਨਾਲ ਡਾਊਨਲੋਡ ਹੁੰਦੀਆਂ ਹਨ। ਜੇਕਰ ਤੁਸੀਂ ਫ਼ੋਨ ਵਿੱਚ ਜੀ.ਟੀ.ਏ ਵਾਈਸਸਿਟੀ ਗੇਮ ਭਰੀ ਹੋਵੇ ਤਾਂ ਜਿਹੜੀ 1.38  GB ਦੀ ਫ਼ਾਈਲ ਡਾਊਨਲੋਡ ਕੀਤੀ ਸੀ ਤਾਂ ਉਹ ਇੱਥੇ ਪਈ ਹੋਵੇਗੀ।
 • Backup: ਸਿਸਟਮ ਵੱਲੋਂ ਕੀਤਾ ਗਿਆ ਬੈਕਅੱਪ ਇਸ ਫ਼ੋਲਡਰ ਵਿੱਚ ਬਣਦਾ ਹੈ।
 • Bluetooth: ਬਲੂਟੁੱਥ ਨਾਲ ਮੰਗਵਾਈ/ਪ੍ਰਾਪਤ ਕੀਤੀਆਂ ਫ਼ਾਈਲਾਂ ਇਸ ਫ਼ੋਲਡਰ ਵਿੱਚ ਮਿਲਦੀਆਂ ਹਨ।
 • DCIM: ਇਸਦਾ ਪੂਰਾ ਨਾਂਅ Digital Camera IMages ਹੈ ਤੇ ਇਸ ਫ਼ੋਲਡਰ ਵਿੱਚ ਕੈਮਰੇ ਰਾਹੀਂ ਖਿੱਚੀਆਂ ਫ਼ੋਟੋਆਂ ਤੇ ਉਹਨਾਂ ਨਾਲ ਬਣੇ ਥੰਬਨੇਲ ਹੁੰਦੇ ਹਨ। ਇਸ ਫ਼ੋਲਡਰ ਵਿੱਚ ਵੀ ਅੱਗੋਂ 2-3 ਫ਼ੋਲਡਰ ਹੁੰਦੇ ਹਨ:
  • 100ANDRO:  ਕੁਝ ਫ਼ੋਨ ਇਸ ਫ਼ੋਲਡਰ ਵਿੱਚ ਫ਼ੋਨ ਦੇ ਕੈਮਰੇ ਰਾਹੀਂ ਖਿੱਚੀਆਂ ਤਸਵੀਰਾਂ ਨੂੰ ਸਾਂਭਦੇ ਹਨ ਤੇ Camera ਫ਼ੋਲਡਰ ਨੂੰ ਖਾਲੀ ਰੱਖਦੇ ਹਨ।
  • Camera: ਕਈ ਫ਼ੋਨਾਂ ਵਿੱਚ ਇਸ ਫ਼ੋਲਡਰ ਵਿੱਚ ਫ਼ੋਨ ਦੇ ਕੈਮਰੇ ਰਾਹੀਂ ਖਿੱਚੀਆਂ ਤਸਵੀਰਾਂ ਨੂੰ ਸਾਂਭਿਆ ਜਾਂਦਾ ਹੈ ਤੇ 100ANDRO ਫ਼ੋਲਡਰ ਖਾਲੀ ਰਹਿੰਦਾ ਹੈ।
  • .thumbnail: ਇਹ ਫ਼ੋਲਡਰ ਇੱਕ ਲੁਕਵਾਂ ਫ਼ੋਲਡਰ ਹੁੰਦਾ ਹੈ ਤੇ ਇਸ ਵਿੱਚ ਤਸਵੀਰਾਂ ਦੇ ਥੰਬਨੇਲ ਬਣਦੇ ਹਨ। ਕੁਝ ਫ਼ੋਨਾਂ ਵਿੱਚ ਇਹ ਫ਼ੋਲਡਰ DCIM ਫ਼ੋਲਡਰ ਤੋਂ ਬਾਹਰ ਸਥਿੱਤ ਹੁੰਦਾ ਹੈ।
 • Download: ਇਸ ਫ਼ੋਲਡਰ ਵਿੱਚ ਡਿਫ਼ਾਲਟ ਬ੍ਰਾਊਜ਼ਰ, ਡਾਊਨਲੋਡ ਮੈਨੇਜਰ, ਕਰੋਮ, ਆਦਿ ਵੱਲੋਂ ਡਾਊਨਲੋਡ ਕੀਤੀਆਂ ਫ਼ਾਈਲਾਂ ਸਾਂਭੀਆਂ ਹੁੰਦੀਆਂ ਹਨ।
 • LOST.DIR: ਇਹ ਫ਼ੋਲਡਰ ਇੱਕ ਸਿਸਟਮ ਫ਼ੋਲਡਰ ਹੈ ਜੋ ਕਿ ਵਿਡੋਜ਼ ਦੇ Recycle Bin ਵਾਂਗ ਹੀ ਕੰਮ ਕਰਦਾ ਹੈ। ਇਸ ਫ਼ੋਲਡਰ ਵਿੱਚ ਬਣੀਆਂ ਫ਼ਾਈਲਾਂ ਰਿਕਵਰੀਯੋਗ ਹੁੰਦੀਆਂ ਹਨ। ਆਮ ਤੌਰ ‘ਤੇ ਇਹ ਫ਼ੋਲਡਰ ਖਾਲੀ ਰਹਿੰਦਾ ਹੈ। ਇਸ ਵਿੱਚ ਫ਼ਾਈਲਾਂ ਉਸ ਸਮੇਂ ਬਣਦੀਆਂ ਹਨ ਜਦੋਂ ਫ਼ੋਨ ‘ਤੇ ਕੋਈ ਕਾਰਜ ਚੱਲ ਰਿਹਾ ਹੋਵੇ ਤੇ ਕਿਸੇ ਕਾਰਨਵੱਸ ਵਿੱਚ ਵਿਘਨ ਪੈਣ ‘ਤੇ ਕਾਰਜ ਅਧੂਰਾ ਹੀ ਰੁਕ ਜਾਵੇ। ਅਜਿਹੀ ਹਾਲਤ ਵਿੱਚ ਅਧੂਰੀਆਂ ਫ਼ਾਈਲਾਂ ਇਸ ਫ਼ੋਲਡਰ ਵਿੱਚ ਬਣ ਜਾਂਦੀਆਂ ਹਨ। ਪਰੰਤੂ ਇਹ ਫ਼ਾਈਲਾਂ ਕਿਸੇ ਤੀਜੀ-ਧਿਰ ਦੀ ਐਪ ਰਾਹੀਂ ਰਿਕਵਰ ਵੀ ਹੋ ਸਕਦੀਆਂ ਹਨ।
 • Pictures: ਇਸ ਫ਼ੋਲਡਰ ਵਿੱਚ ਡਿਫ਼ਾਲਟ ਤਸਵੀਰਾਂ ਹੁੰਦੀਆਂ ਹਨ।
 • Videos: ਇਸ ਫ਼ੋਲਡਰ ਵਿੱਚ ਡਿਫ਼ਾਲਟ ਵੀਡੀਓਜ਼ ਹੁੰਦੀਆਂ ਹਨ।
 • .android_secure: ਇਹ ਅਤਿ ਸੰਵੇਦਨਸ਼ੀਲ ਫ਼ੋਲਡਰ ਹੈ ਤੇ ਇਕਲੌਤਾ ਅਜਿਹਾ ਫ਼ੋਲਡਰ ਹੈ ਜੋ ਕਿ ਕਿਸੇ ਵੀ ਐਂਡਰੌਇਡ ਫ਼ਾਈਲ ਮੈਨੇਜਰ ਵਿੱਚ ਦਿਖਾਈ ਨਹੀਂ ਦਿੰਦਾ। ਇਸ ਵਿੱਚ ਇੰਸਟਾਲ ਐਪਾਂ ਦੀਆਂ .asec ਫ਼ਾਈਲਾਂ ਹੁੰਦੀਆਂ ਹਨ। ਇਸ ਫ਼ੋਲਡਰ ਨੂੰ ਕੇਵਲ ਕੰਪਿਊਟਰ ‘ਤੇ ਹੀ ਦੇਖਿਆ ਜਾ ਸਕਦਾ ਹੈ। ਜੇਕਰ ਇਹ ਫ਼ੋਲਡਰ ਗਲਤੀ ਨਾਲ ਮਿਟ ਗਿਆ ਤਾਂ ਸਭ ਇੰਸਟਾਲ ਕੀਤੀਆਂ ਐਪਲੀਕੇਸ਼ਨਾਂ ਕੰਮ ਨਹੀਂ ਕਰਨਗੀਆਂ ਤੇ ਉਹਨਾਂ ਨੂੰ ਫਿਰ ਦੁਬਾਰਾ ਇੰਸਟਾਲ ਕਰਨ ਦੀ ਨੌਬਤ ਵੀ ਆ ਸਕਦੀ ਹੈ। ਇਸ ਲਈ ਇਸ ਫ਼ੋਲਡਰ ਨੂੰ ਭੁੱਲ ਕੇ ਵੀ ਡਲੀਟ ਨਾ ਕਰੋ!

ਇਹ ਵੀ ਦੇਖੋ:  ਐਂਡਰੌਇਡ: ਜਾਣ-ਪਹਿਚਾਣ

ਲੁਕਵੇਂ ਫ਼ੋਲਡਰ

hiden-folders

ਐਂਡਰੌਇਡ ਆਪਰੇਟਿੰਗ ਸਿਸਟਮ ਵਿੱਚ ਲੁਕਵੇਂ ਫ਼ੋਲਡਰ ਬਣਾਉਣ ਦੀ ਸਹੂਲਤ ਹੁੰਦੀ ਹੈ। ਇਸ ਵਿੱਚ ਲੁਕਵੇਂ ਫ਼ੋਲਡਰ ਬਣਾਉਣ ਲਈ ਉਹਨਾਂ ਦਾ ਨਾਂਅ ਬਦਲਦੇ ਸਮੇਂ ਨਾਂਅ ਅੱਗੇ ਬਿੰਦੀ ਲਗਾ ਦਿੱਤੀ ਜਾਂਦੀ ਹੈ; ਜਿਵੇਂ:- .Android, .tmp, .estrongs, ਆਦਿ। ਪਰੰਤੂ ਜਦੋਂ ਫ਼ੋਨ ਨੂੰ ਕੰਪਿਊਟਰ ਨਾਲ ਕਨੈਕਟ ਕੀਤਾ ਜਾਂਦਾ ਹੈ ਤਾਂ ਇਹ ਲੁਕਵੇਂ ਫ਼ੋਲਡਰ ਦਿਖਾਈ ਦੇਣ ਲੱਗ ਪੈਂਦੇ ਹਨ ਕਿਉਂਕਿ ਵਿੰਡੋਜ਼ ਇਹਨਾਂ ਨੂੰ ਆਮ ਫ਼ੋਲਡਰਾਂ ਵਜੋਂ ਹੀ ਕੰਪਾਈਲ ਕਰਦਾ ਹੈ। ਜੇਕਰ ਐਂਡਰੌਇਡ ਵਿੱਚ ਇਹ ਫ਼ੋਲਡਰ ਦੇਖਣੇ ਹੋਣ ਤਾਂ ਫ਼ਾਈਲ ਮੈਨੇਜਰ ਖੋਲ੍ਹ ਕੇ ਤਿੰਨ-ਬਿੰਦੀਆਂ ਵਾਲੇ ਬਟਨ ਨੂੰ ਦਬਾਕੇ “Show Hidden Folders” ਨੂੰ ਦਬਾਓ।

ਇਹ ਐਂਡਰੌਇਡ ਦੇ ਫ਼ਾਈਲ ਸਿਸਟਮ ਦਾ ਇੱਕ ਸੰਖੇਪ ਜਿਹਾ ਵਰਣਨ ਹੈ। ਇਸ ਵਿੱਚ ਸਭ ਫ਼ੋਲਡਰਾਂ ਬਾਰੇ ਥੋੜ੍ਹਾ ਜਿਹਾ ਚਾਣਨਾ ਪਾਇਆ ਗਿਆ ਹੈ ਜਿਸ ਨਾਲ ਤੁਹਾਨੂੰ ਹਰ ਫ਼ੋਲਡਰ ਬਾਰੇ ਜ਼ਰੂਰੀ ਜਾਣਕਾਰੀ ਮਿਲ ਜਾਵੇਗੀ। ਜੇਕਰ ਤੁਹਾਡੇ ਮਨ ਵਿੱਚ ਇਸ ਵਿਸ਼ੇ ਨੂੰ ਲੈ ਕੇ ਕੋਈ ਸੁਆਲ ਹੈ ਤਾਂ ਹੋਠਾਂ ਟਿੱਪਣੀ-ਬਕਸੇ ਵਿੱਚ ਆਪਣਾ ਸੁਆਲ ਪੁੱਛ ਸਕਦੇ ਹੋ।