ਐਂਡਰੌਇਡ ਇੱਕ ਖੁੱਲ੍ਹੇ ਸਰੋਤ ਵਾਲਾ ਆਪਰੇਟਿੰਗ ਸਿਸਟਮ ਹੈ ਜੋ ਕਿ ਲੀਨਕਸ ਕਰਨਲ ‘ਤੇ ਅਧਾਰਿਤ ਹੈ। ਇਸਦਾ ਨਿਰਮਾਣ ਟੱਚ ਸਕਰੀਨੀ ਉਪਕਰਨਾਂ ਲਈ ਕੀਤਾ ਗਿਆ ਸੀ। ਪਹਿਲਾਂ-ਪਹਿਲ ਇਸਦੀ ਵਰਤੋਂ ਕੇਵਲ ਸਮਾਰਟਫ਼ੋਨਾਂ ਤੇ ਟੈਬਲਟਾਂ ਵਿੱਚ ਕੀਤੀ ਜਾਂਦੀ ਸੀ ਪਰੰਤੂ ਹੁਣ ਇਸਦੀ ਵਰਤੋਂ ਟੈਲੀਵਿਜ਼ਨਾਂ ਵਿੱਚ ਐਂਡਰੌਇਡ ਟੀਵੀ ਵਜੋਂ, ਕਾਰਾਂ ਵਿੱਚ ਐਂਡਰੌਇਡ ਆਟੋ ਵਜੋਂ ਤੇ ਸਮਾਰਟ ਘੜੀਆਂ ਵਿੱਚ ਐਂਡਰੌਇਡ ਵੀਅਰ ਵਜੋਂ ਕੀਤੀ ਜਾ ਰਹੀ ਹੈ। ਐਂਡਰੌਇਡ ਦਾ ਇੰਟਰਫ਼ੇਸ ਬੜਾ ਹੀ ਸਰਲ ਢੰਗ ਦਾ ਹੈ। ਇਸ ਵਿੱਚ ਬਹੁਤ ਸਾਰੇ ਕੁਦਰਤੀ ਤੱਤ, ਜਿਵੇਂ- ਸਵਾਈਪਿੰਗ (ਉਂਗਲ ਘਸਾਕੇ), ਟੈਪਿੰਗ (ਉਂਗਲ ਨਾਲ ਛੋਹ ਕੇ) ਤੇ ਪਿੰਚਿੰਗ (ਚੂੰਡੀ ਭਰਕੇ) ਰਾਹੀਂ ਕੀਤੇ ਜਾਣ ਵਾਲੇ ਪ੍ਰਮੁੱਖ ਤੱਤ ਸ਼ਾਮਿਲ ਹਨ। ਇਹਨਾਂ ਕੁਦਰਤੀ ਤੱਤਾਂ ਦੀ ਮਦਦ ਨਾਲ ਬਟਨ ਤੋਂ ਬਗੈਰ ਹੀ ਐਪਾਂ ਨੂੰ ਖੋਲ੍ਹਣਾ, ਇੱਕ ਸਕਰੀਨ ਤੋਂ ਦੂਜੀ ਸਕਰੀਨ ਵੱਲ ਜਾਣਾ, ਜ਼ੂਮ ਕਰਨਾ, ਆਦਿ ਕੰਮ ਕੀਤੇ ਜਾ ਸਕਦੇ ਹਨ।
ਅੱਜਕੱਲ੍ਹ ਐਂਡਰੌਇਡ ਦੀ ਵਰਤੋਂ ਫ਼ੀਸਦ ਸਭ ਆਪਰੇਟਿੰਗ ਸਿਸਟਮਾਂ ਤੋਂ ਵੱਧ ਹੈ। ਇਸਦੇ ਵਰਤੋਂਕਾਰਾਂ ਦੀ ਗਿਣਤੀ ਸੰਸਾਰ ਵਿੱਚ ਸਭ ਤੋਂ ਜ਼ਿਆਦਾ ਹੈ ਤੇ 2013 ਤੋਂ ਬਾਅਦ ਟੈਬਲਟ ਬਜ਼ਾਰ ਵਿੱਚ ਵੀ ਐਂਡਰੌਇਡ ਦੀ ਮੰਗ ਵੀ ਕਾਫ਼ੀ ਵਧੀ ਹੈ।
ਇਤਿਹਾਸ
ਐਂਡਰੌਇਡ ਦਾ ਨਿਰਮਾਣ ਕਾਰਜ ਐਂਡਰੌਇਡ ਇੰਕਃ ਵੱਲੋਂ ਆਰੰਭਿਆ ਗਿਆ ਸੀ। ਐਂਡਰੌਇਡ ਇੰਕਃ ਦੀ ਸਥਾਪਨਾ ਐਂਡੀ ਰੂਬਿਨ, ਰਿੱਚ ਮਾਈਨਰ, ਨਿੱਕ ਸੀਅਰਜ਼ ਤੇ ਕ੍ਰਿਸ ਵਾਈਟ ਵੱਲੋਂ ਅਕਤੂਬਰ 2003 ਵਿੱਚ ਪਾਲੋ ਅਲਟੋ ਵਿਖੇ ਕੀਤੀ ਗਈ ਸੀ।
“ਇਸ ਸੰਸਥਾ ਦਾ ਮਕਸਦ ਸਮਾਰਟ ਮੋਬਾਇਲਾਂ ਦਾ ਨਿਰਮਾਣ ਕਰਨਾ, ਜੋ ਕਿ ਆਪਣੇ ਮਾਲਕ ਦੇ ਟਿਕਾਣੇ ਤੇ ਤਰਜੀਹਾਂ ਬਾਰੇ ਵਧੇਰੇ ਜਾਗਰੂਕ ਹੋਵੇ।”
-ਰੂਬਿਨ
ਪਹਿਲਾਂ ਇਸ ਕੰਪਨੀ ਦਾ ਟੀਚਾ ਕੇਵਲ ਡਿਜੀਟਲ ਕੈਮਰਿਆਂ ਲਈ ਉੱਨਤ ਆਪਰੇਟਿੰਗ ਸਿਸਟਮ ਤਿਆਰ ਕਰਨ ਦਾ ਸੀ ਪਰ ਇਹਨਾਂ ਦਾ ਵਿੱਤੀ ਬਜ਼ਾਰ ਛੋਟਾ ਹੋਣ ਕਾਰਨ ਉਹਨਾਂ ਨੇ ਇਸ ਤੋਂ ਪਾਸਾ ਵੱਟ ਕੇ ਫ਼ੋਨਾਂ ਲਈ ਆਪਰੇਟਿੰਗ ਸਿਸਟਮ ਬਣਾਉਣ ਦਾ ਨਿਰਣਾ ਕੀਤਾ ਜੋ ਕਿ ਸਿੰਬੀਅਨ ਤੇ ਮਾਈਕਰੋਸਾਫ਼ਟ ਦੇ ਵਿੰਡੋਜ਼ ਮੋਬਾਇਲ ਆਪਰੇਟਿੰਗ ਸਿਸਟਮ ਨੂੰ ਟੱਕਰ ਦੇਣ ਦੇ ਕਾਬਿਲ ਹੋਵੇ। ਇਸ ਤਰ੍ਹਾਂ ਕੰਪਨੀ ਤੇ ਇਸਦੇ ਕਰਮਚਾਰੀਆਂ ਦੇ ਸਾਂਝੇ ਉੱਦਮ ਕਾਰਨ ਸ਼ੁਰੂਆਤੀ ਸਮੇਂ ਇਹ ਪ੍ਰੋਜੈਕਟ ਗੁਪਤ ਹੀ ਚੱਲਦਾ ਰਿਹਾ ਤੇ ਕੰਪਨੀ ਵੱਲੋਂ ਸਿਰਫ਼ ਇਹੀ ਕਿਹਾ ਜਾਂਦਾ ਸੀ ਕਿ ਉਹ ਕੇਵਲ ਮੋਬਾਇਲ ਫ਼ੋਨ ਦੇ ਸਾਫ਼ਟਵੇਅਰਾਂ ‘ਤੇ ਕੰਮ ਕਰ ਰਹੇ ਹਨ।
ਇਹ ਵੀ ਦੇਖੋ: ਸਾਫ਼ਟਵੇਅਰ ਕੀ ਹੁੰਦੇ ਹਨ?
ਜੁਲਾਈ 2005 ਵਿੱਚ ਗੂਗਲ ਨੇ ਐਂਡਰੌਇਡ ਇੰਕਃ ਨੂੰ ਖ਼ਰੀਦ ਲਿਆ ਤੇ ਇਸ ਸੌਦੇ ਤੋਂ ਬਾਅਦ ਐਂਡੀ ਰੂਬਿਨ ਸਮੇਤ ਕਈ ਮੁੱਖ ਮੈਂਬਰ ਵੀ ਇਸੇ ਪ੍ਰੋਜੈਕਟ ‘ਚ ਗੂਗਲ ਨਾਲ ਕੰਮ ਕਰਦੇ ਰਹੇ। ਕਿਆਸ-ਅਰਾਈਆਂ ਇਹ ਲਗਾਈਆਂ ਜਾ ਰਹੀਆਂ ਸਨ ਕਿ ਆਪਣੀ ਇਸ ਚਾਲ ਨਾਲ ਗੂਗਲ ਮੋਬਾਇਲ ਤਕਨੀਕ ਵਿੱਚ ਆਪਣੇ ਕਦਮ ਰੱਖਣ ਜਾ ਰਿਹਾ ਹੈ।
ਫ਼ਿਰ 5 ਨਵੰਬਰ 2007 ਨੂੰ ਗੂਗਲ ਵੱਲੋਂ 34 ਮੈਂਬਰ ਕੰਪਨੀਆਂ ਨਾਲ ਮਿਲ ਕੇ ਓਪਨ ਹੈਂਡਸੈੱਟ ਅਲਾਇੰਸ ਦੀ ਸਥਾਪਨਾ ਕੀਤੀ ਗਈ ਤੇ ਖੁੱਲ੍ਹੇ ਮਾਣਕਾਂ ਵਾਲੇ ਮੋਬਾਇਲ ਉਪਕਰਨ ਬਣਾਉਣ ਦਾ ਟੀਚਾ ਮਿੱਥਿਆ ਗਿਆ। ਇਸੇ ਦਿਨ ਹੀ ਗੂਗਲ ਨੇ ਐਂਡਰੌਇਡ ਨੂੰ ਬਤੌਰ ਉਤਪਾਦ ਪੇਸ਼ ਕੀਤਾ ਤੇ ਸਭ ਤੋਂ ਪਹਿਲੇ ਐਂਡਰੌਇਡ-ਚਲਿੱਤ ਫ਼ੋਨ “ਐੱਚ.ਟੀ.ਸੀ ਡ੍ਰੀਮ” ਦੀ 22 ਅਕਤੂਬਰ 2008 ਨੂੰ ਘੁੰਡ-ਚੁਕਾਈ ਕੀਤੀ ਗਈ।
2008 ਤੋਂ ਬਾਅਦ ਫ਼ਿਰ ਅਪਡੇਟਾਂ ਦਾ ਸਿਲਸਿਲਾ ਚੱਲਦਾ ਰਿਹਾ ਤੇ ਹੁਣ ਤੱਕ ਕਾਫ਼ੀ ਛੋਟੇ-ਵੱਡੇ ਸੁਧਾਰ ਪੇਸ਼ ਕਰਦੇ 14 ਸੰਸਕਰਣ ਆਏ ਹਨ। ਇਹਨਾਂ ਦਾ ਨਾਮਕਰਨ ਅੰਗਰੇਜ਼ੀ ਮਠਿਆਈਆਂ ਦੇ ਨਾਮਾਂ ‘ਤੇ ਅੰਗਰੇਜ਼ੀ ਅੱਖਰ-ਕ੍ਰਮ ਮੁਤਾਬਕ ਹੈ, ਜਿਵੇਂ– ਕੱਪਕੇਕ 1.5, ਡੋਨਟ 1.6, ਐਕਲੇਅਰ 2.0, ਆਦਿ। ਮੌਜੂਦਾ ਤਾਜ਼ਾ ਸੰਸਕਰਣ ਨੋਗਟ 7.1.1 ਹੈ ਜੋ ਕਿ 5 ਦਸੰਬਰ 2016 ਨੂੰ ਜਾਰੀ ਕੀਤਾ ਗਿਆ ਸੀ।
ਵਿਸ਼ੇਸ਼ਤਾਵਾਂ
ਇੰਟਰਫ਼ੇਸ
ਐਂਡਰੌਇਡ ਦਾ ਇੰਟਰਫ਼ੇਸ ਬਹੁਤ ਹੀ ਸਰਲ ਢੰਗ ਦਾ ਹੈ। ਸਭ ਤੋਂ ਮੂਹਰੇ ਮੁੱਖ ਸਕਰੀਨ ਹੁੰਦੀ ਹੈ ਜਿਸ ‘ਤੇ ਸਭ ਤੋਂ ਜ਼ਿਆਦਾ ਜ਼ਰੂਰੀ ਐਪਾਂ ਦੇ ਆਈਕਨ ਤੇ ਘੜੀਆਂ ਵਰਗੇ ਵਿਜਟ ਦਿਖਾਈ ਦਿੰਦੇ ਹਨ। ਇਸ ਮੁੱਖ ਸਕਰੀਨ ਵਾਲੀ ਪ੍ਰਬੰਧਕੀ ਐਪ ਨੂੰ ਲਾਂਚਰ ਕਿਹਾ ਜਾਂਦਾ ਹੈ ਜੋ ਕਿ ਅੰਗਰੇਜ਼ੀ ਸ਼ਬਦ ਹੈ ਤੇ ਇਸਦਾ ਸ਼ਾਬਦਿਕ ਅਰਥ “ਚਲਾਉਣ ਵਾਲਾ” ਹੁੰਦਾ ਹੈ। ਸਕਰੀਨ ਦੇ ਹੇਠਲੇ ਭਾਗ ਵਿੱਚ ਸਥਾਈ ਆਈਕਨ ਪੱਟੀ ਹੁੰਦੀ ਹੈ ਜਿਸਨੂੰ ਡੌਕ ਕਹਿੰਦੇ ਹਨ। ਇਸ ‘ਤੇ ਫ਼ੋਨ, ਸੁਨੇਹੇ, ਬ੍ਰਾਊਜ਼ਰ, ਡਰਾਉਰ ਵਰਗੇ ਆਈਕਨ ਹੁੰਦੇ ਹਨ। ਸਭ ਤੋਂ ਉੱਪਰਲੇ ਹਿੱਸੇ ਵਿੱਚ ਇੱਕ ਪੱਟੀ ਹੁੰਦੀ ਹੈ ਜਿਸਨੂੰ ਨੋਟੀਫ਼ਿਕੇਸ਼ਨ ਬਾਰ ਕਿਹਾ ਜਾਂਦਾ ਹੈ ਤੇ ਇਸ ਵਿੱਚ ਐਪਾਂ ਨਾਲ ਸਬੰਧਤ ਵੱਖ-ਵੱਖ ਸੂਚਨਾਵਾਂ ਦਿਖਾਈ ਦਿੰਦੀਆਂ ਹਨ। ਉਂਗਲ ਨੂੰ ਸਕਰੀਨ ਦੇ ਉੱਪਰਲੇ ਭਾਗ ਤੋਂ ਹੇਠਾਂ ਵੱਲ ਖਿਸਕਾਉਣ ਨਾਲ ਨੋਟੀਫ਼ਿਕੇਸ਼ਨ ਵਾਲਾ ਪੂਰਾ ਪੱਤਾ ਖੁੱਲ੍ਹਦਾ ਹੈ ਤੇ ਇਸ ਵਿੱਚ ਕਈ ਤਰ੍ਹਾਂ ਦੇ ਛੋਹ-ਬਟਨ ਹੁੰਦੇ ਹਨ ਜੋ ਕਿ ਬਲੂਟੁੱਥ, ਵਾਈ-ਫ਼ਾਈ, ਡਾਟਾ, ਪ੍ਰੋਫ਼ਾਈਲਾਂ, ਲਾਈਟ, ਹੌਟਸਪੌਟ ਵਰਗੀਆਂ ਸਹੂਲਤਾਂ ਤੱਕ ਛੇਤੀ ਪਹੁੰਚ ਬਣਾਉਣ ਵਿੱਚ ਸਹਾਇਕ ਹੁੰਦੇ ਹਨ।
ਐਪਲੀਕੇਸ਼ਨਾਂ
ਐਂਡਰੌਇਡ ਦੀਆਂ ਐਪਲੀਕੇਸ਼ਨਾਂ ਦਾ ਵਿਸ਼ਾਲ ਬਜ਼ਾਰ ਮੌਜੂਦ ਹੈ ਜਿਸਨੂੰ ਕਿ ਪਲੇਅ ਸਟੋਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਐਪਬ੍ਰੇਨ ਦੇ ਅੰਕੜਿਆਂ ਮੁਤਾਬਿਕ 10 ਫ਼ਰਵਰੀ 2017 ਤੱਕ ਪਲੇਅ ਸਟੋਰ ਵਿੱਚ ਕੁੱਲ 27,17,384 ਐਪਾਂ ਮੌਜੂਦ ਹਨ ਤੇ ਇਹਨਾਂ ‘ਚੋਂ 13% ਐਪਾਂ ਘਟੀਆ ਪੱਧਰ ਦੀਆਂ ਹਨ। ਇਹ ਐਪਾਂ ਵੱਖ-ਵੱਖ ਵੰਨਗੀ ਦੀਆਂ ਹਨ ਤੇ ਇਹਨਾਂ ਵਿੱਚੋਂ ਬਹੁਤ ਸਾਰੀਆਂ ਐਪਾਂ ਕਾਫ਼ੀ ਉੱਨਤ ਪੱਧਰ ਦੀਆਂ ਹਨ, ਜਿਵੇਂ– ਰੱਨਟਾਸਟਿਕ, ਡੂਓਲਿੰਗੋ, ਸਪੌਟੀਫ਼ਾਈ, ਫ਼ਾਇਰਫ਼ਾਕਸ, ਓਪੇਰਾ, ਕਰੋਮ, ਮਾਈਕਰੋਸਾਫ਼ਟ ਆਫ਼ਿਸ, ਡਬਲਯੂ.ਪੀ.ਐਸ ਆਫ਼ਿਸ, ਐਵਰਨੋਟ, ਵਰਡਪ੍ਰੈੱਸ, ਪਲੇਅ ਮਿਊਜ਼ਿਕ, ਪਲੇਅ ਬੁਕਸ, ਫ਼ਿੱਟਬਿਟ, ਐਪਲ ਮਿਊਜ਼ਿਕ, ਆਦਿ। ਐਪਲੀਕੇਸ਼ਨਾਂ ਤੋਂ ਇਲਾਵਾ ਪਲੇਅ ਸਟੋਰ ਵਿੱਚੋਂ ਕਿਤਾਬਾਂ, ਗੇਮਾਂ ਤੇ ਫ਼ਿਲਮਾਂ ਵੀ ਭਰੀਆਂ ਜਾ ਸਕਦੀਆਂ ਹਨ।
ਇਹ ਵੀ ਦੇਖੋ: ਖੁੱਲ੍ਹਾ ਸਰੋਤ ਬਨਾਮ ਬੰਦ ਸਰੋਤ ਸਾਫ਼ਟਵੇਅਰ
ਕਈ ਐਪਲੀਕੇਸ਼ਨਾਂ―ਪਰਦੇਦਾਰੀ ਜਾਂ ਸੁਰੱਖਿਆ ਕਾਰਨਾਂ ਕਰਕੇ―ਇਸ ਬਜ਼ਾਰ ਵਿੱਚ ਨਹੀਂ ਮਿਲਦੀਆਂ ਤੇ ਉਹਨਾਂ ਨੂੰ ਤੀਜੀ-ਧਿਰ ਦੇ ਬਜ਼ਾਰ ਆਪਣੀ ਐਪ ਰਾਹੀਂ ਡਾਊਨਲੋਡ ਕਰਨ ਦੀ ਸਹੂਲਤ ਦਿੰਦੇ ਹਨ। ਮੁੱਖ ਤੌਰ ‘ਤੇ ਐਮਾਜ਼ੋਨ ਐਪਸਟੋਰ, ਗੈੱਟਜਰ, ਸਲਾਈਡ-ਮੀ, ਐੱਫ਼.ਡਰੌਇਡ, ਮੋਬੋਜਿਨੀ ਦੇ ਨਾਂਅ ਵਰਣਨਯੋਗ ਹਨ।
ਐਂਡਰੌਇਡ ਦੀਆਂ ਐਪਲੀਕੇਸ਼ਨਾਂ ਨੂੰ ਬਣਾਉਣ ਲਈ ਐਕਸ.ਐਮ.ਐਲ, ਸੀ/ਸੀ++ ਤੇ ਕੋਰ ਜਾਵਾ ਦਾ ਗਿਆਨ ਹੋਣਾ ਜ਼ਰੂਰੀ ਹੈ। ਪਹਿਲਾਂ ਐਪਲੀਕੇਸ਼ਨਾਂ ਦੇ ਨਿਰਮਾਣ ਲਈ ਐਕਲਿਪਸ ਨਾਂਅ ਦੇ ਆਈ.ਡੀ.ਈ ਵਰਤਿਆ ਜਾਂਦਾ ਸੀ ਜਿਸ ਵਿੱਚ ਗੂਗਲ ਦੇ ਐਂਡਰੌਇਡ ਡਿਵਲਪਮੈਂਟ ਟੂਲਜ਼ ਪਲੱਗਇੱਨ ਰਾਹੀਂ ਐਪ ਬਣਾਈ ਜਾ ਸਕਦੀ ਸੀ। ਪਰ ਦਸੰਬਰ 2014 ਵਿੱਚ ਗੂਗਲ ਨੇ “ਐਂਡਰੌਇਡ ਸਟੂਡੀਓ” ਨਾਂਅ ਦੇ ਇੱਕ ਆਈ.ਡੀ.ਈ ਦਾ ਵਿਕਾਸ ਕੀਤਾ ਜੋ ਕਿ ਇੰਟੈਲੀਜੇ ਆਈਡੀਆ ‘ਤੇ ਅਧਾਰਿਤ ਹੈ। ਇਹ ਐਂਡਰੌਇਡ ਐਪਲੀਕੇਸ਼ਨਾਂ ਬਣਾਉਣ ਲਈ ਮੁੱਢਲਾ ਸਾਫ਼ਟਵੇਅਰ ਹੈ ਤੇ ਹੁਣ ਇਸਦੇ ਰਾਹੀਂ ਸਭ ਐਪਲੀਕੇਸ਼ਨਾਂ ਬਣਦੀਆਂ ਹਨ। ਐਂਡਰੌਇਡ ਦੀਆਂ ਐਪਲੀਕੇਸ਼ਨਾਂ ਦੀ ਐਕਸਟੈਨਸ਼ਨ ਭਾਵ ਨਾਂਅ-ਪਿਛੇਤਰ APK (ਏ.ਪੀ.ਕੇ) ਹੈ।
ਹੋਰ ਵਿਸ਼ੇਸ਼ਤਾਵਾਂ
ਐਂਡਰੌਇਡ ਵਿੱਚ ਹੋਰ ਵੀ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ, ਜਿਵੇਂ– ਅਵਾਜ਼ ਅਧਾਰਿਤ ਸਹੂਲਤਾਂ, ਬਹੁਕਾਰਜੀ ਪ੍ਰਣਾਲੀ, ਮੈਮਰੀ ਪ੍ਰਬੰਧਨ, ਮਲਟੀਟੱਚ ਸਕਰੀਨ, ਬਹੁਭਾਸ਼ਾਈ ਸਹਿਯੋਗ, ਵੀਡੀਓ ਕਾਲਿੰਗ, ਜੀ.ਪੀ.ਐਸ, ਐਕਸਲਰੋਮੀਟਰ, ਜਾਇਰੋਸਕੋਪ, ਬੈਰੋਮੀਟਰ, ਮੈਗਨੈਟੋਮੀਟਰ, ਪ੍ਰੈਸ਼ਰ ਸੈਂਸਰ, ਥਰਮੋਮੀਟਰ, ਆਦਿ। ਇਹ ਸਭ ਸਹੂਲਤਾਂ ਇਸ ਨੂੰ ਤਕਨੀਕੀ ਪੱਖੋਂ ਕਾਫ਼ੀ ਅਮੀਰ ਬਣਾਉਂਦੀਆਂ ਹਨ।
ਲਸੰਸ
ਐਂਡਰੌਇਡ ਦਾ ਸਰੋਤ ਕੋਡ ਖੁੱਲ੍ਹੇ ਸਰੋਤ ਵਾਲਾ ਹੁੰਦਾ ਹੈ। ਇਸਦਾ ਵਿਕਾਸ ਗੂਗਲ ਵੱਲੋਂ ਨਿੱਜੀ ਤੌਰ ‘ਤੇ ਕਰਨ ਮਗਰੋਂ ਨਵਾਂ ਸੰਸਕਰਣ ਜਾਰੀ ਕਰਨ ਸਮੇਂ ਜਨਤਕ ਕਰ ਦਿੱਤਾ ਜਾਂਦਾ ਹੈ। ਗੂਗਲ ਵੱਲੋਂ ਐਂਡਰੌਇਡ ਦਾ ਜ਼ਿਆਦਾਤਰ ਕੋਡ ਅਪਾਚੀ 2.0 ਲਸੰਸ ਹੇਠ ਜਾਰੀ ਕੀਤਾ ਹੈ ਜੋ ਕਿ ਇਸਦੀ ਸੋਧ ਤੇ ਵੰਡ ਦੀ ਖੁੱਲ੍ਹੀ ਆਗਿਆ ਦਿੰਦਾ ਹੈ। ਪਰੰਤੂ ਇਸਦਾ ਟਰੇਡਮਾਰਕ “ਐਂਡਰੌਇਡ” ਗੂਗਲ ਦੀ ਮਾਲਕੀ ਹੇਠ ਹੀ ਆਉਂਦਾ ਹੈ ਤੇ ਇਸ ਸਬੰਧੀ ਸਾਰੇ ਅਧਿਕਾਰ ਗੂਗਲ ਦੇ ਰਾਖਵੇਂ ਹਨ। ਇਸ ਤੋਂ ਇਲਾਵਾ ਲੀਨਕਸ ਕਰਨਲ, ਜਿਸਨੂੰ ਕਿ ਓਪਨ ਹੈਂਡਸੈੱਟ ਅਲਾਇੰਸ ਵੱਲੋਂ ਸਾਂਝੇ ਰੂਪ ਵਿੱਚ ਬਣਾਇਆ ਜਾਂਦਾ ਹੈ, ਨੂੰ ਜੀ.ਐਨ.ਯੂ ਜੀ.ਪੀ.ਐਲ-2 ਲਸੰਸ ਹੇਠ ਜਾਰੀ ਕੀਤਾ ਜਾਂਦਾ ਹੈ।
ਇਹ ਵੀ ਦੇਖੋ: ਐਂਡਰੌਇਡ ਫ਼ੋਨਾਂ ਵਿੱਚ ਮਿਲਣ ਵਾਲੀ .nomedia ਫਾਈਲ ਬਾਰੇ ਜਾਣੋ
ਸੋ ਅਖ਼ੀਰ ਇਹੀ ਕਹਿਣਾ ਬਣਦਾ ਹੈ ਕਿ ਐਂਡਰੌਇਡ ਆਪਣੇ ਖੁੱਲ੍ਹੇ ਸਰੋਤ ਹੋਣ ਕਰਕੇ ਵਿਕਾਸਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ। ਹੋਰਨਾਂ ਪਲੈਟਫ਼ਾਰਮਾਂ ਨਾਲੋਂ ਵਿਕਾਸਕਾਰ ਇਸਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ। ਪਰ ਇਸ ਵਿੱਚ ਹਾਲੇ ਵੀ ਥੋੜ੍ਹੀਆਂ ਸੁਰੱਖਿਆ ਖਾਮੀਆਂ ਨੇ ਅਤੇ ਐਪਲੀਕੇਸ਼ਨ ਨਿਰਮਾਣ ਢੰਗ ਐਪਲ ਨਾਲੋਂ ਔਖਾ ਹੈ ਜਿਸ ਕਾਰਨ ਚੋਟੀ ਦੀਆਂ ਸਾਫ਼ਟਵੇਅਰ ਕੰਪਨੀਆਂ ਪਹਿਲਾਂ ਐਪਲ ‘ਤੇ ਐਪ ਜਾਰੀ ਕਰਕੇ ਫ਼ਿਰ ਐਂਡਰੌਇਡ ਵੱਲ ਆਪਣਾ ਮੂੰਹ ਕਰਦੀਆਂ ਹਨ। ਜੇਕਰ ਇਹਨਾਂ ਸਮੱਸਿਆਵਾਂ ਦਾ ਢੁਕਵਾਂ ਹੱਲ ਕੱਢਿਆ ਜਾਵੇ ਤਾਂ ਇਸ ਦੀ ਕਾਰਗੁਜ਼ਾਰੀ ਹੋਰ ਵੀ ਬਿਹਤਰ ਹੋ ਸਕਦੀ ਹੈ।
ਸੋ ਹੁਣ ਐਂਡਰੌਇਡ ਬਾਰੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਕਿ ਤੁਸੀਂ ਇਸਨੂੰ ਕਿਉਂ ਵਰਤ ਰਹੇ ਹੋ? ਤੁਹਾਨੂੰ ਇਸ ਵਿੱਚ ਕਿਹੜੀ ਚੀਜ ਵਧੀਆ ਲੱਗਦੀ ਹੈ?
ਪੰਜਾਬੀ ਮਾਂ ਬੋਲੀ ਵਿਚ ਇਸ ਤਰਾਂ ਦੀ ਅਨਮੋਲ ਜਾਣਕਾਰੀ ਦੇਣ ਲਈ ਆਪ ਜੀ ਦਾ ਧੰਨਵਾਦ
ਪਸੰਦ ਕਰੋਪਸੰਦ ਕਰੋ
ਲੇਖ ਪੜ੍ਹਣ ਲਈ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਹਰਪਰੀਤ ਜੀ। 😊
ਪਸੰਦ ਕਰੋਪਸੰਦ ਕਰੋ