ਟੋਫੂ ਬਨਾਮ ਨੋ ਮੋਰ ਟੋਫੂ ਉਰਫ਼ ਨੋਟੋ, ਨਵੇਂ ਫੌਂਟ ਪਰਿਵਾਰ ਬਾਰੇ ਜਾਣੋ

ਕੰਪਿਊਟਰੀ ਜਗਤ ਵਿੱਚ ਟੋਫੂ ਉਸ ਡੱਬੀ ਨੂੰ ਕਿਹਾ ਜਾਂਦਾ ਹੈ ਜੋ ਕਿ ਕੰਪਿਊਟਰ ਜਾਂ ਮੋਬਾਇਲ ਵਿੱਚ ਸਬੰਧਤ ਫੌਂਟ ਉਪਲਬਧ ਨਾ ਹੋਣ ਦੀ ਸੂਰਤ ਵਿੱਚ ਉਸਦੀ ਜਗ੍ਹਾ ‘ਤੇ ਨਜ਼ਰ ਆਉਂਦੀ ਹੈ।  ਮੁੱਖ ਰੂਪ ਵਿੱਚ ਇਹ ਇੱਕ ਖੜ੍ਹਵੀਂ ਆਇਤਾਕਾਰ ਡੱਬੀ ਹੁੰਦੀ ਹੈ ਪਰ ਕੁਝ ਫੌਂਟਾਂ ਵਿੱਚ ਇਹ ਚੌਰਸ ਵੀ ਹੋ ਸਕਦੀ ਹੈ।

ਮੰਨ ਲਓ ਕਿ ਤੁਸੀਂ ਆਪਣੇ ਕੰਪਿਊਟਰ ਵਿੱਚ ਪੰਜਾਬੀ ਵਿੱਚ ਉਪਲਬਧ ਕਿਸੇ ਵੈੱਬਸਾਈਟ ਤੋਂ ਕੁਝ ਪੜ੍ਹਣਾ ਹੈ ਪਰ ਜਦੋਂ ਤੁਸੀਂ ਉਹ ਵੈੱਬਸਾਈਟ ਖੋਲ੍ਹਦੇ ਹੋ ਤਾਂ ਤੁਹਾਡੇ ਕੰਪਿਊਟਰ ਵੱਲੋਂ ਪੰਜਾਬੀ ਨੂੰ ਭਰਵਾਂ ਸਮਰਥਨ ਨਾ ਦੇਣ ਕਾਰਨ ਅਰਥਾਤ ਕੰਪਿਊਟਰ ਵਿੱਚ ਪੰਜਾਬੀ ਫੌਂਟ ਨਾ ਹੋਣ ਕਾਰਨ ਉਸ ਵੈੱਬਸਾਈਟ ‘ਤੇ ਪੰਜਾਬੀ ਅੱਖਰਾਂ ਦੀ ਜਗ੍ਹਾ ‘ਤੇ ਡੱਬੀਆਂ ਨਜ਼ਰ ਆਉਣਗੀਆਂ। ਇਹਨਾਂ ਡੱਬੀਆਂ ਨੂੰ ਹੀ ਟੋਫੂ ਕਹਿੰਦੇ ਹਨ ਤੇ ਮੌਜੂਦਾ ਸਮੇਂ ਇਹ ਪੰਜਾਬੀ ਵਰਤੋਂਕਾਰਾਂ ਸਾਹਮਣੇ ਇਹ ਵੀ ਬੜੀ ਵੱਡੀ ਸਮੱਸਿਆ ਹੈ। ਕਈ ਕੰਪਨੀਆਂ ਵੱਲੋਂ ਆਪਣੇ ਉਪਕਰਨਾਂ ਵਿੱਚ ਪੰਜਾਬੀ ਫੌਂਟ ਨਾ ਭਰਨ ਕਾਰਨ ਟੋਫੂ ਦਿਖਾਈ ਦੇਣ ਲੱਗ ਪੈਂਦੇ ਹਨ।

ਹੁਣ ਟੋਫੂਆਂ ਤੋਂ ਮਿਲੇਗਾ ਨਿਜ਼ਾਤ: ਗੂਗਲ

ਗੂਗਲ ਨੇ ਆਪਣੇ ਇੱਕ ਬਿਆਨ ਵਿੱਚ ਟੋਫੂਆਂ ਤੋਂ ਨਿਜ਼ਾਤ ਦਿਵਾਉਣ ਬਾਰੇ ਕਿਹਾ ਸੀ। ਇਸ ਮਕਸਦ ਤਹਿਤ ਗੂਗਲ ਨੇ ਇੱਕ ਨਵਾਂ ਫੌਂਟ ਪਰਿਵਾਰ ਤਿਆਰ ਕੀਤਾ ਹੈ ਜਿਸ ਵਿੱਚ ਸੰਸਾਰ ਦੀਆਂ ਸਾਰੀਆਂ ਲਿਪੀਆਂ, ਚਾਹੇ ਉਹ ਮਰ ਚੁੱਕੀਆਂ ਹੋਣ ਜਾਂ ਜ਼ਿੰਦਾ ਹੋਣ, ਸਭ ਨੂੰ ਭਰਵਾਂ ਸਮਰਥਨ ਕਰੇਗਾ। ਇਸ ਫੌਂਟ ਪਰਿਵਾਰ ਦਾ ਨਾਂਅ ਹੈ – ਨੋਟੋ

ਨੋਟੋ

noto_glyphs

ਨੋਟੋ ਨਾਂਅ ਅੰਗਰੇਜ਼ੀ ਵਾਕੰਸ਼ ਨੋ ਮੋਰ ਟੋਫੂ (no more tofu) ਤੋਂ ਬਣਿਆ ਹੈ ਜਿਸਦਾ ਮਤਲਬ ਹੈ ਕਿ ਇਹ ਫੌਂਟ ਪਰਿਵਾਰ ਟੋਫੂਆਂ ਤੋਂ ਨਿਜ਼ਾਤ ਦਿਵਾਉਣ ਲਈ ਬਣਾਇਆ ਗਿਆ ਹੈ। ਇਸ ਫੌਂਟ ਪਰਿਵਾਰ ਵਿੱਚ ਹਰ ਲਿਪੀ ਦੇ ਫੌਂਟ ਉਪਲਬਧ ਹਨ; ਜਿਵੇਂ ਗੁਰਮੁਖੀ, ਦੇਵਨਾਗਰੀ, ਬੰਗਾਲੀ, ਗੁਜਰਾਤੀ, ਬ੍ਰਹਮੀ, ਲਾਤੀਨੀ, ਯੂਨਾਨੀ, ਆਦਿ। ਇਹ ਫੌਂਟ ਪਰਿਵਾਰ ਖੁੱਲ੍ਹੇ ਸਰੋਤ ਵਾਲਾ ਹੈ ਤੇ ਇਸ ਦੀ ਵਰਤੋਂ ਕਿਤੇ ਵੀ ਕੀਤੀ ਜਾ ਸਕਦੀ ਹੈ।

ਗੂਗਲ ਮੁਤਾਬਿਕ ਇਹ ਪ੍ਰੋਜੈਕਟ ਪੰਜ ਸਾਲਾਂ ਦੀ ਕਰੜੀ ਮਿਹਨਤ ਦਾ ਹੀ ਨਤੀਜਾ ਹੈ। ਜਿੱਥੇ ਇਸ ਪ੍ਰੋਜੈਕਟ ਨੂੰ ਸਿਰੇ ਚਾੜ੍ਹਣ ਵਿੱਚ ਫੌਂਟ ਘਾੜਿਆਂ ਨੇ ਮਿਹਨਤ ਕੀਤੀ ਹੈ ਉੱਥੇ ਹੀ ਸਬੰਧਤ ਲਿਪੀ ਦੇ ਮੂਲ ਨਿਵਾਸੀਆਂ ਨੇ ਵੀ ਕਾਫ਼ੀ ਮਦਦ ਕੀਤੀ ਹੈ।
ਗੂਗਲ ਦੇ ਐਂਡਰਾਇਡ ਫ਼ੋਨਾਂ ਵਿੱਚ ਵੀ ਇਹ ਫੌਂਟ ਵਰਤਣ ਨੂੰ ਪਹਿਲ ਦਿੱਤੀ ਜਾਂਦੀ ਹੈ ਜਿਸ ਸਦਕਾ ਹੁਣ ਕਿਸੇ ਵੀ ਐਂਡਰਾਇਡ ਫ਼ੋਨ ਜਾਂ ਕਿਸੇ ਹੋਰ ਗੂਗਲ ਉਤਪਾਦ ਵਿੱਚ ਕੋਈ ਟੋਫੂ ਨਜ਼ਰ ਨਹੀਂ ਆਵੇਗਾ। ਇਸ ਤਰ੍ਹਾਂ ਇਹ ਫੌਂਟ ਸਾਰੀਆਂ ਲਿਪੀਆਂ ‘ਚ ਲਿਖੀ ਸਮੱਗਰੀ ਨੂੰ ਠੀਕ ਤਰ੍ਹਾਂ ਦਿਖਾਉਣ ਦੇ ਵੀ ਸਮਰੱਥ ਹੋਣਗੇ। ਬੱਸ ਹੁਣ ਉਡੀਕ ਹੈ ਉਸ ਪਲ ਦੀ ਜਦੋਂ ਸਾਰੇ ਉਪਕਰਨ ਪੰਜਾਬੀ ਨੂੰ ਵੀ ਭਰਵਾਂ ਸਮਰਥਨ ਦੇਣ ਅਤੇ ਫਿਰ ਕਿਸੇ ਵੀ ਪੰਜਾਬੀ ਵਰਤੋਂਕਾਰ ਨੂੰ ਤਕਨੀਕੀ ਉਪਕਰਨਾਂ ‘ਤੇ ਪੰਜਾਬੀ ਪੜ੍ਹਣ ਵਿੱਚ ਕੋਈ ਸਮੱਸਿਆ ਨਾ ਆਏ।

ਜੇਕਰ ਤੁਸੀਂ ਇਹ ਫੌਂਟ ਡਾਊਨਲੋਡ ਕਰਨ ਦੇ ਚਾਹਵਾਨ ਹੋ ਤਾਂ ਹੇਠਾਂ ਦਿੱਤੀ ਕੜੀ ਤੋਂ ਡਾਊਨਲੋਡ ਕਰ ਸਕਦੇ ਹੋ ਅਤੇ ਕੋਈ ਵਿਚਾਰ-ਚਰਚਾ ਕਰਨੀ ਹੋਵੇ ਤਾਂ ਹੇਠਾਂ ਟਿੱਪਣੀਆਂ ਵਾਲੇ ਭਾਗ ਵਿੱਚ ਤੁਹਾਡਾ ਦਿਲੋਂ ਸੁਆਗਤ ਹੈ।

ਡਾਊਨਲੋਡ ਕਰੋ


ਕੋਈ ਅੱਖਰੀ ਭੁੱਲ ਜਾਂ ਗਲਤੀ ਹੈ? ਸਾਨੂੰ ਦੱਸੋ।