ਭਾਰਤ ਵਿੱਚ ਕੰਪਿਊਟਰ ਆਏ ਨੂੰ ਇੱਕ-ਡੇਢ ਦਹਾਕਾ ਹੋ ਗਿਆ ਹੈ। ਪਹਿਲਾਂ-ਪਹਿਲ ਤਾਂ ਇਸਦੀ ਵਰਤੋਂ ਕੇਵਲ ਵੱਡੀਆਂ ਕੰਪਨੀਆਂ ਤੇ ਉੱਚ ਘਰਾਣਿਆਂ ਵੱਲੋਂ ਹੀ ਕੀਤੀ ਜਾਂਦੀ ਸੀ ਪਰ ਅੱਜ-ਕੱਲ੍ਹ ਹਰ ਕੰਪਨੀ, ਸਿੱਖਿਅਕ ਅਦਾਰੇ, ਹਸਪਤਾਲਾਂ, ਆਦਿ ਵਿੱਚ ਇਸਦੀ ਵਰਤੋਂ ਆਮ ਹੀ ਹੋ ਰਹੀ ਹੈ। ਭਾਰਤ ਦੇ ਮੱਧ ਵਰਗ ਦੇ ਪਰਿਵਾਰਾਂ ਵਿੱਚ ਵੀ ਕੰਪਿਊਟਰ ਨੇ ਆਪਣੀ ਜਗ੍ਹਾ ਬਣਾ ਲਈ ਹੈ। ਭਾਵੇਂ ਕੰਪਿਊਟਰ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ ਪਰ ਫਿਰ ਕਈ ਅਜਿਹੀਆਂ ਨਿੱਕੀਆਂ-ਮੋਟੀਆਂ ਚੀਜ਼ਾਂ ਹਨ ਜਿਨ੍ਹਾਂ ਵੱਲ ਲੋਕ ਘੱਟ ਹੀ ਧਿਆਨ ਦਿੰਦੇ ਹਨ। ਉਨ੍ਹਾਂ ‘ਚੋਂ ਇੱਕ ਚੀਜ਼ ਹੈ ਕੰਪਿਊਟਰ ਦੀਆਂ ਲੋਕਲ ਡਿਸਕਾਂ ਦਾ ਨਾਮਕਰਨ!
ਕੀ ਤੁਸੀਂ ਕਦੇ ਇਸ ਵੱਲ ਧਿਆਨ ਦਿੱਤਾ ਹੈ?
ਕੰਪਿਊਟਰ ਵਰਤਣ ਵਾਲੇ ਜਾਣਦੇ ਹਨ ਕਿ ਲੋਕਲ ਡਿਸਕ (C); ਹੀ ਮੂਲ ਡਿਸਕ (ਸਿਸਟਮ ਡਿਸਕ) ਹੁੰਦੀ ਹੈ। ਫਿਰ ਸਵਾਲ ਖੜ੍ਹਾ ਹੁੰਦਾ ਹੈ ਕਿ ਏ (A) ਅਤੇ ਬੀ (B) ਕਿੱਥੇ ਗਏ? ਇਹਨਾਂ ਨੂੰ ਮੂਲ ਡਿਸਕ ਕਿਉਂ ਨਹੀਂ ਬਣਾਇਆ ਗਿਆ? ਇਸਦਾ ਕੀ ਕਾਰਨ ਹੈ?
ਇਹ ਵੀ ਦੇਖੋ: ਬਿਨਾਂ ਆਈਕਨ ਦੇ ਫੋਲਡਰ ਬਣਾਉਣਾ ਸਿੱਖੋ
ਸਾਰੇ ਸਵਾਲਾਂ ਦਾ ਇਹ ਹੈ ਜਵਾਬ
ਹਾਰਡ ਡਿਸਕ ਜਾਂ ਸਖ਼ਤ ਤਵਿਆਂ ਦੀ ਸ਼ੁਰੂਆਤ 1980 ਵਿੱਚ ਸ਼ੁਰੂ ਹੋਈ ਸੀ। ਇਸ ਤੋਂ ਪਹਿਲਾ ਫਲੌਪੀ ਡਿਸਕਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਫਲੌਪੀ ਡਿਸਕਾਂ ਦੋ ਆਕਾਰਾਂ ਵਿੱਚ ਉਪਲਬਧ ਸਨ – 5¼” ਤੇ 3½”। ਇਹਨਾਂ ਨੂੰ ਕ੍ਰਮਵਾਰ ਲੋਕਲ ਡਿਸਕ (ਏ) ਅਤੇ ਲੋਕਲ ਡਿਸਕ (ਬੀ) ਕਿਹਾ ਜਾਂਦਾ ਸੀ।
ਇਹ ਵੀ ਦੇਖੋ: ਖੁੱਲ੍ਹਾ ਸਰੋਤ ਬਨਾਮ ਬੰਦ ਸਰੋਤ ਸਾਫ਼ਟਵੇਅਰ
ਫਿਰ ਹਾਰਡ ਡਿਸਕ ਆਉਣ ‘ਤੇ ਉਸਦਾ ਨਾਂਅ ਲੋਕਲ ਡਿਸਕ (ਸੀ) ਇਸ ਕਰਕੇ ਰੱਖਿਆ ਗਿਆ ਤਾਂ ਜੋ ਲੋਕਾਂ ਨੂੰ ਇਸ ਬਾਰੇ ਕੋਈ ਭੁਲੇਖਾ ਨਾ ਪੈ ਜਾਵੇ। ਇਸ ਤਰ੍ਹਾਂ ਸਿਸਟਮ ਡ੍ਰਾਈਵ ਲਈ ਲੋਕਲ ਡਿਸਕ (ਸੀ) ਵਰਤਿਆ ਜਾਣ ਲੱਗਿਆ। ਇਸ ਤੋਂ ਇਲਾਵਾ ਡੀ (D), ਈ (E) ਤੇ ਐੱਫ਼ (F) ਨਾਂਅ ਦੀਆਂ ਨਿੱਜੀ ਡ੍ਰਾਈਵਾਂ ਹੁੰਦੀਆਂ ਹਨ ਅਤੇ ਡੀ.ਵੀ.ਡੀ ਤੇ ਯੂ.ਐੱਸ.ਬੀ ਲਈ ਜੀ (G), ਐੱਚ (H), ਆਈ (I), ਆਦਿ ਦੀ ਵਰਤੋਂ ਕੀਤੀ ਜਾਂਦੀ ਹੈ।
ਜੇਕਰ ਕੋਈ ਵਰਤੋਂਕਾਰ “ਸੀ” ਡ੍ਰਾਈਵ ਦਾ ਨਾਂਅ ਬਦਲ ਕੇ “ਏ” ਜਾਂ “ਬੀ” ਰੱਖਣਾ ਚਾਹੁੰਦਾ ਹੈ ਤਾਂ ਰੱਖ ਸਕਦਾ ਹੈ ਪਰ ਸ਼ਰਤ ਇਹ ਹੈ ਕਿ ਤੁਹਾਡੇ ਕੋਲ ਅਜਿਹਾ ਕਰਨ ਲਈ ਵਿੰਡੋਜ਼ ਦੇ ਪ੍ਰਸ਼ਾਸਕੀ ਅਧਿਕਾਰ ਹੋਣੇ ਚਾਹੀਦੇ ਹਨ।
ਕੋਈ ਅੱਖਰੀ ਭੁੱਲ ਜਾਂ ਗਲਤੀ ਹੈ? ਸਾਨੂੰ ਦੱਸੋ।