ਪ੍ਰੋਗਰਾਮਿੰਗ ਭਾਸ਼ਾ (ਜਾਂ ਆਦੇਸ਼ਕਾਰੀ ਭਾਸ਼ਾ) ਇੱਕ ਅਜਿਹੀ ਭਾਸ਼ਾ ਹੁੰਦੀ ਜੋ ਕੀ ਕਿਸੇ ਮਸ਼ੀਨ ਨੂੰ ਆਦੇਸ਼ ਦੇਣ ਲਈ ਵਰਤੀ ਜਾਂਦੀ ਹੈ। ਇਸਦੀ ਵਾਕ-ਬਣਤਰ ਅਜਿਹੀ ਹੁੰਦੀ ਹੈ ਜਿਸਨੂੰ ਅਸੈਂਬਲਰ ਜਾਂ ਕੰਪਾਈਲਰ ਦੁਆਰਾ ਬਾਈਨਰੀ ਅੰਕਾਂ ਵਿੱਚ ਆਸਾਨੀ ਨਾਲ ਪਲਟਿਆ ਕੀਤਾ ਜਾ ਸਕਦਾ ਹੈ। ਇਹ ਆਮ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਤੋਂ ਬਹੁਤ ਭਿੰਨ ਹੁੰਦੀ ਹੈ। ਇਸ ਵਿੱਚ ਕੁਝ ਅੰਗਰੇਜ਼ੀ ਦੇ ਸ਼ਬਦ ਵਰਤੇ ਜਾਂਦੇ ਹਨ ਪਰ ਨਾਲ ਹੀ ਚਿੰਨ੍ਹਾਂ ਦੀ ਵਰਤੋਂ ਵੀ ਬਹੁਤ ਹੁੰਦੀ ਹੈ ਅਤੇ ਇਹਨਾਂ ਸ਼ਬਦ-ਚਿੰਨ੍ਹਾਂ ਨੂੰ ਇੱਕ ਖਾਸ ਢਾਂਚੇ ਵਿੱਚ ਲਿਖਿਆ ਜਾਂਦਾ ਹੈ। ਹਰੇਕ ਪ੍ਰੋਗਰਾਮਿੰਗ ਭਾਸ਼ਾ ਨੂੰ ਲਿਖਣ ਦਾ ਅੰਦਾਜ਼ ਵੱਖੋ-ਵੱਖਰਾ ਹੁੰਦਾ ਹੈ ਅਤੇ ਜੇਕਰ ਕਿਸੇ ਪ੍ਰੋਗਰਾਮ ਦੀ ਲਿਖਤ ਵਿੱਚ ਕੁਝ ਗਲਤੀ ਵੀ ਹੋ ਜਾਵੇ ਤਾਂ ਉਸਨੂੰ ਠੀਕ ਕਰਨ ਤੋਂ ਬਾਅਦ ਹੀ ਪ੍ਰੋਗਰਾਮ ਚੱਲਦਾ ਹੈ।
ਵਰਤੋਂ ਕਿੱਥੇ-ਕਿੱਥੇ ਹੁੰਦੀ ਹੈ?
ਪ੍ਰੋਗਰਾਮਿੰਗ ਭਾਸ਼ਾਵਾਂ ਦੀ ਜ਼ਿਆਦਾਤਰ ਵਰਤੋਂ ਕੰਪਿਊਟਰਾਂ ਲਈ ਹੀ ਕੀਤੀ ਜਾਂਦੀ ਹੈ। ਪਰ ਇਹ ਕੰਪਿਊਟਰ ਕਿਸੇ ਵੀ ਖੇਤਰ ਨਾਲ ਸਬੰਧਤ ਹੋ ਸਕਦੇ ਹਨ- ਸਿੱਖਿਆ, ਵਿਗਿਆਨ, ਚਕਿਤਸਾ ਅਤੇ ਵਪਾਰ। ਹਰੇਕ ਖੇਤਰ ਵਿੱਚ ਲੋੜ ਮੁਤਾਬਿਕ ਵੱਖ-ਵੱਖ ਪ੍ਰੋਗਰਾਮਿੰਗ ਭਾਸ਼ਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸਭ ਤੋ ਪਹਿਲਾਂ ਕੰਪਿਊਟਰਾਂ ਨੂੰ ਆਦੇਸ਼ ਦੇਣ ਲਈ ਪ੍ਰੋਗਰਾਮ ਬਣਾਏ ਜਾਂਦੇ ਹਨ ਫਿਰ ਉਨ੍ਹਾਂ ਨੂੰ ਕੰਪਾਈਲ ਕੀਤਾ ਜਾਂਦਾ ਹੈ ਅਤੇ ਅਤੇ ਫਿਰ ਇਸ ਤਰ੍ਹਾਂ ਵਰਤੋਂਕਾਰ ਆਪਣੀ ਲੋੜ ਮੁਤਾਬਿਕ ਵੱਖ-ਵੱਖ ਆਦੇਸ਼ ਦੇ ਕੇ ਇਹਨਾਂ ਦੁਆਰਾ ਬਣਾਏ ਪ੍ਰੋਗਰਾਮਾਂ ਦਾ ਲਾਹਾ ਉਠਾਉਂਦੇ ਹਨ। ਇਸ ਤਰ੍ਹਾਂ ਇਹਨਾਂ ਭਾਸ਼ਾਵਾਂ ਦੀ ਮਦਦ ਨਾਲ ਆਪਰੇਟਿੰਗ ਸਿਸਟਮ ਭਾਵ ਸੰਚਾਲਕ ਪ੍ਰਣਾਲੀ, ਆਦੇਸ਼ਕਾਰੀਆਂ ਅਤੇ ਸਾਫ਼ਟਵੇਅਰ ਤਿਆਰ ਕੀਤੇ ਜਾ ਸਕਦੇ ਹਨ।
ਇਹ ਵੀ ਦੇਖੋ: ਪੈਂਤੀ – ਪੰਜਾਬੀ ਯੂਨੀਕੋਡ ਫੌਂਟ
ਪ੍ਰਮੁੱਖ ਪ੍ਰੋਗਰਾਮਿੰਗ ਭਾਸ਼ਾਵਾਂ ਕਿਹੜੀਆਂ-ਕਿਰੜੀਆਂ ਹਨ?
ਪ੍ਰੋਗਰਾਮਿੰਗ ਭਾਸ਼ਾ ਜਦੋਂ ਕਦੇ ਗੱਲ ਹੋਵੇ ਤਾਂ ਸਭ ਤੋਂ ਪਹਿਲੀ ਕਤਾਰ ਵਿੱਚ ਸੀ ਅਤੇ ਸੀ++ ਦਾ ਨਾਂ ਹੀ ਸਾਹਮਣੇ ਆਉਂਦਾ ਹੈ। ਹੋਰਨਾਂ ਭਾਸ਼ਾਵਾਂ ਨੂੰ ਸਿੱਖਣ ਲਈ ਇਹਨਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਇਸਨੂੰ ਬਾਕੀ ਭਾਸ਼ਾਵਾਂ ਦਾ ਆਧਾਰ ਵੀ ਆਖਿਆ ਜਾ ਸਕਦਾ ਹੈ। ਪਰੰਤੂ ਜਨਵਰੀ 2016 ਦੇ ਟੀਅਬੇ ਨਾਂ ਦੀ ਵੈੱਬਸਾਈਟ ਦੁਆਰਾ ਕੀਤੇ ਸਰਵੇਖਣ ਅਨੁਸਾਰ 10 ਪ੍ਰਚਲਿੱਤ ਪ੍ਰੋਗਰਾਮਿੰਗ ਭਾਸ਼ਾਵਾਂ ਹੇਠ ਦਿੱਤੀ ਸਾਰਣੀ ਅਨੁਸਾਰ ਹਨ:
ਦਰਜਾਬੰਦੀ (ਜਨਵਰੀ 2016) | ਪ੍ਰੋਗਰਾਮਿੰਗ ਭਾਸ਼ਾ |
---|---|
1 | ਜਾਵਾ |
2 | ਸੀ |
3 | ਸੀ++ |
4 | ਪਾਈਥਨ |
5 | ਸੀ# |
6 | ਪੀ.ਐਚ.ਪੀ |
7 | ਜਾਵਾਸਕ੍ਰਿਪਟ |
8 | ਪਰਲ |
9 | ਵਿਜ਼ੂਅਲ ਬੇਸਿਕ .ਨੈੱਟ |
10 | ਰੂਬੀ |
ਮੂਲ ਸ੍ਰੋਤ: //www.tiobe.com |
ਉਪਰੋਕਤ ਦੱਸੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪ੍ਰੋਗਰਾਮਿੰਗ ਭਾਸ਼ਾਵਾਂ ਦੇ ਨਾਂ ਇਸ ਪ੍ਰਕਾਰ ਹਨ: ਵੀ.ਬੀ ਸਕ੍ਰਿਪਟ, ਫੋਰਟ੍ਰਾਨ, ਅਸੈਂਬਲੀ ਭਾਸ਼ਾ, ਕੋਬੋਲ, ਸੀ.ਪੀ.ਐਲ, ਅਰਲੈਂਗ, ਸ਼ੈੱਲ, ਸਵਿਫ਼ਟ, ਨੋਡ(ਡਾਟ)ਜੇ.ਐਸ, ਆਦਿ।
ਇਹ ਵੀ ਦੇਖੋ: ਐਂਡਰੌਇਡ ਫ਼ੋਨਾਂ ਵਿੱਚ ਪੰਜਾਬੀ ‘ਚ ਲਿਖਣ ਲਈ ਸਭ ਤੋਂ ਬਿਹਤਰੀਨ ਕੀ-ਬੋਰਡ ਬਾਰੇ ਜਾਣੋ
ਪ੍ਰੋਗਰਾਮਿੰਗ ਭਾਸ਼ਾਵਾਂ ਕਿੱਥੋਂ ਸਿੱਖੀਏ?
ਪ੍ਰੋਗਰਾਮਿੰਗ ਭਾਸ਼ਾ ਸਿੱਖਣ ਲਈ ਕਈ ਤਰ੍ਹਾਂ ਦੀਆਂ ਆਨਲਾਈਨ ਵੈੱਬਸਾਈਟਾਂ ਉਪਲਬਧ ਹਨ। ਹਰੇਕ ਭਾਸ਼ਾ ਦੀ ਹਵਾਲਾ ਅਤੇ ਸਿੱਖਿਆ ਸਮੱਗਰੀ ਉਨ੍ਹਾਂ ਦੀ ਦਫ਼ਤਰੀ ਵੈੱਬਸਾਈਟ ਤੋਂ ਦੇਖੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਭਾਸ਼ਾਵਾਂ ਨੂੰ ਸਿੱਖਣ ਲਈ ਕਈ ਆਨਲਾਈਨ ਕੋਰਸਾਂ ਜਿਵੇਂ ਕਿ ਟੁਟੋਰੀਅਲਜ਼ ਪੁਆਇੰਟ (//www.tutorialspoint.com), ਕੋਡ ਸਕੂਲ (//www.codeschool.com), ਉਡਾਸਿਟੀ (//www.udacity.com) ਜਾਂ ਕੋਡਕੈਡਮੀ (//www.codecademy.com) ਦੀ ਵੀ ਮਦਦ ਲਈ ਜਾ ਸਕਦੀ ਹੈ।
ਇਸ ਤੋਂ ਇਲਾਵਾ ਹੇਠਾਂ ਟਿੱਪਣੀਆਂ ਰਾਹੀਂ ਤੁਸੀਂ ਆਪਣੇ ਵਿਚਾਰ ਵੀ ਪੇਸ਼ ਕਰ ਸਕਦੇ ਹੋ ਤੋ ਲੇਖ ਸਬੰਧੀ ਹੋਰ ਵੀ ਚਰਚਾ ਕਰ ਸਕਦੇ ਹੋ।