ਵਿਕੀਪੀਡੀਆ – ਇੱਕ ਅਜ਼ਾਦ ਵਿਸ਼ਵਕੋਸ਼

ਵਿਕੀਪੀਡੀਆ  ਇੱਕ ਅਜ਼ਾਦ ਵਿਸ਼ਵਕੋਸ਼ ਪੜ੍ਹਦੇ  ਹੀ ਕਈਆਂ ਨੂੰ ਤਾਂ ਇਸ ਬਾਰੇ ਪਤਾ ਲੱਗ ਗਿਆ ਹੋਵੇਗਾ ਕਿ ਮੈਂ ਅੱਜ ਤੁਹਾਡੇ ਨਾਲ ਵਿਕੀਪੀਡੀਆ ਬਾਰੇ ਕੁਝ ਕੁ ਗੱਲਾਂ ਸਾਂਝੀਆਂ ਕਰਨ ਜਾ ਰਿਹਾ ਹਾਂ। ਪਰ ਮੇਰੇ ਜਿਨ੍ਹਾਂ ਭੈਣ-ਭਰਾਵਾਂ ਨੂੰ ਇਸ ਬਾਰੇ ਨਾ ਪਤਾ ਹੋਵੇ ਤਾਂ ਉਹ ਇਸ ਸੰਪਾਦਨਾ ਨੂੰ ਪੂਰਾ ਪੜ੍ਹਣਾ ਅਤੇ ਆਪਣੇ ਵਿਚਾਰਾਂ ਵੀ ਜ਼ਰੂਰ ਪੇਸ਼ ਕਰਨਾ।

ਵਿਕੀਪੀਡੀਆ ਇੱਕ ਵਿਸ਼ਵਕੋਸ਼ ਹੈ ਜਿਸਨੂੰ ਅੰਗਰੇਜ਼ੀ ਵਿੱਚ ਇਨਸਾਈਕਲੋਪੀਡੀਆ ਕਿਹਾ ਜਾਂਦਾ ਹੈ। ਇਹ ਗਿਆਨ ਆਦਾਨ-ਪ੍ਰਦਾਨ ਕਰਨ ਦਾ ਇੰਟਰਨੈੱਟ ‘ਤੇ ਮੌਜੂਦ ਸਭ ਤੋਂ ਵੱਡਾ ਅਤੇ ਅਜ਼ਾਦ ਸ੍ਰੋਤ ਹੈ। ਇਸ ਵਿਸ਼ਵਕੋਸ਼ ਨੂੰ ਕੋਈ ਵੀ ਸੋਧ ਸਕਦਾ ਹੈ। ਮੋਟੇ ਤੌਰ ‘ਤੇ ਜੇ ਇਸ ਬਾਰੇ ਦੱਸਣਾ ਹੋਵੇ ਤਾਂ ਅਬ੍ਰਾਹਮ ਲਿੰਕਨ ਦੇ ਵਾਕ ਨੂੰ ਸੋਧ ਕੇ ਇਸ ਬਾਰੇ ਇਸ ਤਰ੍ਹਾਂ ਸਮਝਾਇਆ ਜਾ ਸਕਦਾ ਹੈ ਕਿ ਇਹ ਲੋਕਾਂ ਦਾ, ਲੋਕਾਂ  ਲਈ ਅਤੇ ਜਿੰਮੀ ਦੁਆਰਾ ਬਣਾਇਆ ਜਾਣ ਵਾਲਾ ਮੁਫ਼ਤ ਕੋਸ਼ ਹੈ। ਇਸ ਤੋਂ ਇਲਾਵਾ ਇੱਕ ਖੋਜ ਮੁਤਾਬਿਕ ਉੱਚ ਸਿੱਖਿਆ ਹਾਸਲ ਕਰਨ ਵਿੱਚ ਵੀ ਇਸਦੀ ਕਾਫ਼ੀ ਵਰਤੋਂ ਕੀਤੀ ਜਾਂਦੀ ਹੈ।

ਇਹ ਵੀ ਦੇਖੋ:ਐਂਡਰੌਇਡ ਫ਼ੋਨਾਂ ਵਿੱਚ ਲਿਖਣ ਲਈ ਬਿਹਤਰੀਨ ਕੀ-ਬੋਰਡਾਂ ਦੀ ਸੂਚੀ ਦੇਖੋ

ਉਂਞ ਇਸ ਕੋਸ਼ ਦੀ ਸਥਾਪਨਾ ੧੫ ਜਨਵਰੀ ੨੦੦੧ ਨੂੰ ਜਿੰਮੀ ਵੇਲਸ ਅਤੇ ਲੈਰੀ ਸੇਂਗਰ ਦੁਆਰਾ ਮੁਫ਼ਤ ਗਿਆਨ ਸਾਂਝ ਕਰਨ ਦੇ ਉਦੇਸ਼ ਨਾਲ ਕੀਤੀ ਸੀ ਅਤੇ ਅੱਜ ਕੱਲ੍ਹ ਇਸਨੂੰ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਇਸਦਾ ਪਹਿਲਾ ਸੰਸਕਰਣ ਅੰਗਰੇਜ਼ੀ ਵਿੱਚ ਤਿਆਰ ਕੀਤਾ ਗਿਆ ਜਿਸ ‘ਤੇ ਸ਼ੁਰੂਆਤ ਦੇ ਪਹਿਲੇ ਮਹੀਨੇ ਦੌਰਾਨ ਹੀ ੧੮,੦੦੦ ਤੋਂ ਵੱਧ ਲੇਖ ਲਿਖੇ ਗਏ ਅਤੇ ਹੁਣ ਇਸ ਵਿੱਚ ੫ ਲੱਖ ਤੋਂ ਵੀ ਵੱਧ ਲੇਖ ਲਿਖੇ ਜਾ ਚੁੱਕੇ ਹਨ। ਅੰਗਰੇਜ਼ੀ ਤੋਂ ਇਲਾਵਾ ੨੮੫ ਤੋਂ ਵੀ ਵੱਧ ਭਾਸ਼ਾਵਾਂ ਵਿੱਚ ਇਹ ਮੌਜੂਦ ਹੈ।

ਪੰਜਾਬੀ ਭਾਸ਼ਾ ਲਈ ਵੀ ੩ ਜੂਨ ੨੦੦੨ ਵਿੱਚ ਇਸਨੂੰ ਸ਼ੁਰੂ ਕੀਤਾ ਗਿਆ। ਪਰੰਤੂ ੨੦੦੫-੦੬ ਤੱਕ ਇਸ ‘ਤੇ ਕੋਈ ਵੀ ਗਤੀਵਿਧੀ ਨਾ ਹੋਈ। ਫਿਰ ਕੁਝ ਪੰਜਾਬੀ ਉੱਦਮੀਆਂ ਦੇ ਉੱਦਮ ਸਦਕਾ ਇਸ ‘ਤੇ ਲੇਖ ਲਿਖਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਹੌਲੀ-ਹੌਲੀ ਕਰਦੇ ਹੋਏ ਹੁਣ ਇਸ ‘ਤੇ ਮੌਜੂਦ ਲੇਖਾਂ ਦੀ ਗਿਣਤੀ ੨੨,੦੦੦ ਦੇ ਨੇੜੇ ਪਹੁੰਚ ਗਈ ਹੈ। ਇਸ ਵੇਲੇ ਇਸ ‘ਤੇ ਕੇਵਲ ੧੫-੨੦ ਕਿਰਿਆਸ਼ੀਲ ਲੇਖਕ ਹਨ।  ਪਰੰਤੂ ਹਾਲੇ ਵੀ ਲਗਪਗ ਬਹੁਤ ਲੋਕਾਂ ਨੂੰ ਇਸ ਬਾਰੇ ਕੁਝ ਪਤਾ ਨਾ ਹੋਣ ਅਰਥਾਤ ਜਾਗਰੂਕਤਾ ਦੀ ਘਾਟ ਕਾਰਨ ਇਸ ‘ਤੇ ਲਿਖੇ ਜਾਣ ਵਾਲੇ ਲੇਖਾਂ ਦੀ ਰਫ਼ਤਾਰ ਕਾਫ਼ੀ ਮੱਠੀ ਹੈ। ਉਂਞ ਭਾਵੇਂ ਪੰਜਾਬੀ ਦੁਨੀਆਂ ਦੀ ੧੦ਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਪਰ ਪੰਜਾਬੀਆਂ ਦੀ ਅਵੇਸਲੇਪਣ ਕਾਰਨ ਵਿਕੀ ‘ਤੇ ਇਹ ੧੦੩ਵੇਂ ਸਥਾਨ ‘ਤੇ ਹੈ। ਜੇਕਰ ਇਹੀ ਕਿਤੇ ਲੇਖਕਾਂ ਦੀ ਗਿਣਤੀ ੭੦-੧੦੦ ਦੇ ਕਰੀਬ ਪਹੁੰਚ ਜਾਵੇ ਤਾਂ ਇਸ ‘ਤੇ ਮੌਜੂਦ ਲੇਖਾਂ ਦਾ ਮਿਆਰ ਹੋਰ ਵੀ ਉੱਚਾ ਉੱਠ ਸਕਦਾ ਹੈ ਤੇ ਇੰਟਰਨੈੱਟ ‘ਤੇ ਪੰਜਾਬੀ ਦੇ ਪਸਾਰ ਵਿੱਚ ਵੀ ਕਾਫ਼ੀ  ਮਦਦ ਮਿਲ ਸਕਦੀ ਹੈ ਅਤੇ ਪੰਜਾਬੀ ਵਿੱਚ ਮੁਫ਼ਤ ਗਿਆਨ ਸਾਂਝਾ ਕਰਨ ਦੀ ਲਹਿਰ ਨੂੰ ਹੋਰ ਵੀ ਅੱਗੇ ਵਧਾਇਆ ਜਾ ਸਕਦਾ ਹੈ।

ਇਹ ਵੀ ਦੇਖੋ:ਪੰਜਾਬੀ ਵੈੱਬਸਾਈਟਾਂ ਦੀ ਸੂਚੀ

ਵਿਕੀਪੀਡੀਆ ‘ਤੇ ਕੰਮ ਕਰਨਾ ਅਰਥਾਤ ਲੇਖਾਂ ਨੂੰ ਸੰਪਾਦਿਤ ਕਰਨ ਦਾ ਕੰਮ ਬਹੁਤ ਹੀ ਅਸਾਨ ਹੈ। ਇਸ ਵਿਸ਼ਵਕੋਸ਼ ਨੂੰ ਕੋਈ ਵੀ ਸੋਧ ਸਕਦਾ ਹੈ ਕਿਉਂਕਿ ਹਰ ਇਨਸਾਨ ਕੋਲ ਕਿਸੇ ਨਾ ਕਿਸੇ ਚੀਜ਼ ਬਾਰੇ ਕੋਈ ਜਾਣਕਾਰੀ ਜ਼ਰੂਰ ਹੁੰਦੀ ਹੈ। ਜੇਕਰ ਹਰ ਕੋਈ ਇਸ ਕੋਸ਼ ਵਿੱਚ ਆਪਣੀ ਥੋੜ੍ਹੀ-ਥੋੜ੍ਹੀ ਜਾਣਕਾਰੀ ਵੀ ਸਾਂਝੀ ਕਰੇ ਤਾਂ ਪੰਜਾਬੀ ਵਿਕੀਪੀਡੀਆ ਦਾ ਪੱਧਰ ਕਾਫ਼ੀ ਬਿਹਤਰ ਹੋ ਸਕਦਾ ਹੈ।

ਬਾਕੀ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਕੋਸ਼ ਦੀ ਵੈੱਬਸਾਈਟ ਦੇਖੋ ਜਾਂ ਸਾਡੇ ਨਾਲ ਸਾਡੀ ਵੈੱਬਸਾਈਟ ਜਾਂ ਫੇਸਬੁੱਕ ਪੰਨੇ ਰਾਹੀਂ ਰਾਬਤਾ ਬਣਾਓ।

One thought on “ਵਿਕੀਪੀਡੀਆ – ਇੱਕ ਅਜ਼ਾਦ ਵਿਸ਼ਵਕੋਸ਼

  1. ਜੀ, ਸਹੀ ਕਿਹਾ ੲਿਸ ਸਮੇਂ ਪੰਜਾਬੀ ਵਿਕੀਪੀਡੀਆ ਲੲੀ ਹੋਰ ਜਿਆਦਾ ਸਰਗਰਮ ਵਰਤੋਂਕਾਰਾਂ ਦੀ ਜਰੂਰਤ ਹੈ ਭਾਵ ਕਿ ਗਿਣਤੀ ਵਿੱਚ ਵਾਧਾ ਕਰਨਾ ਜਰੂਰੀ ਹੈ।
    ਸੋ ੲਿਸ ਸੰਬੰਧੀ ਵਿਚਾਰ-ਚਰਚਾ ਕਰਨੀ ਚਾਹੀਦੀ ਹੈ ਕਿ ੲਿਹ ਗਿਣਤੀ ਕਿਸ ਤਰ੍ਹਾਂ ਵਧਾੲੀ ਜਾਵੇ।

    ਪਸੰਦ ਕਰੋ

ਟਿੱਪਣੀਆਂ ਬੰਦ ਹਨ।