ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਐਂਡਰੌਇਡ ਫ਼ੋਨਾਂ ਦਾ ਪ੍ਰਚਲਣ ਪਿਛਲੇ ਕੁਝ ਕੁ ਸਾਲਾਂ ਦੌਰਾਨ ਕਾਫ਼ੀ ਤੇਜ਼ ਗਤੀ ਨਾਲ ਵਧਿਆ ਹੈ ਅਤੇ ਪਲੇਅ ਸਟੋਰ ਵਿੱਚ ਹਰ ਰੋਜ਼ ਨਵੀਂ-ਤੋਂ-ਨਵੀਂ ਆਦੇਸ਼ਕਾਰੀ (ਐਪ) ਆ ਰਹੀ ਹੈ। ਪਰ ਅੱਜ ਮੈਂ ਕਿਸੇ ਹੋਰ ਕਿਸਮ ਦੀ ਨਵੀਂ ਆਦੇਸ਼ਕਾਰੀ ਬਾਰੇ ਨਹੀਂ ਲਿਖ ਰਿਹਾ ਸਗੋਂ ਮੈਂ ਅੱਜ ਤੁਹਾਨੂੰ ਪੰਜਾਬੀ ਵਿੱਚ ਟਾਈਪ ਕਰਨ ਵਾਲੇ ਸਭ ਤੋਂ ਬਿਹਤਰੀਨ ਕੀ-ਬੋਰਡ ਬਾਰੇ ਦੱਸਣ ਜਾ ਰਿਹਾ ਹਾਂ।
ਪਰ ਅਫ਼ਸੋਸ ਦੀ ਗੱਲ ਹੈ ਕੀ ਜਿੱਥੇ ਪਲੇਅ ਸਟੋਰ ਵਿੱਚ ਲੱਖਾਂ ਆਦੇਸ਼ਕਾਰੀਆਂ ਹਨ, ਉਹਨਾਂ ਵਿੱਚੋਂ ਸਾਡੇ ਪ੍ਰੀਖਣ ਦੇ ਤਹਿਤ ੧੦ ਤੋਂ ਵੀ ਘੱਟ ਅਜਿਹੀਆਂ ਆਦੇਸ਼ਕਾਰੀਆਂ ਹਨ ਜੋ ਕਿ ਪੰਜਾਬੀ ‘ਚ ਲਿਖਣ ਲਈ ਪੂਰੇ ਅੱਖਰ ਮੁੱਹਈਆ ਕਰਵਾਉਂਦੀਆਂ ਹਨ। ਸੋ ਇਸ ਤਰ੍ਹਾਂ ਪੁੱਠੀ ਗਿਣਤੀ ਸ਼ੁਰੂ ਕਰਦੇ ਹੋਏ ਤੁਹਾਨੂੰ ਪੰਜਾਬੀ ਕੀ-ਬੋਰਡਾਂ ਬਾਰੇ ਦੱਸਣ ਜਾ ਰਿਹਾ ਹਾਂ:
ਇਹ ਵੀ ਦੇਖੋ: ਐਂਡਰੋਇਡ ਦੀ .nomedia ਫਾਈਲ ਬਾਰੇ ਜਾਣੋ
੮. ਗੁਰਮੁਖੀ ਕੀ-ਬੋਰਡ (ਅੰਗਰੇਜ਼ੀ: Gurmukhi Keyboard, 4.96MB, v1.7.2) ― ਸੁਰਿੰਦਰ ਪਾਲ ਸਿੰਘ ਦੁਆਰਾ ਤਿਆਰ ਕੀਤਾ ਇਹ ਕੀ-ਬੋਰਡ ਨਵੇਂ ਵਰਤੋਕਾਰਾਂ ਲਈ ਕਾਫ਼ੀ ਕਾਰਗਰ ਹੈ ਪਰ ਇਸਦੇ ਧੁਨਾਤਮਕ ਖਾਕੇ ਕਾਰਨ ਸ਼ਬਦਸੋਧ (ਰੈਂਡਰਿੰਗ) ਦੀ ਸਮੱਸਿਆ ਪੈਦਾ ਹੁੰਦੀ ਹੈ। ਇਸ ਕੀ-ਬੋਰਡ ਦੀ ਮਦਦ ਨਾਲ ਜੇਕਰ ਤਿੰਨੇ ਸ੍ਵਰਾਂ ਨੂੰ ਮਾਤਰਾਵਾਂ ਲਾਈਆਂ ਜਾਂਦੀਆਂ ਹਨ ਤਾਂ ਇੰਟਰਨੈੱਟ ਐਕਸਪਲੋਰਰ ਸਮੇਤ ਕਈ ਹੋਰ ਜਾਲ-ਖੋਜਕਾਂ (ਬ੍ਰਾਊਜ਼ਰਾਂ) ਵਿੱਚ ਮਾਤਰਾ ਤੇ ਸ੍ਵਰ ਅਲੱਗ-ਅਲੱਗ ਨਜ਼ਰ ਆਉਣ ਲੱਗ ਪੈਂਦੇ ਹਨ। ਇਸ ਲਈ ਇਸ ਕੀ-ਬੋਰਡ ਨੂੰ ਸਭ ਤੋਂ ਸਭ ਤੋਂ ਹੇਠਲੇ ਸਥਾਨ ‘ਤੇ ਰੱਖਿਆ ਗਿਆ ਹੈ।
੮. ਪਨੀਨੀ ਕੀ-ਬੋਰਡ (ਅੰਗਰੇਜ਼ੀ: PaniniKeypad Punjabi IME, 1.47MB, v2.1.14) ― ਨੌਇਡਾ ਦੀ ਕੰਪਨੀ ਲੂਨਾ ਇਰਗੋਨੌਮਿਕਸ ਪ੍ਰਾਃ ਲਿਃ ਦੁਆਰਾ ਤਿਆਰ ਕੀਤਾ ਇਹ ਅਨੋਖੀ ਤਕਨੀਕ ਵਾਲਾ ਕੀ-ਬੋਰਡ ਹੈ। ਇਸਦਾ ਖਾਕਾ ਮਿਆਰੀ ਖਾਕੇ ਇੰਸਕ੍ਰਿਪਟ ਤੋਂ ਕਾਫ਼ੀ ਪਰੇ ਹੈ ਪਰੰਤੂ ਇਸਦੀ ਨਵੀਂ ਤਕਨੀਕ ਬਹੁਤ ਵਧੀਆ ਹੈ। ਇਸ ਕੀ-ਬੋਰਡ ਦੀ ਪਹਿਲੀ ਸਤਿਹ ‘ਤੇ ਉਹ ਸ਼ਬਦ ਆਉਂਦੇ ਹਨ ਜਿੰਨਾ ਦੀ ਵਰਤੋਂ ਸਭ ਤੋਂ ਜ਼ਿਆਦਾ ਹੁੰਦੀ ਹੈ ਅਤੇ ਜਦੋਂ ਕੋਈ ਅੱਖਰ ਦਬਾਇਆ ਜਾਂਦਾ ਹੈ ਤਾਂ ਅਗਲੀ ਸਤਹਿ ‘ਤੇ 70% ਅੰਦਾਜ਼ਾ ਉਸੇ ਅੱਖਰਾਂ ਦੇ ਆਉਣ ਦਾ ਹੁੰਦਾ ਹੈ ਜੋ ਕਿ ਪਹਿਲੇ ਅੱਖਰ ਨੂੰ ਪੂਰਾ ਕਰ ਸਕਣ। ਇਸਦਾ ਇਹ ਖਾਕਾ ਕਾਫ਼ੀ ਨਵੀਨ ਹੈ ਪਰ ਇਸਦੇ ਇਸ ਖਾਕੇ ਕਾਰਨ ਵਰਤੋਕਾਰਾਂ ਦੀ ਲਿਖਣ ਦੀ ਗਤੀ ‘ਤੇ ਵੀ ਅਸਰ ਪੈ ਸਕਦਾ ਹੈ ਅਤੇ ਉਹਨਾਂ ਦੇ ਦਿਮਾਗ਼ ਵਿੱਚ ਪੰਜਾਬੀ ਲਿਖਣ ਸਬੰਧੀ ਹੋਰ ਉਲਝਣਾਂ ਵੀ ਪੈਦਾ ਹੋ ਸਕਦੀਆਂ ਹਨ। ਇਸ ਲਈ ਇਸ ਕੀ-ਬੋਰਡ ਨੂੰ ਅੱਠਵੇਂ ਸਥਾਨ ‘ਤੇ ਰੱਖਿਆ ਗਿਆ ਹੈ।
੭. ਪੰਜਾਬੀ ਕੀ-ਬੋਰਡ (ਅੰਗਰੇਜ਼ੀ: Punjabi Keyboard, 12.05MB, v2.0) ― ਇਹ ਕੀ-ਬੋਰਡ ਕਾਫ਼ੀ ਹੱਦ ਤੱਕ ਠੀਕ ਹੈ। ਭਾਵੇਂ ਕਿ ਇਸਦਾ ਖਾਕਾ ਮਿਆਰੀ ਨਹੀਂ ਪਰ ਫ਼ਿਰ ਵੀ ਇਸ ਵਿੱਚ ਸਾਰੇ ਅੱਖਰ ਪੂਰੇ ਹਨ ਅਤੇ ਸ਼ਬਦਸੋਧ ਸਬੰਧੀ ਵੀ ਕੋਈ ਸਮੱਸਿਆ ਪੈਦਾ ਨਹੀਂ ਹੁੰਦੀ। ਇਸ ਕੀ-ਬੋਰਡ ‘ਤੇ ਮੁਹਾਰਤ ਪ੍ਰਾਪਤ ਕਰਨ ਦਾ ਕੰਮ ਤਾਂ ਸੌਖਾ ਹੈ ਪਰੰਤੂ ਪੂਰੀ ਕਾਰਜ-ਕੁਸ਼ਲਤਾ ਵਾਲਾ ਨਹੀਂ। ਇਸ ਲਈ ਇਸ ਕੀ-ਬੋਰਡ ਨੂੰ ਸੱਤਵੇਂ ਸਥਾਨ ‘ਤੇ ਰੱਖਿਆ ਗਿਆ ਹੈ।
੬. ਸਵਿਫ਼ਟਕੀ ਕੀ-ਬੋਰਡ (ਅੰਗਰੇਜ਼ੀ: Swiftkey Keyboard, 30.20MB, v6.2.1.147) ― ਮਾਈਕ੍ਰੋਸੌਫ਼ਟ ਦੁਆਰਾ ਖਰੀਦੀ ਕੰਪਨੀ ਸਵਿਫ਼ਟਕੀ ਦੁਆਰਾ ਤਿਆਰ ਕੀਤਾ ਇਹ ਕੀ-ਬੋਰਡ ਵੀ ਮਿਆਰੀ ਪੰਜਾਬੀ ਖਾਕਾ ਤਿਆਰ ਕਰਨ ‘ਚ ਅਸਫਲ ਹੀ ਰਹੀ ਹੈ। ਇਸ ਵਿੱਚ ਮਿਸ਼ਰਿਤ ਖਾਕਾ ਅਪਣਾਇਆ ਗਿਆ ਹੈ। ਉਂਝ ਇਸ ਕੀ-ਬੋਰਡ ਵਿੱਚ ਸ਼ਬਦਕੋਸ਼ ਦੀ ਸਹੂਲਤ ਕਾਫ਼ੀ ਵਧੀਆ ਹੈ।
ਇਹ ਵੀ ਦੇਖੋ: ਪੰਜਾਬੀ ਵੈੱਬਸਾਈਟਾਂ ਦੀ ਸੂਚੀ ਦੇਖੋ
੫. ਪੰਜਾਬੀ ਸਟੈਟਿਕ ਕੀ-ਬੋਰਡ (ਅੰਗਰੇਜ਼ੀ: Punjabi Static Keypad IME, 3.15MB, v1.4) ― ਇਹ ਕੀ-ਬੋਰਡ ਵੀ ਲੂਨਾ ਇਰਗੋਨੌਮਿਕਸ ਦੁਆਰਾ ਹੀ ਤਿਆਰ ਕੀਤਾ ਗਿਆ ਹੈ। ਖਾਕੇ ਪੱਖੋਂ ਇਹ ਪੂਰਾ ਮਿਆਰੀ ਇੰਸਕ੍ਰਿਪਟ ਖਾਕੇ ਵਾਲਾ ਹੈ। ਪਰੰਤੂ ਇਸਦੀ ਕਾਰਗੁਜ਼ਾਰੀ ਬਿਲਕੁਲ ਫਾਡੀ ਹੈ ਤੇ ਇਸਦੇ ਹੇਠਾਂ ਦਿਖਾਈ ਦੇਣ ਵਾਲੇ ਇਸ਼ਤਿਹਾਰ ਇਸਦੀ ਦਿੱਖ ਨੂੰ ਹੋਰ ਭੱਦਾ ਬਣਾਉਂਦੇ ਹਨ।
੪. ਗੂਗਲ ਇੰਡੀਕ ਕੀ-ਬੋਰਡ (ਅੰਗਰੇਜ਼ੀ: Google Indic Keyboard, 48.33MB, v3.1.1.112921620-armeabi-v7a) ― ਗੂਗਲ ਦੁਆਰਾ ਤਿਆਰ ਕੀਤਾ ਇਹ ਭਾਰਤੀ ਭਾਸ਼ਾਈ ਕੀ-ਬੋਰਡ ਪੰਜਾਬੀ ਲਿਖਣ ਲਈ ਬਹੁਤ ਵਧੀਆ ਹੈ। ਇਸਦੇ ਵਿੱਚ ਦੋ ਖਾਕੇ ਹਨ- ਮਿਸ਼ਰਿਤ ਅਤੇ ਲਿਪਾਂਤਰਨ। ਇਸਦਾ ਲਿਪਾਂਤਰਨ ਖਾਕਾ ਕਾਫ਼ੀ ਉੱਨਤ ਕਿਸਮ ਦਾ ਅਤੇ ਪੰਜਾਬੀ ਦਾ ਸਰਵੋਤਮ ਲਿਪਾਂਤਰਨ ਖਾਕਾ ਹੈ। ਸ਼ੁਰੂ-ਸ਼ੁਰੂ ਵਿੱਚ ਨਵੇਂ ਵਰਤੋਕਾਰਾਂ ਲਈ ਇਹ ਕੀ-ਬੋਰਡ ਕਾਫ਼ੀ ਹਦ ਤੱਕ ਠੀਕ ਰਹਿੰਦਾ ਹੈ ਪਰ ਜਿਵੇਂ-ਜਿਵੇਂ ਵਰਤੋਕਾਰਾਂ ਦੀ ਲਿਖਣ ਦੀ ਗਤੀ ਤੇਜ਼ ਹੁੰਦੀ ਜਾਂਦੀ ਹੈ ਤਾਂ ਸ਼ਬਦਸੋਧ ਦੀ ਸਮੱਸਿਆ ਆਉਣ ਲੱਗ ਜਾਂਦੀ ਹੈ। ਇਸ ਲਈ ਇਸਨੂੰ ਚੌਥੇ ਸਥਾਨ ‘ਤੇ ਰੱਖਿਆ ਗਿਆ ਹੈ।
੩. ਸਵਾਲੇਖ (ਅੰਗਰੇਜ਼ੀ: Swalekh, 4.33MB, v2.4) ― ਰਿਵਰੀ ਦੁਆਰਾ ਤਿਆਰ ਕੀਤਾ ਇਹ ਭਾਰਤੀ ਭਾਸ਼ਾਈ ਕੀ-ਬੋਰਡ ਪੰਜਾਬੀ ਵਿੱਚ ਲਿਖਣ ਲਈ ਮਿਆਰੀ ਖਾਕੇ ਦੇ ਕਾਫ਼ੀ ਨੇੜੇ ਹੈ ਪਰੰਤੂ ਪਰੰਤੂ ਪੂਰਾ ਮਿਆਰੀ ਨਹੀਂ ਹੈ। ਇਸ ਵਿੱਚ ਸ਼ਬਦਸੋਧ ਦੀ ਵੀ ਕੋਈ ਸਮੱਸਿਆ ਪੈਦਾ ਨਹੀਂ ਹੁੰਦੀ। ਇਸ ਤਰ੍ਹਾਂ ਇਹ ਕਾਫ਼ੀ ਹੱਦ ਤੱਕ ਸਫ਼ਲ ਪੰਜਾਬੀ ਕੀ-ਬੋਰਡ ਹੈ ਤੇ ਇਸਨੇ ਸਾਡੀ ਦਰਜਾਬੰਦੀ ਵਿੱਚ ਤੀਜਾ ਸਥਾਨ ਹਾਸਿਲ ਕੀਤਾ ਹੈ।
੨. ਹਾਈਟੈਪ ਇੰਡੀਕ ਕੀ-ਬੋਰਡ (ਅੰਗਰੇਜ਼ੀ: Hitap Indic Keyboard, 10.93MB, v1.8.7) ― ਫ਼ਨੀਟੈਪ ਟੈਕ ਦੁਆਰਾ ਤਿਆਰ ਕਤੇ ਇਸ ਕੀ-ਬੋਰਡ ਦੀ ਕਾਰਗੁਜ਼ਾਰੀ ਸਭ ਤੋਂ ਬਿਹਤਰ ਹੈ। ਇਸਦਾ ਖਾਕਾ ਇੰਸਕ੍ਰਿਪਟ ਵਾਲਾ ਹੈ ਤੇ ਇਹ ੯੮% ਮਿਆਰੀ ਹੈ। ਪਰ ਇਸ ਵਿੱਚ ਡੰਡੀ ਨੂੰ ਢੁਕਵੀਂ ਜਗ੍ਹਾ ‘ਤੇ ਨਹੀਂ ਰੱਖਿਆ ਗਿਆ। ਇਸ ਤੋਂ ਇਲਾਵਾ ਸਪੇਸਬਾਰ (ਖਾਲੀ ਥਾਂ) ਕੁੰਜੀ ‘ਤੇ ਭਾਸ਼ਾ ਬਦਲਣ ਦੀ ਸਹੂਲਤ ਦੀ ਘਟੀਆ ਸੰਵੇਦਨਸ਼ੀਲਤਾ ਇਸਦੀ ਵਰਤੋਂ ਨੂੰ ਖਿਝਾਉਣ ਵਾਲਾ ਬਣਾ ਦਿੰਦੀ ਹੈ ਪਰ ਜੇਕਰ ਇਸ ਵਿੱਚ ਇੱਕ ਭਾਸ਼ਾ ਹੀ ਲਾਗੂ ਕੀਤੀ ਜਾਵੇ ਤਾਂ ਇਸਦੀ ਕਾਰਗੁਜ਼ਾਰੀ ਕਾਫ਼ੀ ਬਿਹਤਰੀਨ ਰਹਿੰਦੀ ਹੈ। ਇਸ ਲਈ ਇਸਨੇ ਸਾਡੀ ਦਰਜਾਬੰਦੀ ਵਿੱਚ ਦੂਜੇ ਸਥਾਨ ‘ਤੇ ਰੱਖਿਆ ਗਿਆ ਹੈ।
ਇਹ ਵੀ ਦੇਖੋ: ਬਿਨ੍ਹਾਂ ਆਈਕਨ ਤੋਂ ਫੋਲਡਰ ਬਣਾਉਣਾ ਸਿੱਖੋ
੧. ਕੋਈ ਵੀ ਨਹੀਂ ― ਇਸ ਤਰ੍ਹਾਂ ਪੰਜਾਬੀ ਸੋਰਸ ਦੁਆਰਾ ਕੀਤੀ ਇਸ ਦਰਜਾਬੰਦੀ ਵਿੱਚ ਕੋਈ ਵੀ ਸਰਵੋਤਮ ਕੀ-ਬੋਰਡ ਨਹੀਂ ਮਿਲਿਆ। ਬਿਹਤਰੀਨ ਮਿਆਰੀ ਕੀ-ਬੋਰਡ ਸਬੰਧੀ ਪੰਜਾਬੀ ਸੋਰਸ ਦੇ ਇਸ ਸਰਵੇਖਣ ਵਿੱਚ ਮਿੱਥੇ ਮਾਣਕਾਂ ਦੀਆਂ ਸ਼ਰਤਾਂ ਨੂੰ ਕੋਈ ਵੀ ਕੀ-ਬੋਰਡ ਪੂਰਾ ਨਹੀਂ ਕਰ ਸਕਿਆ।
ਇਸ ਤਰ੍ਹਾਂ ਨਤੀਜਾ ਇਹੀ ਨਿਕਲਦਾ ਹੈ ਕਿ 17 ਵਿੱਚੋਂ ਪੂਰੇ ਅੱਖਰਾਂ ਵਾਲੇ ਕੇਵਲ 8 ਹੀ ਕੀ-ਬੋਰਡ ਹਨ ਪਰ ਇਹ ਸਾਰੇ ਕੀ-ਬੋਰਡ ਵੀ ਕੰਮ ਚਲਾਉ ਹੀ ਹਨ। ਇਸ ਤਰ੍ਹਾਂ ਮੇਰਾ ਤਾਂ ਸਭ ਪੰਜਾਬੀ ਵਰਤੋਕਾਰਾਂ ਨੂੰ ਇਹੀ ਸੁਝਾਅ ਹੈ ਕਿ ਜਦੋਂ ਤੱਕ ਕੋਈ ਬਿਹਤਰ ਮਿਆਰੀ ਕੀ-ਬੋਰਡ ਨਹੀਂ ਆਉਂਦਾ ਤਾਂ ਗੂਗਲ ਇੰਡੀਕ, ਸਵਾਲੇਖ ਜਾਂ ਹਾਈਟੈਪ ਕੀਬੋਰਡ ਹੀ ਵਰਤਣ ਕਿਉਂਕਿ ਹਾਲੇ ਪੰਜਾਬੀ ਵਿੱਚ ਲਿਖਣ ਲਈ ਇਹ ਹੀ ਪਹਿਲੇ ਤਿੰਨ ਸਥਾਨਾਂ ‘ਤੇ ਆਉਣ ਵਾਲੇ ਕੀ-ਬੋਰਡ ਹਨ। ਬਾਕੀ ਮੈਂ ਪੰਜਾਬੀ ਸੋਰਸ ਦੀਆਂ ਅਗਲੀਆਂ ਸੰਪਾਦਨਾਂ ਵਿੱਚ ਇਹ ਜ਼ਿਕਰ ਜ਼ਰੂਰ ਕਰਾਂਗਾ ਕਿ ਪੰਜਾਬੀ ਦਾ ਮਿਆਰੀ ਕੀ-ਬੋਰਡ ਕਿਹੋ ਜਿਹਾ ਹੋਵੇ।
ਵਰਤੀ ਗਈ ਸ਼ਬਦਾਵਲੀ:
- ਸ਼ਬਦਸੋਧ – Rendering (ਰੈਨਡ੍ਰਿੰਗ)
- ਖਾਕਾ – Layout (ਲੇਆਉਟ)
- ਵਰਤੋਂਕਾਰ – User (ਯੂਜ਼ਰ)
- ਸੰਪਾਦਨਾਂ – Posts
- ਜਾਲ-ਖੋਜਕ – Web Browser
- ਆਦੇਸ਼ਕਾਰੀਆਂ – Apps
ਹੋਰ ਸ਼ਬਦਾਵਲੀ ਪੜ੍ਹਨ ਲਈ ਇੱਥੇ ਨੱਪੋ।
ਨੋਟ-
- ਇਸ ਪ੍ਰੀਖਣ ਵਿੱਚ ਕੇਵਲ ਗੂਗਲ ਪਲੇਅ ਸਟੋਰ ਵਿੱਚ ਉਪਲਬਧ ਪੰਜਾਬੀ ਲਿਖਣ ਸਮਰੱਥ ਕੀ-ਬੋਰਡ ਹੀ ਸ਼ਾਮਿਲ ਕੀਤੇ ਗਏ ਹਨ।
- ਕੇਵਲ ਸੈਮਸੰਗ ਵੱਲੋਂ ਹੀ ਭਾਰਤ ਵਿੱਚ ਆਪਣੇ ਫ਼ੋਨਾਂ ਵਿੱਚ ਆਪਣਾ ਬਣਾਇਆ ਪੰਜਾਬੀ ਕੀ-ਬੋਰਡ ਸ਼ਾਮਿਲ ਹੁੰਦਾ ਹੈ। ਇਸਦਾ ਖਾਕਾ ਵੀ ਮਿਸ਼ਰਿਤ ਹੀ ਹੁੰਦਾ ਹੈ।