ਐਂਡਰੋਇਡ ਫ਼ੋਨਾਂ ਵਿੱਚ ਮਿਲਣ ਵਾਲੀ .nomedia ਫਾਈਲ ਬਾਰੇ ਜਾਣੋ

ਪਿਆਰੇ ਸਾਥੀਓ, ਸਤਿ ਸ਼੍ਰੀ ਅਕਾਲ।
ਅੱਜ ਮੈਂ ਤੁਹਾਨੂੰ ਐਂਡਰੋਇਡ ਫ਼ੋਨਾਂ ਵਿੱਚ ਆਮ ਤੌਰ ‘ਤੇ ਮਿਲਣ ਵਾਲੀ .nomedia ਫਾਈਲ ਬਾਰੇ ਦੱਸਣ ਜਾ ਰਿਹਾ ਹਾਂ। ਇਹ ਇੱਕ ਤੰਤਰੀ (ਸਿਸਟਮ) ਫਾਈਲ ਹੈ। ਇਹ ਜ਼ਿਆਦਾਤਰ ਫ਼ੋਨ ਵਿੱਚ ਸਥਾਪਿਤ ਕੀਤੀਆਂ ਐਪਾਂ ਵਾਲੇ ਫੋਲਡਰਾਂ ਵਿੱਚ ਮਿਲਦੀ ਹੈ। ਉਂਝ ਇਸਦਾ ਆਕਾਰ ਤਾਂ 0.00B (੦ ਬਾਈਟ) ਹੁੰਦਾ ਹੈ ਪਰ ਆਪਣੇ ਕੰਮ ਕਾਰਨ ਇਹ ਫਾਈਲ ਕਾਫੀ ਮਹੱਤਵਪੂਰਨ ਹੈ। ਫਾਈਲ ਦੇ ਨਾਂ ਦੇ ਅਗੇਤਰ ਪੈਰੀਂ-ਬਿੰਦੀ (.) ਲੱਗੇ ਹੋਣ ਕਾਰਨ ਮੂਲ ਰੂਪ ਵਿੱਚ ਇਹ ਫਾਈਲ ਲੁਕੀ ਹੀ ਰਹਿੰਦੀ ਹੈ।

ਇਹ ਵੀ ਦੇਖੋ: ਆਨਲਾਈਨ ਪੰਜਾਬੀ ਦੀ ਵਰਤੋਂ ਸਬੰਧੀ ਕੁਝ ਨਿਯਮਾਂ ਦਾ ਨਿਰਮਾਣ

ਜਿਵੇਂ ਕਿ ਇਸਦੇ ਨਾਂ ਨੂੰ ਦੇਖਕੇ ਸਹਿਜੇ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫਾਈਲ (.nomedia) ਕਿਸੇ ਵੀ ਮੀਡੀਆ ਨੂੰ ਪੇਸ਼ਗੀ ਦੀ ਇਜਾਜ਼ਤ ਨਹੀਂ ਦਿੰਦੀ। ਸੋ ਇਸ ਫਾਈਲ ਦਾ ਮੁੱਖ ਕੰਮ ਤੰਤਰ ਲਈ ਲੋੜੀਂਦੀਆਂ ਤਸਵੀਰੀ ਫਾਈਲਾਂ ਨੂੰ ਸਬੰਧਿਤ ਐਪਾਂ ਦੀ ਪਹੁੰਚ ਤੋਂ ਦੂਰ ਰੱਖਣਾ ਹੈ। ਸਾਧਾਰਨ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਜਦੋਂ ਵੀ ਆਪਾਂ ਕੋਈ ਐਪ ਫ਼ੋਨ ‘ਚ ਸਥਾਪਿਤ ਕਰਦੇ ਹਾਂ ਤਾਂ ਉਸ ਐਪ ਨਾਲ ਸਬੰਧਿਤ ਫੋਲਡਰ ਵਿੱਚ ਕਈ ਤਸਵੀਰੀ ਫਾਈਲਾਂ ਬਣ ਜਾਂਦੀਆਂ ਹਨ ਜੋ ਕਿ ਉਸ ਐਪ ਲਈ ਜ਼ਰੂਰੀ ਹਨ। ਦੂਜੇ ਪਾਸੇ ਗੈਲਰੀ ਐਪ ਫਾਈਲਾਂ ਸਕੈਨ ਕਰਨ ਦੌਰਾਨ ਇਹਨਾਂ ਨੂੰ ਵੀ ਉਸ ਵਿੱਚ ਸ਼ਾਮਿਲ ਕਰ ਸਕਦੀ ਹਨ। ਪਰ ਇਹ ਫਾਈਲਾਂ ਤਾਂ ਕੇਵਲ ਐਪਾਂ ਲਈ ਹੀ ਹੁੰਦੀਆਂ ਹਨ ਵਰਤੋਂਕਾਰਾਂ ਲਈ ਨਹੀਂ। ਅਜਿਹੀ ਹਾਲਤ ਵਿੱਚ ਤੰਤਰ ਵੱਲੋਂ ਐਪਾਂ ਨਾਲ ਸਬੰਧਿਤ ਸਾਰੇ ਫੋਲਡਰਾਂ ਵਿੱਚ ਨੋ-ਮੀਡੀਆ ਫਾਈਲ ਆਪਣੇ-ਆਪ ਹੀ ਬਣਾ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਇਹ ਫਾਈਲਾਂ ਗੈਲਰੀ ਵਿੱਚ ਨਹੀਂ ਆਉਂਦੀਆਂ।

ਵਰਤੋਂਕਾਰਾਂ ਲਈ ਇਸ ਫਾਈਲ ਸਬੰਧੀ ਕੁਝ ਨੁਸਖ਼ੇ:

ਮੰਨ ਲਵੋ ਕਿ ਤੁਹਾਡੇ ਫ਼ੋਨ ਵਿੱਚ ਕੁਝ ਅਜਿਹੀਆਂ ਤਸਵੀਰਾਂ ਹਨ ਜੋ ਕਿ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੁੰਦੇ ਹੋ ਪਰ ਤੁਸੀਂ ਉਨ੍ਹਾਂ ਨੂੰ ਲੁਕਾਉਣ ਲਈ ਐਪਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਦੇ ਹੋ ਕਿਉਂਕਿ ਤੁਹਾਡਾ ਸੋਚਣਾ ਹੈ ਕਿ ਜੇਕਰ ਤੁਸੀਂ ਅਜਿਹੀ ਕੋਈ ਐਪ ਸਥਾਪਿਤ ਕਰਦੇ ਹੋ ਤਾਂ ਸਭ ਸਹਿਜੇ ਹੀ ਸਮਝ ਜਾਣਗੇ ਕਿ ਤੁਸੀਂ ਕੁਝ ਲੁਕਾਈ ਜਾ ਰਹੇ ਹੋ। ਸੋ ਇਸ ਤਰ੍ਹਾਂ ਦੀ ਸਥਿਤੀ ਤੋਂ ਬਚਣ ਲਈ .nomedia ਫਾਈਲ ਦੀ ਵਰਤੋਂ ਕੀਤੀ ਜਾ ਸਕਦੀ ਹੈ।

੧. ਸਭ ਤੋਂ ਪਹਿਲਾਂ ਇੱਕ ਨਵਾਂ ਫੋਲਡਰ ਬਣਾ ਕੇ ਉਹ ਸਾਰੀਆਂ ਤਸਵੀਰਾਂ, ਜੋ ਕਿ ਤੁਸੀਂ ਲੋਕਾਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੁੰਦੇ ਹੋ, ਇਸ ਫੋਲਡਰ ਵਿੱਚ ਰੱਖ ਦੇਵੋ।

੨. ਫਿਰ .nomedia ਨਾਂ ਦੀ ਨਵੀਂ ਫਾਈਲ ਉਸ ਫੋਲਡਰ ਵਿੱਚ ਬਣਾ ਕੇ ਰੱਖ ਦੇਵੋ।

ਇਸ ਤਰ੍ਹਾਂ ਕਰਕੇ ਤੁਸੀਂ ਆਪਣੀਆਂ ਜ਼ਰੂਰੀ ਤਸਵੀਰਾਂ ਨੂੰ ਲੋਕਾਂ ਦੀ ਪਹੁੰਚ ਤੋਂ ਦੂਰ ਰੱਖ ਸਕੋਗੇ।

ਜ਼ਰੂਰੀ ਸੂਚਨਾ-

  • ਜ਼ਿਆਦਾਤਰ ਮੂਲ ਫਾਈਲ ਪ੍ਰਬੰਧਕ (file manager) ਐਪਾਂ ਵਿੱਚ ਨਵੀਂ ਫਾਈਲ ਬਣਾਉਣ ਦੀ ਸਹੂਲਤ ਨਹੀਂ ਹੁੰਦੀ ਇਸ ਲਈ ਤੁਸੀਂ ਕੰਪਿਊਟਰ ਵਿੱਚ ਫਾਈਲ ਬਣਾ ਕੇ ਉਸ ਫੋਲਡਰ ਵਿੱਚ ਰੱਖ ਸਕਦੇ ਹੋ।
  • ਉਂਝ ਸਾਡੇ ਦੁਆਰਾ ਸਭ ਨੂੰ ਈ.ਐਸ ਫਾਈਲ ਮੈਨੇਜਰ  (ES File manager) ਵਰਤਣ ਦੀ ਸਲਾਹ ਹੀ ਦਿੱਤੀ ਜਾਂਦੀ ਹੈ। ਇਹ ਫਾਈਲ ਪ੍ਰਬੰਧਕ ਕਈ ਤਰ੍ਹਾਂ ਦੀਆਂ ਖਾਸ ਸਹੂਲਤਾਂ ਨਾਲ ਲੈਸ ਹੈ ਜੋ ਕਿ ਆਮ ਫਾਈਲ ਪ੍ਰਬੰਧਕ ਐਪਾਂ ਵਿੱਚ ਨਹੀਂ ਹੁੰਦੀਆਂ।